ਵਿਧਾਇਕ ਨੂੰ ‘ਸਲਾਮ’ ਨਾ ‘ਠੋਕਣ’ ’ਤੇ ਤਿੰਨ ਅਧਿਆਪਕਾਂ ਨੂੰ ਨੋਟਿਸ
ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 23 ਅਕਤੂਬਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਫ਼ਰੀਦਕੋਟ ਜ਼ਿਲ੍ਹੇ ਦੀਆਂ ਤਿੰਨ ਅਧਿਆਪਕਾਂ ਨੂੰ ਇਸ ਗੱਲ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਕਿ ਉਨ੍ਹਾਂ ਵਿਧਾਇਕ ਦੇ ਸਕੂਲ ਦੌਰੇ ਦੌਰਾਨ ਆਪੋ-ਆਪਣੀਆਂ ਕਲਾਸਾਂ ’ਚੋਂ ਬਾਹਰ ਆ ਕੇ ਉਸ ਨੂੰ ‘ਸਲਾਮ’ ਨਹੀਂ ਠੋਕੀ ਅਤੇ ਇਸ ਤਰ੍ਹਾਂ ਸਕੂਲ ਦੀ ਚੈਕਿੰਗ ਦੌਰਾਨ ਵਿਧਾਇਕ ਦੀ ਬੇਇੱਜ਼ਤੀ ਹੋਈ ਹੈ। ਨੋਟਿਸ ਦੀ ਕਾਪੀ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ। ਜਾਰੀ ਨੋਟਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੇ ਸਰਕਾਰੀ ਐਲੀਮੈਂਟਰੀ ਸਕੂਲ ਗੌਂਦਾਰਾ ’ਚ ਤਾਇਨਾਤ ਅਧਿਆਪਕ ਪਰਮਜੀਤ ਕੌਰ, ਗੀਤਾ ਰਾਣੀ ਤੇ ਕੁਲਵਿੰਦਰ ਕੌਰ ਨੂੰ ਆਖਿਆ ਕਿ ਇਕ ਵਿਧਾਇਕ 17 ਸਤੰਬਰ ਨੂੰ ਇਸ ਸਕੂਲ ਵਿੱਚ ਚੈਕਿੰਗ ਲਈ ਆਏ ਸਨ। ਚੈਕਿੰਗ ਵੇਲੇ ਅਧਿਆਪਕ ਆਪੋ-ਆਪਣੀਆਂ ਜਮਾਤਾਂ ’ਚੋਂ ਬਾਹਰ ਨਹੀਂ ਆਏ ਤੇ ਨਾ ਹੀ ਉਨ੍ਹਾਂ ਨੇ ਵਿਧਾਇਕ ਦਾ ਸਵਾਗਤ ਕੀਤਾ। ਹਾਲਾਂਕਿ ਉਸ ਸਮੇਂ ਸਕੂਲ ਦੇ ਹੈੱਡ ਟੀਚਰ ਹਰਵਿੰਦਰ ਸਿੰਘ ਡਿਊਟੀ ਤੋਂ ਗ਼ੈਰ-ਹਾਜ਼ਰ ਸਨ। ਸਿੱਖਿਆ ਅਧਿਕਾਰੀ ਵੱਲੋਂ ਜਾਰੀ ਨੋਟਿਸ ਅਨੁਸਾਰ ਵਿਧਾਇਕ ਨੇ ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਕੋਲ ਸ਼ਿਕਾਇਤ ਦਿੱਤੀ ਹੈ, ਜਿਸ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ।