For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਨੋਟਿਸ ਜਾਰੀ

08:51 AM Dec 13, 2023 IST
ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਨੋਟਿਸ ਜਾਰੀ
ਪਿੰਡ ਭੈਣੀਬਾਘਾ ਦਾ ਕਿਸਾਨ ਮਹਿੰਦਰ ਸਿੰਘ ਨੋਟਿਸ ਦਿਖਾਉਂਦਾ ਹੋਇਆ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 12 ਦਸੰਬਰ
ਮਾਲਵਾ ਖੇਤਰ ਵਿੱਚ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਗਈ ਸੀ ਉਨ੍ਹਾਂ ਨੂੰ ਨੋਟਿਸ ਆਉਣੇ ਆਰੰਭ ਹੋ ਗਏ ਹਨ। ਇਨ੍ਹਾਂ ਨੋਟਿਸਾਂ ਨਾਲ ਇੱਕ ਵਾਰ ਕਿਸਾਨਾਂ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ ਹੈ ਹਾਲਾਂਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅਜਿਹੇ ਨੋਟਿਸਾਂ ਦਾ ਸ਼ਿਕਾਰ ਹੋਏ ਕਿਸਾਨਾਂ ਦੀ ਬਾਂਹ ਫੜਨ ਦਾ ਬਕਾਇਦਾ ਐਲਾਨ ਕੀਤਾ ਗਿਆ ਹੈ।
ਜਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਧਿਰਾਂ ਨਾਲ ਮੀਟਿੰਗ ਦੌਰਾਨ ਭਰੋਸਾ ਦਿਵਾਉਣ ਦੇ ਬਾਵਜੂਦ ਅਜਿਹੇ ਨੋਟਿਸਾਂ ਦਾ ਆਉਣਾ ਸਰਕਾਰ ਵੱਲੋਂ ਵਾਅਦਿਆਂ ਤੋਂ ਭੱਜਣਾ ਹੈ। ਕਿਸਾਨਾਂ ਨੂੰ ਇਹ ਨੋਟਿਸ ਸਬ-ਡਿਵੀਜ਼ਨ ਲੈਵਲ ਮੋਨੀਟਰਿੰਗ ਕਮੇਟੀ ਮਾਨਸਾ ਵੱਲੋਂ ਭੇਜੇ ਗਏ ਹਨ, ਜਿਸ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਲਈ ਵਾਤਾਵਰਨ ਮੁਆਵਜ਼ੇ ਸਬੰਧੀ ਚਲਾਨ ਕੱਟ ਕੇ ਭੇਜੇ ਜਾ ਰਹੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿਛਲੇ ਲਗਾਤਾਰ ਤਿੰਨ ਦਿਨਾਂ ਤੋਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਇਹ ਨੋਟਿਸ ਆਉਣੇ ਆਰੰਭ ਹੋਏ ਹਨ। ਉਨ੍ਹਾਂ ਕਿਹਾ ਕਿ ਬਿੰਦਰ ਸਿੰਘ ਪਿੰਡ ਭੈਣੀਬਾਘਾ, ਮਹਿੰਦਰ ਸਿੰਘ ਭੈਣੀਬਾਘਾ, ਮਿੱਠੂ ਸਿੰਘ ਭੈਣੀਬਾਘਾ ਅਤੇ ਨੱਛਤਰ ਸਿੰਘ ਖਿਆਲਾ ਸਮੇਤ ਕਈ ਹੋਰ ਕਿਸਾਨਾਂ ਨੂੰ ਨੋਟਿਸ ਮਿਲੇ ਹਨ ਜਦਕਿ ਨੇੜਲੇ ਹੋਰਨਾਂ ਪਿੰਡਾਂ ਵਿਚੋਂ ਵੀ ਅਜਿਹੇ ਨੋਟਿਸ ਭੇਜੇ ਜਾਣ ਦੀਆਂ ਸੂਚਨਾਵਾਂ ਜਥੇਬੰਦੀ ਤੋਂ ਹਾਸਲ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਭੈਣੀਬਾਘਾ ਵਿੱਚ ਮਹਿੰਦਰ ਸਿੰਘ ਵੱਲੋਂ 40 ਏਕੜ ਰਕਬੇ ਵਿੱਚ ਲਗਾਤਾਰ ਤਿੰਨ ਸਾਲਾਂ ਤੋਂ ਸੁਪਰਸੀਡਰ ਨਾਲ ਝੋਨੇ ਦੀ ਪਰਾਲੀ ਜ਼ਮੀਨ ’ਚ ਵਾਹਕੇ ਕਣਕ ਬੀਜੀ ਜਾਂਦੀ ਹੈ ਅਤੇ ਗੱਠਾਂ ਵੀ ਇਸ ਵਾਰ ਬਣਾਈਆਂ ਗਈਆਂ ਹਨ, ਪਰ ਇਸਦੇ ਬਾਵਜੂਦ ਉਸ ਨੂੰ ਨੋਟਿਸ ਆ ਗਿਆ ਹੈ। ਉਧਰ ਇਨ੍ਹਾਂ ਨੋਟਿਸਾਂ ਨੂੰ ਲੈਕੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਜਥੇਬੰਦੀ ਦੀ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਭੇਜੇ ਗਏ ਨੋਟਿਸਾਂ ਸਾੜਿਆ ਜਾਵੇਗਾ ਅਤੇ ਪੀੜਤ ਕਿਸਾਨਾਂ ਦੇ ਹੱਕ ਵਿੱਚ ਪ੍ਰਸ਼ਾਸਨ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜੀ ਜਾਵੇਗੀ।

Advertisement

Advertisement
Advertisement
Author Image

Advertisement