ਖੇੜਕਰ ਦੇ ਅੰਗਹੀਣਤਾ ਸਰਟੀਫਿਕੇਟ ’ਚ ਕੁੱਝ ਵੀ ਗ਼ਲਤ ਨਹੀਂ: ਹਸਪਤਾਲ
ਪੁਣੇ, 24 ਜੁਲਾਈ
ਵਿਵਾਦਤ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਡਾ. ਪੂਜਾ ਖੇੜਕਰ ਨੂੰ ਅੰਸ਼ਿਕ ਅੰਗਹੀਣਤਾ ਸਰਟੀਫਿਕੇਟ ਜਾਰੀ ਕਰਨ ਵਾਲੇ ਪੁਣੇ ਨੇੜਲੇ ਸਿਵਲ ਹਸਪਤਾਲ ਨੇ ਆਪਣੀ ਅੰਦਰੂਨੀ ਜਾਂਚ ਵਿੱਚ ਦੇਖਿਆ ਕਿ ਇਹ ਦਸਤਾਵੇਜ਼ ਨਿਯਮਾਂ ਮੁਤਾਬਕ ਬਣਾਇਆ ਗਿਆ ਸੀ ਅਤੇ ਇਸ ਨੂੰ ਜਾਰੀ ਕਰਨ ਵਿੱਚ ਕੋਈ ਗੜਬੜ ਨਹੀਂ ਹੋਈ ਸੀ। ਇਹ ਜਾਣਕਾਰੀ ਹਸਪਤਾਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਦਿੱਤੀ ਹੈ। ਪੁਣੇ ਜ਼ਿਲ੍ਹੇ ਦੇ ਪਿੰਪਰੀ ਚਿੰਚਵਾੜ ਨਗਰ ਨਿਗਮ (ਪੀਸੀਐੱਮਸੀ) ਵੱਲੋਂ ਚਲਾਏ ਜਾਂਦੇ ਯਸ਼ਵੰਤਰਾਓ ਚਵਾਨ ਮੈਮੋਰੀਅਲ (ਵਾਈਸੀਐੱਮ) ਹਸਪਤਾਲ ਨੇ ਅਗਸਤ 2022 ਵਿੱਚ ਅੰਸ਼ਿਕ ਅੰਗਹੀਣਤਾ ਸਰਟੀਫਿਕੇਟ ਜਾਰੀ ਕੀਤਾ ਸੀ।
ਖੇੜਕਰ ’ਤੇ ਅੰਗਹੀਣ ਅਤੇ ਹੋਰ ਪਛੜਾ ਵਰਗ (ਓਬੀਸੀ) ਸਰਟੀਫਿਕੇਟਾਂ ਵਿੱਚ ਕਥਿਤ ਹੇਰਾਫੇਰੀ ਸਮੇਤ ਧੋਖਾਧੜੀ ਕਰ ਕੇ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਨ ਦਾ ਦੋਸ਼ ਹੈ।
ਯੂਪੀਐੱਸਸੀ ਵੱਲੋਂ ਅਦਾਰੇ ਕੋਲ ਖੜਕਰ ਵੱਲੋਂ ਜਮ੍ਹਾਂ ਕਰਵਾਏ ਵੱਖ-ਵੱਖ ਸਰਟੀਫਿਕੇਟਾਂ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਖੇੜਕਰ ਨੇ 2022 ਵਿੱਚ ਆਪਣੇ ਖੱਬੇ ਗੋਡੇ ਦੇ ਜੋੜ ਦੇ ਅੰਗਹੀਣਤਾ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਸੀ। ਉਹ ਮੈਡੀਕਲ ਜਾਂਚ ਲਈ ਇੱਥੇ ਆਈ ਸੀ ਅਤੇ ਕਈ ਵਿਭਾਗਾਂ ਵੱਲੋਂ ਉਨ੍ਹਾਂ ਦੀ ਜਾਂਚ ਕੀਤੀ ਗਈ। 24 ਅਗਸਤ 2022 ਨੂੰ ਜਾਰੀ ਸਰਟੀਫਿਕੇਟ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਗੋਡਾ ਸੱਤ ਫੀਸਦੀ ਅੰਗਹੀਣ ਹੈ। -ਪੀਟੀਆਈ
ਦਿਵਿਆਂਗਾਂ ਬਾਰੇ ਟਿੱਪਣੀ ਕਰਨ ਵਾਲੇ ਅਫਸਰ ਖ਼ਿਲਾਫ਼ ਕਾਰਵਾਈ ਦੀ ਮੰਗ
ਨਵੀਂ ਦਿੱਲੀ:
ਗ਼ੈਰ-ਸਰਕਾਰੀ ਸੰਸਥਾ (ਐਨਜੀਓ) ‘ਡਾਕਟਰਜ਼ ਵਿਦ ਡਿਸਐਬਿਲਿਟੀਜ਼’ ਨੇ ਦਿਵਿਆਂਗਾਂ ਬਾਰੇ ਸੋਸ਼ਲ ਮੀਡੀਆ ’ਤੇ ਕਥਿਤ ਪੱਖਪਾਤੀ ਟਿੱਪਣੀ ਕਰਨ ਲਈ ਤਿਲੰਗਾਨਾ ਕੇਡਰ ਦੇ ਨੌਕਰਸ਼ਾਹ ਸਮਿਤਾ ਸਭਰਵਾਲ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸੰਸਥਾ ਨੇ ਕਿਹਾ ਕਿ ਅਜਿਹੀ ਟਿੱਪਣੀ ਸਮਾਜਿਕ ਨਿਆਂ ਅਤੇ ਦਿਵਿਆਂਗਾਂ ਦੇ ਹੱਕਾਂ ਦੇ ਸਿਧਾਤਾਂ ਨੂੰ ਕਮਜ਼ੋਰ ਕਰਦੀ ਹੈ। ਇਹ ਵਿਵਾਦ ਸਭਰਵਾਲ ਦੀਆਂ ਕਈ ਪੋਸਟਾਂ ਕਾਰਨ ਪੈਦਾ ਹੋਇਆ ਹੈ ਜਿਨ੍ਹਾਂ ਵਿੱਚ ਉਨ੍ਹਾਂ ਨੇ ਆਲ ਇੰਡੀਆ ਸਰਵਿਸਿਜ਼ (ਏਆਈਐੱਸ) ਵਿੱਚ ਦਿਵਿਆਂਗਾਂ ਲਈ ਕੋਟੇ ਦੀ ਲੋੜ ’ਤੇ ਸਵਾਲ ਚੁੱਕਿਆ ਸੀ ਅਤੇ ਸਵਾਲ ਕੀਤਾ ਸੀ ਕਿ ਭਾਰਤੀ ਪੁਲੀਸ ਸੇਵਾ (ਆਈਪੀਐਸ), ਭਾਰਤ ਵਣ ਸੇਵਾ (ਆਈਐਫਓਐੱਸ) ਅਤੇ ਰੱਖਿਆ ਬਲਾਂ ਵਰਗੇ ਖੇਤਰਾਂ ਵਿੱਚ ਅਜਿਹੇ ਰਾਖਵਾਂਕਰਨ ਨੂੰ ਕਿਉਂ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਦੀ ਤੁਲਨਾ ਪਾਇਲਟ ਅਤੇ ਸਰਜਨ ਨਾਲ ਕੀਤੀ ਅਤੇ ਸਵਾਲ ਕੀਤਾ ਕਿ ਕੀ ਏਅਰਲਾਈਨ ਕੰਪਨੀਆਂ ਕਿਸੇ ਦਿਵਿਆਂਗ ਵਿਅਕਤੀ ਨੂੰ ਨੌਕਰੀ ’ਤੇ ਰੱਖਣਗੀਆਂ ਜਾਂ ਫਿਰ ਕੋਈ ਵਿਅਕਤੀ ਕਿਸੇ ਦਿਵਿਆਂਗ ਸਰਜਨ ’ਤੇ ਭਰੋਸਾ ਕਰੇਗਾ। -ਪੀਟੀਆਈ