ਮੋਗਾ ਵਿੱਚ ਐੱਸਡੀਐੱਮ, ਬੀਡੀਪੀਓ, ਥਾਣਾ ਮੁਖੀਆਂ ਤੇ ਨੋਡਲ ਅਫ਼ਸਰਾਂ ਨੂੰ ਨੋਟਿਸ
ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਨਵੰਬਰ
ਇਥੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ’ਚ ਨਾਕਾਮ ਰਹਿਣ ਉੱਤੇ ਐੱਸਡੀਐੱਮਜ਼, ਬੀਡੀਪੀਓ, ਥਾਣਾ ਮੁਖੀਆਂ ਅਤੇ ਨੋਡਲ ਅਫ਼ਸਰਾਂ ਨੂੰ ਜਵਾਬ ਤਲਬੀ ਨੋਟਿਸ ਜਾਰੀ ਕੀਤੇ ਹਨ। ਇੱਕ ਨੋਡਲ ਅਫ਼ਸਰ ਖ਼ਿਲਾਫ਼ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਇੰਨ ਨੈਸ਼ਨਲ ਕੈਪੀਟਲ ਐਂਡ ਐਡਜੁਆਇੰਨਿੰਗ ਏਰੀਆਜ਼ ਐਕਟ ਤਹਿਤ ਮਾਮਲਾ ਦਾਇਰ ਕੀਤਾ ਗਿਆ ਹੈ। ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਸਰਕਾਰ ਅਤੇ ਕਿਸਾਨਾਂ ਦੇ ਆਹਮੋ-ਸਾਹਮਣੇ ਹੋਣ ਦੇ ਆਸਾਰ ਹਨ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਨੋਡਲ ਅਫ਼ਸਰ ਪਰਗਟਜੀਤ ਸਿੰਘ ਪਿੰਡ ਕਿਸ਼ਨਪੁਰਾ ਕਲਾਂ ਖ਼ਿਲਾਫ਼ ਨੋਟਿਸ ਤੋਂ ਇਲਾਵਾ ਸਿਵਲ ਅਦਾਲਤ ਵਿੱਚ ਮਾਮਲਾ ਦਾਇਰ ਕੀਤਾ ਦਿੱਤਾ ਗਿਆ ਹੈ। ਇਹ ਅਫਸਰ ਪੇਸ਼ੇ ਵਜੋਂ ਅਧਿਆਪਕ ਹੈ ਅਤੇ ਉਸ ’ਤੇ ਆਪਣੀ ਡਿਊਟੀ ਕੁਤਾਹੀ ਵਰਤਣ ਦੇ ਦੋਸ਼ ਹਨ। ਜਾਣਕਾਰੀ ਅਨੁਸਾਰ ਦੋਸ਼ੀ ਪਏ ਜਾਣ ਉੱਤੇ ਅਧਿਕਾਰੀ ਨੂੰ ਇੱਕ ਕਰੋੜ ਰੁਪਏ ਜੁਰਮਾਨਾ ਅਤੇ 5 ਸਾਲ ਕੈਦ ਜਾਂ ਫਿਰ ਦੋਵੇਂ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਨ੍ਹਾਂ ’ਚ ਐੱਸਡੀਐੱਮ ਮੋਗਾ ਅਤੇ ਬਾਘਾਪੁਰਾਣਾ, ਬੀਡੀਪੀਓ ਨਿਹਾਲ ਸਿੰਘ ਵਾਲਾ, ਥਾਣਾ ਬਾਘਾਪੁਰਾਣਾ ਤੇ ਥਾਣਾ ਧਰਮਕੋਟ ਮੁਖੀਆਂ ਸਮੇਤ ਕਲੱਸਟਰ ਅਫਸਰ ਸੁਖਵਿੰਦਰ ਸਿੰਘ, ਮਨਮੋਹਨ ਸਿੰਘ, ਨੋਡਲ ਅਫ਼ਸਰ ਪ੍ਰਭਦੀਪ ਸਿੰਘ, ਰਾਕੇਸ਼ ਕੁਮਾਰ ਪਿੰਡ ਉਮਰਪੁਰਾ, ਨੋਡਲ ਅਫ਼ਸਰ ਰਾਕੇਸ਼ ਕੁਮਾਰ ਪਿੰਡ ਕਿਸ਼ਨਪੁਰਾ, ਨੋਡਲ ਅਫ਼ਸਰ ਸੰਜੀਵਨ ਕੁਮਾਰ ਪਿੰਡ ਗਿੱਲ, ਬਲਵਿੰਦਰ ਸਿੰਘ, ਦਵਿੰਦਰ ਸਿੰਘ ਤਹਿਸੀਲ ਨਿਹਾਲ ਸਿੰਘ ਵਾਲਾ, ਨੋਡਲ ਅਫ਼ਸਰ ਤਹਿਸੀਲ ਮੋਗਾ ਜਗਸੀਰ ਸਿੰਘ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਖੇਤਾਂ ’ਚ ਅੱਗ ਬੁਝਾਉਣ ਲਈ ਸਮੇਂ-ਸਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਰਿਮੋਰਟ ਸੈਂਸਿੰਗ ਸੈਂਟਰ ਲੁਧਿਆਣਾ ਵੱਲੋਂ ਜ਼ਿਲ੍ਹੇ ਵਿੱਚ ਹੁਣ ਤੱਕ 105 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚੋਂ 87 ਕੇਸ ਅੱਗ ਲੱਗਣ ਅਤੇ 18 ਕੇਸ ਅੱਗ ਲੱਗਣ ਦੇ ਨਹੀਂ ਪਾਏ ਗਏ ਹਨ। 61 ਕਿਸਾਨਾਂ ਖਿਲਾਫ਼ ਐਫਆਈਆਰ ਦਰਜ ਅਤੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਸਬੰਧਤ ਕਿਸਾਨਾਂ ਨੂੰ ਲੱਖ 72 ਹਜ਼ਾਰ 500 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ।
ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਦਾ ਆਖਣਾ ਹੈ ਕਿ ਪਰਾਲੀ ਦੇ ਪ੍ਰਦੂਸ਼ਣ ਤੋਂ ਨਿਜਾਤ ਪਾਉਣ ਲਈ ਹੋਰਨਾਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨਾ ਪਵੇਗਾ।
ਫ਼ਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਥਾਣਾ ਫਤਿਹਗੜ੍ਹ ਪੰਜਤੂਰ ਦੇ ਘੇਰੇ ਹੇਠ ਆਉਂਦੇ ਪਿੰਡ ਮੇਲਕ ਅਕਾਲੀਆਂ ’ਚ ਇੱਕ ਏਕੜ ਰਕਬੇ ’ਚ ਪਰਾਲੀ ਸਾੜਨ ਦੇ ਮਾਮਲੇ ਵਿੱਚ ਪੁਲੀਸ ਨੇ ਨਾਮਾਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲਾ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਸਾਨਾਂ ਵਿਰੁੱਧ ਪੁਲੀਸ ਕਾਰਵਾਈ ਦੀ ਨਿਖੇਧੀ ਕੀਤੀ ਹੈ।
ਡੀਸੀ ਅਤੇ ਐੱਸਐੱਸਪੀ ਨੇ ਪਰਾਲੀ ਨੂੰ ਲਾਈ ਅੱਗ ਬੁਝਵਾਈ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਐੱਸਐੱਸਪੀ ਡਾ. ਭਾਗੀਰਥ ਸਿੰਘ ਮੀਨਾ ਵੱਲੋਂ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਲਗਾਤਾਰ ਪਿੰਡਾਂ ਵਿਚ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਖੇਤਾਂ ਵਿੱਚ ਲੱਗੀ ਅੱਗ ਨੂੰ ਆਪਣੀ ਮੌਜੂਦਗੀ ਵਿੱਚ ਫਾਇਰ ਬ੍ਰਿਗੇਡ, ਸਿਵਲ ਤੇ ਪੁਲੀਸ ਵਿਭਾਗ ਦੀਆਂ ਟੀਮਾਂ ਦੇ ਸਹਿਯੋਗ ਨਾਲ ਬੁਝਵਾਇਆ ਗਿਆ। ਉਨ੍ਹਾਂ ਪਿੰਡ ਖਿਆਲਾਂ, ਅਤਲਾ ਕਲਾਂ, ਅਲੀਸ਼ੇਰ, ਮੌਜੋ, ਮੱਤੀ, ਕਿਸ਼ਨਗੜ੍ਹ ਫਰਮਾਹੀ, ਫਫੜੇ, ਬੱਪੀਆਣਾ ਅਤੇ ਕੋਟਲੱਲੂ ਵਿੱਚ ਕਿਸਾਨਾਂ ਨਾਲ ਪਰਾਲੀ ਦੇ ਢੁੱਕਵੇਂ ਪ੍ਰਬੰਧਨ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ ਡੇਢ ਮਹੀਨੇ ਤੋਂ ਉਹ ਖੁਦ ਅਤੇ ਸਮੁੱਚਾ ਪ੍ਰਸ਼ਾਸਨ ਪਿੰਡਾਂ ਵਿੱਚ ਜਾਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰ ਰਹੇ ਹਨ ਤਾਂ ਜੋ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ।