ਨਕੋਦਰ ਪੁਲੀਸ ਫਾਇਰਿੰਗ ਨਾਲ ਕੋਈ ਸਰੋਕਾਰ ਨਹੀਂ: ਗੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਸਲਾਹਕਾਰ ਦਰਬਾਰਾ ਸਿੰਘ ਗੁਰੂ ਨੇ 1986 ਦੇ ਨਕੋਦਰ ਪੁਲੀਸ ਫਾਇਰਿੰਗ ਮਾਮਲੇ ਨਾਲ ਕੋਈ ਸਰੋਕਾਰ ਹੋਣ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਅਕਾਲੀ ਦਲ ਨੂੰ ਬਦਨਾਮ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1986 ਵਿੱਚ ਨਕੋਦਰ ਵਿੱਚ ਪੁਲੀਸ ਫਾਇਰਿੰਗ ਵੇਲੇ ਉਹ ਜਲੰਧਰ ਵਿੱਚ ਏਡੀਸੀਿ ਵਜੋਂ ਤਾਇਨਾਤ ਸਨ ਪਰ ਉਨ੍ਹਾਂ ਦਾ ਗੋਲੀਬਾਰੀ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ ਬਾਅਦ ਲਾਸ਼ਾਂ ਦਾ ਪੋਸਟ ਮਾਰਟਮ ਵੀ ਕਰਵਾਇਆ ਗਿਆ ਸੀ। ਹੁਣ 38 ਸਾਲਾਂ ਬਾਅਦ ਇਹ ਮੁੱਦਾ ਸਿਰਫ ਉਨ੍ਹਾਂ ਨੂੰ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਉਛਾਲਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਚੋਣਾਂ ਲੜਦੇ ਹਨ ਜਾਂ ਉਨ੍ਹਾਂ ਦੀ ਨਿਯੁਕਤੀ ਕਿਸੇ ਅਹਿਮ ਅਹੁਦੇ ’ਤੇ ਹੁੰਦੀ ਹੈ ਤਾਂ ਇਹ ਮੁੱਦਾ ਫਿਰ ਤੋਂ ਉਛਾਲਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਸੌੜੇ ਹਿੱਤਾਂ ਵਾਸਤੇ ਅਕਾਲੀ ਦਲ ਨੂੰ ਬਦਨਾਮ ਕਰਨਾ ਚਾਹੁੰਦੀਆਂ ਹਨ। ਇਸ ਮਾਮਲੇ ਪਿੱਛੇ ਡੂੰਘੀ ਸਾਜ਼ਿਸ਼ ਹੈ ਜੋ ਸਮੇਂ ਦੇ ਨਾਲ ਹੀ ਬੇਨਕਾਬ ਹੋ ਜਾਵੇਗੀ।