ਲਾਇਸੈਂਸ ਰੀਨਿਊ ਨਾ ਕਰਵਾਉਣ ’ਤੇ 271 ਟਰੈਵਲ ਏਜੰਟਾਂ ਨੂੰ ਨੋਟਿਸ
ਪੱਤਰ ਪ੍ਰੇਰਕ
ਜਲੰਧਰ, 23 ਫਰਵਰੀ
ਮਨੁੱਖੀ ਤਸਕਰੀ ਰੋਕਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਜ਼ਿਲ੍ਹੇ ਦੇ 271 ਟਰੈਵਲ ਏਜੰਟਾਂ ਨੂੰ ਨੋਟਿਸ ਜਾਰੀ ਕੀਤੇ। ਇਹ ਨੋਟਿਸ ਉਨ੍ਹਾਂ ਟਰੈਵਲ ਏਜੰਟਾਂ ਨੂੰ ਜਾਰੀ ਕੀਤੇ ਗਏ, ਜਿਨ੍ਹਾਂ ਨੇ ਮਿਆਦ ਪੁੱਗਣ ਤੋਂ ਬਾਅਦ ਆਪਣੇ ਲਾਇਸੈਂਸ ਰੀਨਿਊ ਨਹੀਂ ਕਰਵਾਏ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਸਬ-ਡਿਵੀਜ਼ਨਲ ਮੈਜੀਸਟ੍ਰੇਟਾਂ ਨੂੰ ਆਪੋ-ਆਪਣੇ ਅਧਿਕਾਰ ਖੇਤਰ ’ਚ ਟਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਸਲਟੈਂਟਸ ਦੇ ਦਫ਼ਤਰਾਂ ’ਚ ਦਸਤਾਵੇਜ਼ਾਂ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਤਾਂ ਜੋ ਫ਼ਰਜ਼ੀ ਟਰੈਵਲ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਧੋਖਾਧੜੀ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ। ਡੀਸੀ ਨੇ ਜ਼ਿਲ੍ਹਾ ਪੁਲੀਸ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜਦੋਂ ਵੀ ਕਿਸੇ ਟਰੈਵਲ ਏਜੰਟ ਖ਼ਿਲਾਫ਼ ਜ਼ਿਲ੍ਹੇ ’ਚ ਕੋਈ ਪਰਚਾ ਦਰਜ ਹੁੰਦਾ ਹੈ ਤਾਂ ਉਸ ਸਬੰਧੀ ਡੀਸੀ ਦਫ਼ਤਰ ਵਿੱਚ ਤੁਰੰਤ ਸੂਚਿਤ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹਾ ਜਲੰਧਰ ਦੇ ਸਮੂਹ ਟਰੈਵਲ ਏਜੰਟਾਂ ਨੂੰ ਨਿਰਦੇਸ਼ ਦਿੱਤੇ ਕਿ ਆਪਣੇ ਦਫ਼ਤਰਾਂ ਦੇ ਰਿਕਾਰਡ ਨੂੰ ਸੰਭਾਲ ਕੇ ਰੱਖਿਆ ਜਾਵੇ।