ਪ੍ਰੀਖਿਆਵਾਂ 30 ਸਤੰਬਰ ਤੱਕ ਕਰਵਾਉਣ ਦੇ ਨਿਰਦੇਸ਼ਾਂ ’ਤੇ ਯੂਜੀਸੀ ਨੂੰ ਨੋਟਿਸ
ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਦਰਮਿਆਨ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਅੰਤਿਮ ਵਰ੍ਹੇ ਦੀਆਂ ਪ੍ਰੀਖਿਆਵਾਂ 30 ਸਤੰਬਰ ਤੱਕ ਕਰਵਾਉਣ ਦੇ ਦਿੱਤੇ ਗਏ ਨਿਰਦੇਸ਼ਾਂ ਖਿਲਾਫ਼ ਦਾਖ਼ਲ ਅਰਜ਼ੀਆਂ ’ਤੇ ਸੁਪਰੀਮ ਕੋਰਟ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੂੰ ਜਵਾਬ ਦੇਣ ਲਈ ਕਿਹਾ ਹੈ। ਪਟੀਸ਼ਨਾਂ ’ਚ ਬਿਹਾਰ ਅਤੇ ਅਸਾਮ ’ਚ ਆਏ ਹੜ੍ਹਾਂ ਸਮੇਤ ਹੋਰ ਕਈ ਮੁੱਦਿਆਂ ਨੂੰ ਉਠਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕਈ ਸੂਬਿਆਂ ਦੀਆਂ ਯੂਨੀਵਰਸਿਟੀਆਂ ਨੇ ਪਹਿਲਾਂ ਹੀ ਕੋਵਿਡ-19 ਮਹਾਮਾਰੀ ਕਾਰਨ ਅੰਤਿਮ ਵਰ੍ਹੇ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਜਸਟਿਸ ਅਸ਼ੋਕ ਭੂਸ਼ਨ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਯੂਜੀਸੀ ਅਤੇ ਕੇਂਦਰ ਪਟੀਸ਼ਨਾਂ ਦਾ ਜਵਾਬ ਦਾਖ਼ਲ ਕਰਨ ਅਤੇ ਮਾਮਲੇ ਦੀ ਸੁਣਵਾਈ 31 ਜੁਲਾਈ ਲਈ ਅੱਗੇ ਪਾ ਦਿੱਤੀ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਯੂਜੀਸੀ ਸਿਰਫ਼ ਅੰਤਿਮ ਵਰ੍ਹੇ ਦੀਆਂ ਪ੍ਰੀਖਿਆਵਾਂ ਲਈ ਫਿਕਰਮੰਦ ਹੈ ਅਤੇ 800 ’ਚੋਂ 209 ਯੂਨੀਵਰਸਿਟੀਆਂ ਨੇ ਪ੍ਰੀਖਿਆਵਾਂ ਕਰਵਾ ਲਈਆਂ ਹਨ ਜਦਕਿ 390 ਹੋਰ ਯੂਨੀਵਰਸਿਟੀਆਂ ਪ੍ਰੀਖਿਆਵਾਂ ਕਰਾਉਣ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਨਲਾਈਨ, ਆਫ਼ਲਾਈਨ ਜਾਂ ਦੋਵੇਂ ਤਰ੍ਹਾਂ ਨਾਲ ਪ੍ਰੀਖਿਆਵਾਂ ਦੇ ਸਕਦੇ ਹਨ। -ਪੀਟੀਆਈ