For the best experience, open
https://m.punjabitribuneonline.com
on your mobile browser.
Advertisement

‘ਆਪ’ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਦੇ ਦੋਸ਼ ਮਾਮਲੇ ’ਚ ਕੇਜਰੀਵਾਲ ਨੂੰ ਨੋਟਿਸ

10:21 AM Feb 04, 2024 IST
‘ਆਪ’ ਵਿਧਾਇਕਾਂ ਦੀ ਖ਼ਰੀਦੋ ਫਰੋਖ਼ਤ ਦੇ ਦੋਸ਼ ਮਾਮਲੇ ’ਚ ਕੇਜਰੀਵਾਲ ਨੂੰ ਨੋਟਿਸ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਦੇਣ ਲਈ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਅੱਗੇ ਖੜ੍ਹੇ ਅਪਰਾਧ ਸ਼ਾਖਾ ਦੇ ਅਧਿਕਾਰੀ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਫਰਵਰੀ
ਕਰੀਬ ਪੰਜ ਘੰਟਿਆਂ ਦੇ ਨਾਟਕ ਮਗਰੋਂ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ‘ਆਪ’ ਦੇ ਸੱਤ ਵਿਧਾਇਕਾਂ ਦੀ ਭਾਜਪਾ ਵੱਲੋਂ ਕਥਿਤ ਖ਼ਰੀਦੋ-ਫਰੋਖ਼ਤ ਦੀ ਕੋਸ਼ਿਸ਼ ਦੇ ਦੋਸ਼ਾਂ ਦੇ ਮਾਮਲੇ ’ਚ ਨੋਟਿਸ ਜਾਰੀ ਕਰਦਿਆਂ ਤਿੰਨ ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਦਿੱਲੀ ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ,‘‘ਅਸੀਂ ਕੇਜਰੀਵਾਲ ਨੂੰ ਨੋਟਿਸ ਦੇ ਦਿੱਤਾ ਹੈ। ਉਹ ਤਿੰਨ ਦਿਨਾਂ ’ਚ ਲਿਖਤੀ ਰੂਪ ’ਚ ਜਵਾਬ ਦੇ ਸਕਦੇ ਹਨ।’’ ਅਪਰਾਧ ਸ਼ਾਖਾ ਨੇ ਕੇਜਰੀਵਾਲ ਨੂੰ ‘ਆਪ’ ਦੇ ਉਨ੍ਹਾਂ ਵਿਧਾਇਕਾਂ ਦੇ ਨਾਵਾਂ ਦਾ ਖੁਲਾਸਾ ਕਰਨ ਲਈ ਕਿਹਾ ਹੈ ਜਿਨ੍ਹਾਂ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉਨ੍ਹਾਂ ਕੋਲ ਪਹੁੰਚ ਕੀਤੀ ਸੀ। ਇਸ ਤੋਂ ਪਹਿਲਾਂ ਪੂਰਾ ਡਰਾਮਾ ਹੋਇਆ ਜਦੋਂ ਅਪਰਾਧ ਸ਼ਾਖਾ ਦੀ ਟੀਮ ਨੋਟਿਸ ਦੇਣ ਲਈ ਸਿਵਲ ਲਾਈਨਜ਼ ’ਚ ਕੇਜਰੀਵਾਲ ਦੀ ਰਿਹਾਇਸ਼ ’ਤੇ ਸ਼ਨਿਚਰਵਾਰ ਨੂੰ ਮੁੜ ਪੁੱਜੀ। ਪਿਛਲੇ ਹਫ਼ਤੇ ਕੇਜਰੀਵਾਲ ਨੇ ‘ਐਕਸ’ ’ਤੇ ਪੋਸਟ ਪਾ ਕੇ ਦੋਸ਼ ਲਾਇਆ ਸੀ ਕਿ ਭਾਜਪਾ ਨੇ ‘ਆਪ’ ਸਰਕਾਰ ਡੇਗਣ ਦੇ ਇਰਾਦੇ ਨਾਲ ਸੱਤ ਵਿਧਾਇਕਾਂ ਨੂੰ ਪਾਰਟੀ ਛੱਡਣ ਲਈ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਇਸ ਮਗਰੋਂ ਕੇਜਰੀਵਾਲ ਅਤੇ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ’ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦਿੱਲੀ ’ਚ ‘ਅਪਰੇਸ਼ਨ ਕਮਲ 2.0’ ਸ਼ੁਰੂ ਕੀਤਾ ਹੈ। ਆਤਿਸ਼ੀ ਨੇ ਕਿਹਾ ਕਿ ਭਾਜਪਾ ਨੇ ਪਿਛਲੇ ਵਰ੍ਹੇ ਵੀ ‘ਆਪ’ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਸੀ। ਦੋਸ਼ ਲਾਏ ਜਾਣ ਮਗਰੋਂ ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਦੀ ਅਗਵਾਈ ਹੇਠ ਪਾਰਟੀ ਦਾ ਇਕ ਵਫ਼ਦ 30 ਜਨਵਰੀ ਨੂੰ ਪੁਲੀਸ ਕਮਿਸ਼ਨਰ ਸੰਜੈ ਅਰੋੜਾ ਨੂੰ ਮਿਲਿਆ ਸੀ ਅਤੇ ‘ਆਪ’ ਸੁਪਰੀਮੋ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਸੀ। ਦਿੱਲੀ ਪੁਲੀਸ ਦੇ ਅਧਿਕਾਰੀਆਂ ਦੀ ਇਕ ਟੀਮ ਸ਼ੁੱਕਰਵਾਰ ਨੂੰ ਕੇਜਰੀਵਾਲ ਦੀ ਰਿਹਾਇਸ਼ ’ਤੇ ਨੋਟਿਸ ਦੇਣ ਲਈ ਪੁੱਜੀ ਸੀ ਪਰ ਸੂਤਰਾਂ ਮੁਤਾਬਕ ਉਥੇ ਮੌਜੂਦ ਵਿਅਕਤੀਆਂ ਨੇ ਇਹ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਟੀਮ ਅੱਜ ਫਿਰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੁੱਜੀ। ਪੁਲੀਸ ਸੂਤਰਾਂ ਨੇ ਕਿਹਾ ਕਿ ਨੋਟਿਸ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਮੌਜੂਦ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਏਸੀਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਗਈ ਟੀਮ ਇਸ ਗੱਲ ’ਤੇ ਅੜੀ ਰਹੀ ਕਿ ਉਹ ਨੋਟਿਸ ਸਿਰਫ਼ ਕੇਜਰੀਵਾਲ ਨੂੰ ਹੀ ਸੌਂਪਣਗੇ ਕਿਉਂਕਿ ਇਹ ਉਨ੍ਹਾਂ ਦੇ ਨਾਮ ’ਤੇ ਹੈ।

Advertisement

ਕੇਜਰੀਵਾਲ ‘ਭ੍ਰਿਸ਼ਟਾਚਾਰ ਦਾ ਬੇਤਾਜ ਬਾਦਸ਼ਾਹ’, ਜਾਂਚ ਤੋਂ ਭੱਜ ਰਿਹੈ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਹ ‘ਭ੍ਰਿਸ਼ਟਾਚਾਰ ਦਾ ਬੇਤਾਜ ਬਾਦਸ਼ਾਹ’ ਹੈ ਜੋ ਹਮੇਸ਼ਾ ਜਾਂਚ ਤੋਂ ਭੱਜਦਾ ਰਹਿੰਦਾ ਹੈ। ਭਾਜਪਾ ਦੇ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਅੱਜ ਕੇਜਰੀਵਾਲ ਨੂੰ ‘ਭਗੌੜਾ’ ਕਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੂਨਾਵਾਲਾ ਨੇ ਦੋਸ਼ ਲਾਇਆ ਕਿ ਈਡੀ ਨੇ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਸਬੰਧ ’ਚ ਪੰਜ ਸੰਮਨ ਦਿੱਤੇ ਪਰ ਉਹ ਜਾਂਚ ’ਚ ਸਹਿਯੋਗ ਕਰਨ ਲਈ ਤਿਆਰ ਨਹੀਂ ਹੈ। ਭਾਜਪਾ ਆਗੂ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਜਦੋਂ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਕੇਜਰੀਵਾਲ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਲਈ ਉਸ ਦੇ ਦਰ ’ਤੇ ਪੁੱਜੀ ਤਾਂ ਫਿਰ ਉਹ ਉਥੋਂ ਭੱਜ ਗਏ। ਉਨ੍ਹਾਂ ਕਿਹਾ,‘‘ਦਿੱਲੀ ਦੇ ਲੋਕ ‘ਭਾਗ ਕੇਜਰੀਵਾਲ ਭਾਗ’ ਆਖ ਰਹੇ ਹਨ।’’ ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਡਾ ਧੋਖੇਬਾਜ਼ ਅਤੇ ਯੂ-ਟਰਨ ਮਾਸਟਰ ਹੈ। -ਪੀਟੀਆਈ

Advertisement

Advertisement
Author Image

Advertisement