ਕਮਿਊਨਿਟੀ ਹੈਲਥ ਸੈਂਟਰ ਮਾਮਲੇ ’ਚ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਫਰਵਰੀ
ਇੱਥੋਂ ਦੇ ਕਮਿਊਨਿਟੀ ਹੈਲਥ ਸੈਂਟਰ ਫੇਜ਼-3ਬੀ1 ਨੂੰ ਸ਼ਹਿਰ ਤੋਂ ਦੂਰ-ਦੁਰਾਡੇ ਪਿੰਡ ਸੰਤੇਮਾਜਰਾ ਵਿੱਚ ਤਬਦੀਲ ਕਰਨ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਹੋਰਨਾਂ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਆਫ ਮੋਸ਼ਨ ਜਾਰੀ ਕੀਤਾ ਹੈ। ਇਹ ਕਾਰਵਾਈ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੀਤੀ ਗਈ ਹੈ। ਕੇਸ ਦੀ ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਆਪਣੇ ਵਕੀਲ ਰੰਜੀਵਨ ਸਿੰਘ ਰਾਹੀਂ ਉੱਚ ਅਦਾਲਤ ਵਿੱਚ ਕੇਸ ਦਾਇਰ ਕਰ ਕੇ ਪੰਜਾਬ ਸਰਕਾਰ ’ਤੇ ਸ਼ਹਿਰ ਵਾਸੀਆਂ ਤੋਂ ਸਿਹਤ ਸੇਵਾਵਾਂ ਦੀ ਸਹੂਲਤ ਖੋਹਣ ਦਾ ਦੋਸ਼ ਲਾਇਆ ਸੀ। ਕਮਿਊਨਿਟੀ ਹੈਲਥ ਸੈਂਟਰ ਨੂੰ ਪੰਜਾਬ ਸਰਕਾਰ ਨੇ ਹੁਣ ਲਿਵਰ ਅਤੇ ਬਾਇਲਰੀ ਇੰਸਟੀਚਿਊਟ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਨਾਲ ਆਮ ਲੋਕਾਂ ਖ਼ਾਸਕਰ ਸੀਨੀਅਰ ਸਿਟੀਜ਼ਨਾਂ ਨੂੰ ਸਿਹਤ ਸਹੂਲਤਾਂ ਸਬੰਧੀ ਕਾਫ਼ੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਫੇਜ਼-3ਬੀ1 ਨੂੰ 21 ਨਵੰਬਰ 2022 ਨੂੰ ਇੱਥੋਂ ਤਬਦੀਲ ਕਰ ਦਿੱਤਾ ਗਿਆ ਸੀ। ਉਦੋਂ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਪਹਿਲਾਂ ਸਬੰਧਿਤ ਅਧਿਕਾਰੀਆਂ ਨੂੰ ਕਈ ਪੱਤਰ ਲਿਖੇ ਅਤੇ ਰੋਸ ਮੁਜ਼ਾਹਰਾ ਵੀ ਕੀਤਾ ਪਰ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਵੱਲੋਂ ਇਨਸਾਫ਼ ਲਈ ਉੱਚ ਅਦਾਲਤ ਦਾ ਬੂਹਾ ਖੜਕਾਇਆ ਗਿਆ। ਸ੍ਰੀ ਬੇਦੀ ਨੇ ਦੱਸਿਆ ਕਿ ਇੱਥੇ ਪਿਛਲੇ 40 ਸਾਲ ਤੋਂ ਸਰਕਾਰੀ ਡਿਸਪੈਂਸਰੀ ਚੱਲ ਰਹੀ ਸੀ। ਇੱਥੇ ਫੇਜ਼-3ਬੀ1 ਸਣੇ ਫੇਜ਼-3ਬੀ2, ਫੇਜ਼-2, ਫੇਜ਼-3ਏ, ਫੇਜ਼-7 ਅਤੇ ਹੋਰ ਨੇੜਲੇ ਖੇਤਰ ਤੋਂ ਮਰੀਜ਼ ਆਉਂਦੇ ਸਨ ਅਤੇ ਇੱਥੇ ਆਯੁਰਵੈਦਿਕ ਡਿਸਪੈਂਸਰੀ ਵੀ ਸੀ।
ਡਿਪਟੀ ਮੇਅਰ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਡਿਸਪੈਂਸਰੀ ਨੂੰ ਅਪਗ੍ਰੇਡ ਕਰ ਕੇ ਹਸਪਤਾਲ ਬਣਾਇਆ ਸੀ, ਇੱਥੇ ਅਪਰੇਸ਼ਨ ਥੀਏਟਰ ਅਤੇ ਪ੍ਰਾਈਵੇਟ ਕਮਰਿਆਂ ਤੋਂ ਇਲਾਵਾ ਹੋਰ ਵਾਰਡ ਬਣਾਏ ਗਏ ਸਨ। ਇੱਥੇ ਐਕਸ-ਰੇਅ ਅਤੇ ਜਾਂਚ ਲੈਬਾਰਟਰੀਆਂ ਵੀ ਬਣਨੀਆਂ ਸਨ। ਇਨ੍ਹਾਂ ਖੇਤਰਾਂ ਦੇ ਵਸਨੀਕਾਂ ਨੂੰ ਹੁਣ ਇਲਾਜ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਜਾਣਾ ਪੈਂਦਾ ਹੈ, ਜਿੱਥੇ ਪਹਿਲਾਂ ਹੀ ਬਹੁਤ ਜ਼ਿਆਦਾ ਮਰੀਜ਼ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਲਿਵਰ ਅਤੇ ਬਾਇਲਰੀ ਇੰਸਟੀਚਿਊਟ ਦੇ ਵਿਰੋਧੀ ਨਹੀਂ ਹਨ ਪਰ ਅਜਿਹੇ ਕੇਂਦਰ ਲਈ ਘੱਟੋ-ਘੱਟ 40-50 ਏਕੜ ਥਾਂ ਚਾਹੀਦੀ ਹੈ। ਅਜਿਹਾ ਕੇਂਦਰ, ਮੈਡੀਕਲ ਕਾਲਜ ਅਤੇ ਹਸਪਤਾਲ ਨਾਲ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਮਿਊਨਿਟੀ ਹੈਲਥ ਸੈਂਟਰ ਨੂੰ ਫੇਜ਼-3ਬੀ1 ਵਿੱਚ ਹੀ ਦੁਬਾਰਾ ਤਬਦੀਲ ਕੀਤਾ ਜਾਵੇ।