ਖਾਸ ਦੁਕਾਨਾਂ ਤੋਂ ਵਰਦੀ ਖਰੀਦਣ ਲਈ ਕਹਿਣ ’ਤੇ ਦੋ ਸਕੂਲਾਂ ਨੂੰ ਨੋਟਿਸ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਅਪਰੈਲ
ਯੂਟੀ ਦੇ ਸਿੱਖਿਆ ਵਿਭਾਗ ਨੇ ਸ਼ਹਿਰ ਦੇ ਦੋ ਨਿੱਜੀ ਸਕੂਲਾਂ ਨੂੰ ਖਾਸ ਦੁਕਾਨਾਂ ਤੋਂ ਵਰਦੀਆਂ ਖਰੀਦਣ ਦੀ ਸਿਫਾਰਸ਼ ਕਰਨ ਦੇ ਦੋਸ਼ ਹੇਠ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਨੇ ਸ਼ਹਿਰ ਦੇ ਸੇਂਟ ਜੌਹਨਜ਼ ਹਾਈ ਸਕੂਲ ਸੈਕਟਰ-26 ਤੇ ਸੇਂਟ ਸਟੀਫਨਜ਼ ਸਕੂਲ ਸੈਕਟਰ-45 ਨੂੂੰ ਨੋਟਿਸ ਜਾਰੀ ਕਰ ਕੇ ਤਿੰਨ ਦਿਨ ਵਿਚ ਜਵਾਬ ਮੰਗਿਆ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਤੇ ਐਕਸ਼ਾਈਜ਼ ਵਿਭਾਗ ਦੇ ਅਧਿਕਾਰੀ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਮਾਮਲੇ ਵਿਚ ਸਕੂਲਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਸੀ ਤੇ ਹੁਣ ਇਨ੍ਹਾਂ ਸਕੂਲਾਂ ਤੋਂ ਜਵਾਬ ਮੰਗਿਆ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਇਨ੍ਹਾਂ ਸਕੂਲਾਂ ਤੋਂ ਲਿਖਤੀ ਜਵਾਬ ਮੰਗਿਆ ਗਿਆ ਹੈ। ਸ੍ਰੀ ਬਰਾੜ ਨੇ ਦੱਸਿਆ ਕਿ ਵਿਭਾਗ ਵੱਲੋਂ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਦੇ ਮੱਦੇਨਜ਼ਰ ਸਾਰੇ ਸਕੂਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇ ਕਿਸੇ ਸਕੂਲ ਖ਼ਿਲਾਫ਼ ਕਿਸੇ ਖਾਸ ਦੁਕਾਨ ਤੋਂ ਵਰਦੀ ਖਰੀਦਣ ਲਈ ਦਬਾਅ ਪਾਉਣ ਦੇ ਦੋਸ਼ ਸਹੀ ਸਾਬਤ ਹੋਏ ਤਾਂ ਉਸ ਸਕੂਲ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਯੂਟੀ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਕੋਈ ਵੀ ਸਕੂਲ ਮਾਪਿਆਂ ਨੂੰ ਕਿਸੇ ਖਾਸ ਦੁਕਾਨ ਤੋਂ ਪੁਸਤਕਾਂ ਤੇ ਵਰਦੀਆਂ ਖਰੀਦਣ ਲਈ ਦਬਾਅ ਨਹੀਂ ਪਾ ਸਕਦਾ ਜੇ ਕੋਈ ਸਕੂਲ ਅਜਿਹਾ ਕਰਦਾ ਹੈ ਤਾਂ ਉਸ ਸਕੂਲ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਨੇ ਸਟਾਫ ਨੂੰ ਹਦਾਇਤ ਦਿੱਤੀ ਹੈ ਕਿ ਉਹ ਸਕੂਲਾਂ ਦੀ ਵਰਦੀਆਂ ਵੇਚਣ ਦੇ ਮਾਮਲੇ ’ਚ ਲਗਾਤਾਰ ਜਾਂਚ ਕਰਨ।