ਨੋਟਾ ਬਟਨ
ਹਰਪ੍ਰੀਤ ਪੱਤੋ
ਵੋਟਾਂ ਦੇ ਦਿਨ। ਪ੍ਰਚਾਰ ਜ਼ੋਰਾਂ ’ਤੇ ਚੱਲ ਰਿਹਾ ਸੀ। ਲੀਡਰ ਆਪੋ ਆਪਣੀ ਡਫਲੀ ਵਜਾ ਲੋਕਾਂ ਨੂੰ ਸਬਜ਼ਬਾਗ਼ ਦਿਖਾ ਰਹੇ ਸਨ।
ਵੋਟਾਂ ਪੈਣ ਤੋਂ ਇੱਕ ਦੋ ਦਿਨ ਪਹਿਲਾਂ ਪ੍ਰਚਾਰ ਬੰਦ ਸੀ ਕਿ ਵੋਟਰਾਂ ਨੂੰ ਸੋਚਣ ਦਾ ਸਮਾਂ ਦਿੱਤਾ ਜਾਵੇ ਪਰ ਘਰੋ-ਘਰੀ ਜਾ ਕੇ ਵੋਟਾਂ ਲਈ ਕਹਿਣਾ ਅਜੇ ਬੰਦ ਨਹੀਂ ਸੀ ਹੋਇਆ। ਹਰ ਪਾਸਿਓਂ ਵੋਟਾਂ ਬਟੋਰਨ ਵਾਸਤੇ ਲੀਡਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ।
ਤਾਏ ਬਚਨੇ ਕੋਲ ਵੀ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਪਹੁੰਚ ਕੀਤੀ। ਤਾਇਆ ਸਾਰਿਆਂ ਨੂੰ ਲੱਕੜ ਦਾ ਮੁੰਡਾ ਦੇ ਛੱਡਦਾ।
ਬਚਨਾਂ ਦੁਚਿੱਤੀ ਵਿੱਚ ਸੀ ਕਿ ਐਤਕੀਂ ਵੋਟ ਕਿਸ ਨੂੰ ਪਾਈਏ, ਸੰਵਾਰਦਾ ਕਿਸੇ ਦਾ ਕੋਈ ਨਹੀਂ। ਇੱਕ ਮਨ ਆਖੇ, ਵੋਟ ਪਾ ਈ ਨਾ। ਦੂਜਾ ਮਨ ਕਹਿੰਦਾ ਬਈ ਜਦੋਂ ਵੋਟ ਬਣੀ ਐ ਤਾਂ ਇਸ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ‘ਇਨ੍ਹਾਂ ਲੀਡਰਾਂ ਦਾ ਤਾਂ ਇਹ ਕੰਮ ਆ ਮੋਚਨਾ ਮਚਾਈ ਦਾ, ਜੀਹਦੀ
ਮੁੱਠੀ ਆਵੇ ਲ਼ੈ ਕੇ ਭੱਜ ਜਾਈਦਾ। ਰਾਜਨੀਤੀ ਸਿਆਸਤਦਾਨਾਂ ਦੀ ਖੇਡ ਬਣ ਕੇ ਰਹਿ ਗਈ ਜੋ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡੀ ਜਾਂਦੀ ਹੈ। ਪੰਜਾਹ ਸਾਲ ਹੋ ਗਏ ਵੋਟਾਂ ਪਾਉਂਦਿਆਂ, ਲੀਡਰਾਂ ਦੇ ਮੂੰਹ ਵੱਲ ਵੇਖਦਿਆਂ। ਊਠ ਦੇ ਬੁੱਲ੍ਹ ਵਾਲੀ ਗੱਲ, ਹੁਣ ਡਿੱਗਿਆ ਕਿ ਹੁਣ ਡਿੱਗਿਆ’। ਇਹ ਸੋਚਾਂ ਸੋਚਦੇ ਤਾਏ ਨੇ ਐਤਕੀਂ ਨੋਟਾ ਬਟਨ ਨੱਪਣ ਦਾ ਵਿਚਾਰ ਕਰ ਲਿਆ ਭਾਵ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ। ਸਵੇਰੇ ਦਸ ਕੁ ਵਜੇ ਤਾਇਆ ਘਰੋਂ ਤਿਆਰ ਹੋ ਕੇ ਵੋਟ ਪਾਉਣ ਤੁਰ ਪਿਆ। ਰਸਤੇ ’ਚ ਵੱਖ ਵੱਖ ਪਾਰਟੀਆਂ ਦੇ ਹਮਾਇਤੀਆਂ ਨੇ ਚੋਣ ਨਿਸ਼ਾਨ ਹੱਥਾਂ ਵਿੱਚ ਫੜੇ ਹੋਏ ਸਨ। ‘‘ਕਿਉਂ ਬਈ ਕਿਵੇਂ ਆ ਤਾਇਆ! ਖ਼ਿਆਲ ਰੱਖੀਂ ਆਪਣੇ ਚੋਣ ਨਿਸ਼ਾਨ ਦਾ,’’ ਬੰਤਾ ਦੂਰੋਂ ਹੀ ਤਾਏ ਨੂੰ ਚੋਣ ਨਿਸ਼ਾਨ ਹਿਲਾ ਕੇ ਦਿਖਾ ਰਿਹਾ ਸੀ। ਹੋਰ ਸਭ ਵੀ ਆਪੋ ਆਪਣਾ ਚੋਣ ਨਿਸ਼ਾਨ ਦਿਖਾਉਂਦੇ ਰਹੇ ਪਰ ਤਾਇਆ ਸਾਰਿਆਂ ਨੂੰ ਸਿਰ ਹਿਲਾ ਅੱਗੇ ਲੰਘ ਗਿਆ। ਵੋਟ ਵਾਲੀ ਪਰਚੀ ਕੋਲ ਸੀ। ਕਿਸੇ ਕੋਲ ਜਾਣ ਦੀ ਲੋੜ ਨਾ ਪਈ। ਸਿੱਧਾ ਬੂਥ ’ਤੇ ਗਿਆ ਤੇ ਸਾਰੇ ਨਿਸ਼ਾਨਾਂ ਵੱਲ ਧਿਆਨ ਮਾਰਿਆ। ਇਹ ਉਹੀ ਨਿਸ਼ਾਨ ਸਨ ਜਿਨ੍ਹਾਂ ਤੇ ਮੋਹਰ ਲਾਉਂਦਿਆਂ ਉਮਰ ਨਿਕਲ ਗਈ ਸੀ ਪਰ ਕਿਸੇ ਨੇ ਅੱਜ ਤੱਕ ਤਾਏ ਦਾ ਤਾਂ ਕੀ, ਕਿਸੇ ਦਾ ਕੁਝ ਵੀ ਨਹੀਂ ਸੀ ਸੰਵਾਰਿਆ। ਫੋਕੇ ਲਾਰਿਆਂ ਦੇ ਸਿਵਾਏ। ਅਖੀਰ ਵਿੱਚ ਤਾਏ ਦੀ ਉਂਗਲ ਉਸ ਟਿਕਾਣੇ ’ਤੇ ਪਹੁੰਚ ਗਈ ਜੋ ਘਰੋਂ ਸੋਚ ਕੇ ਤੁਰਿਆ ਸੀ। ‘‘ਲੈ ਬਈ,’’ ਤਾਏ ਦੇ ਮੂੰਹੋਂ ਨਿਕਲਣ ਦੀ ਦੇਰ ਸੀ। ਮਸ਼ੀਨ ’ਚੋਂ ਟੀਂ ਦੀ ਆਵਾਜ਼ ਤਾਏ ਕੰਨਾਂ ਨੂੰ ਚੀਰ ਗਈ। ‘‘ਲਓ ਜੀ, ਵੋਟ ਪੈ ਗਈ,’’ ਇੱਕ ਪਾਸਿਓਂ ਅਫਸਰ ਦੀ ਆਵਾਜ਼ ਆਈ। ਤਾਇਆ ਬਾਹਰ ਨਿਕਲਿਆ, ‘‘ਤਾਇਆ ਸਾਨੂੰ ਵੋਟ ਪਾ ਆਇਆ,’’ ਇੱਕ ਹੱਥ ਵਿੱਚ ਚੋਣ ਨਿਸ਼ਾਨ ਫੜੀ ਖੜ੍ਹੇ ਭਾਈ ਨੇ ਤਾਏ ਵੱਲ ਅਹੁਲਦਿਆਂ ਕਿਹਾ, ‘‘ਹਾਂ, ਮੈਂ ਸਾਰਿਆਂ ਨੂੰ ਜਿਤਾ ਆਇਆ,’’ ਇਹ ਕਹਿ ਕੇ ਤਾਇਆ ਬਚਨਾਂ ਮਿੰਨੀ ਜਿਹੀ ਹਾਸੀ ਹੱਸਦਿਆਂ ਚੱਕਵੇਂ ਪੈਰੀਂ ਘਰ ਵੱਲ ਨੂੰ ਹੋ ਤੁਰਿਆ। ਅੱਜ ਤਾਏ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਸਾਰਿਆਂ ਨੂੰ ਹਰਾ ਇਕੱਲਾ ਜਿੱਤ ਕੇ ਆਇਆ ਹੋਵੇ।
ਸੰਪਰਕ: 94658-21417
* * *
ਸਫ਼ੈਦ ਖ਼ੂਨ
ਡਾ. ਇਕਬਾਲ ਸਿੰਘ ਸਕਰੌਦੀ
ਅੱਜ ਫ਼ੇਰ ਗੋਪਾਲ ਸਿੰਘ ਬਾਅਦ ਦੁਪਹਿਰ ਢਾਈ ਵਜੇ ਹੀ ਪਾਰਕ ਵਿੱਚ ਆ ਗਿਆ ਸੀ। ਜਿਉਂ ਹੀ ਉਸ ਦੀ ਨਜ਼ਰ ਦੂਰ ਧੁੱਪੇ ਬੈਂਚ ’ਤੇ ਬੈਠੇ ਹੇਮ ਰਾਜ ਗੋਇਲ ’ਤੇ ਪਈ, ਉਸ ਦੇ ਚਿਹਰੇ ਉੱਤੇ ਸਹਿਜ ਸੁਭਾਅ ਹੀ ਮੁਸਕੁਰਾਹਟ ਆ ਗਈ। ਉਹ ਸਹਿਜ ਸੁਭਾਅ ਆਪਣੀ ਚਾਲੇ ਤੁਰਦਾ ਉਸ ਕੋਲ ਅੱਪੜ ਗਿਆ।
ਉਸ ਵੱਲੋਂ ਫ਼ਤਹਿ ਬੁਲਾਉਣ ਤੋਂ ਪਹਿਲਾਂ ਹੀ ਗੋਇਲ ਨੇ ਮੁਸਕਰਾਉਂਦਿਆਂ ਉਸ ਨੂੰ ਹੱਥ ਜੋੜ ਨਮਸਕਾਰ ਕਰਦਿਆਂ ਕਿਹਾ, ‘‘ਸਰਦਾਰ ਸਾਹਿਬ, ਨਮਸਕਾਰ। ਆ ਜੋ! ਆ ਜੋ! ਮੈਂ ਬੈਠਾ ਤੁਹਾਡੀ ਹੀ ਉਡੀਕ ਕਰ ਰਿਹਾ ਸੀ।’’
ਨਮਸਕਾਰ ਦਾ ਉੱਤਰ ਦਿੰਦਿਆਂ ਉਸ ਨੇ ਪੁੱਛਿਆ, ‘‘ਸੇਠ, ਅਜੇ ਤਾਂ ਢਾਈ ਵੱਜੇ ਨੇ। ਇੰਨੀ ਜਲਦੀ ਤੂੰ ਮੇਰੀ ਕਿਹੜੀ ਗੱਲੋਂ ਉਡੀਕ ਕਰ ਰਿਹਾ ਸੀ। ਤੈਨੂੰ ਤਾਂ ਪਤੈ ਕਿ ਮੈਂ ਤਾਂ ਸ਼ਾਮੀਂ ਪੰਜ ਵਜੇ ਤੋਂ ਪਹਿਲਾਂ ਪਾਰਕ ਵਿੱਚ ਨਹੀਂ ਆਉਂਦਾ।’’
‘‘ਪਤੈ, ਮੈਨੂੰ ਸਭ ਪਤੈ, ਸਰਦਾਰ ਸਾਹਿਬ, ਪਰ ਜਦੋਂ ਤੇਰੇ ਗੋਇਲ ਦਾ ਤੀਜਾ ਨੇਤਰ ਖੁੱਲ੍ਹਦੈ ਤਾਂ ਮੈਨੂੰ ਸਭ ਗਿਆਤ ਹੋ ਜਾਂਦੈ ਕਿ ਸਰਦਾਰ ਸਾਹਿਬ ਮੈਨੂੰ ਯਾਦ ਕਰਦੇ ਪਏ ਐ।’’ ਉਸ ਨੇ ਹੱਸਦਿਆਂ ਕਿਹਾ।
‘‘ਸੇਠਾ, ਇਸੇ ਨੂੰ ਤਾਂ ਕਹਿੰਦੇ ਐ ਕਿ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਐ।’’ ਗੋਪਾਲ ਬੋਲਿਆ।
ਬੈਂਚ ’ਤੇ ਆਪਣੇ ਨਾਲ ਬੈਠੇ ਬਚਪਨ ਦੇ ਯਾਰ ਗੋਪਾਲ ਦਾ ਇੱਕ ਹੱਥ ਆਪਣੇ ਦੋਵਾਂ ਹੱਥਾਂ ਵਿੱਚ ਘੁੱਟਦਿਆਂ ਉਹ ਬੋਲਿਆ, ‘‘ਸਰਦਾਰਾ, ਕੀ ਗੱਲ ਐ! ਅੱਜ ਆਪਣੇ ਗੋਇਲ ਨੂੰ ਨਾ ਤੂੰ ਕੋਈ ਮਜ਼ਾਕ ਕੀਤਾ, ਨਾ ਹੱਸ ਕੇ ਬੁਲਾਇਆ ਤੇ ਨਾ ਹੀ ਤੇਰੇ ਚਿਹਰੇ ’ਤੇ ਕੋਈ ਰੌਣਕ ਐ! ਪਤਾ ਤਾਂ ਲੱਗੇ ਇਹ ਗੱਲ ਕੀ ਬਣੀ?’’
00ਕੀ ਦੱਸਾਂ ਸੇਠ, ਕਦੇ-ਕਦੇ ਮਨ ਬੜੇ ਗੋਤਿਆਂ ਵਿੱਚ ਪੈ ਜਾਂਦੈ। ਤੈਨੂੰ ਮੇਰੇ ਦੋਵੇਂ ਮੁੰਡਿਆਂ ਦਾ ਤਾਂ ਪਤਾ ਈ ਐ। ਇੱਕ ਕੈਨੇਡਾ ਜਾ ਬੈਠਾ, ਦੂਜਾ ਅਮਰੀਕਾ। ਚਲੋ, ਬੱਚਿਆਂ ਨੇ ਤਾਂ ਜਿੱਥੋਂ ਦਾ ਚੋਗ ਚੁਗਣੈ, ਉੱਥੇ ਜਾਣਾ ਈ ਹੋਇਆ। ਆਖ਼ਰ ਆਪਾਂ ਵੀ ਤਾਂ ਆਪਣੇ ਰਿਜ਼ਕ ਦੀ ਭਾਲ਼ ਵਿੱਚ ਪੰਜਾਹ ਸਾਲ ਪਹਿਲਾਂ ਆਪਣਾ ਪਿੰਡ ਛੱਡਿਆ ਸੀ।’’ ਗੋਪਾਲ ਨੇ ਆਪਣਾ ਢਿੱਡ ਫਰੋਲਿਆ।
‘‘ਸਰਦਾਰ ਸਾਹਿਬ, ਕੀ ਗੱਲਾਂ ਕਰਦੇ ਓਂ ਅੱਜ? ਤੂੰ ਹੀ ਤਾਂ ਮੈਨੂੰ ਕਹਿੰਦਾ ਹੁੰਦਾ ਸੀ ਕਿ ਜਦੋਂ ਤੱਕ ਬੰਦੇ ਦੇ ਹੱਥ ਪੈਰ ਚੱਲਦੇ ਐ, ਉਹਨੂੰ ਕਦੇ ਵਿਹਲਾ ਨਹੀਂ ਬੈਠਣਾ ਚਾਹੀਦਾ। ਬੋਟਾਂ ਨੇ ਤਾਂ ਆਖ਼ਰ ਆਪਣੇ ਆਲ੍ਹਣਿਉਂ ਇੱਕ ਨਾ ਇੱਕ ਦਿਨ ਨਿੱਕਲਣਾ ਹੀ ਹੁੰਦੈ। ਹੁਣ ਤਾਂ ਸਾਰਾ ਪੰਜਾਬ ਹੀ ਵਿਦੇਸ਼ੀਂ ਵਸਣ ਨੂੰ ਉਮੜਿਆ ਪਿਐ। ਤੇਰੇ ਨਾਲ ਦੱਸ ਕਿਹੜੀ ਜੱਗੋਂ ਤੇਰ੍ਹਵੀਂ ਹੋਈ ਐ? ਐਵੇਂ ਈ ਮਨ ਉਦਾਸ ਕਰੀਂ ਬੈਠੈਂ।’’ ਗੋਇਲ ਨੇ ਉਸ ਨੂੰ ਅਸਲੀਅਤ ਦਾ ਸ਼ੀਸ਼ਾ ਵਿਖਾਇਆ।
ਗੋਪਾਲ ਨੇ ਖੰਘੂਰਾ ਮਾਰ ਕੇ ਆਪਣਾ ਗਲਾ ਸਾਫ਼ ਕਰਦਿਆਂ ਆਖਿਆ, ‘‘ਨਹੀਂ ਸੇਠ, ਗੱਲ ਇਹ ਨਹੀਂ ਕਿ ਬੱਚੇ ਪਰਦੇਸੀਂ ਕਿਉਂ ਜਾ ਵਸੇ। ਉਨ੍ਹਾਂ ਦੋਵਾਂ ਨੂੰ ਤਾਂ ਮੈਂ ਖ਼ੁਸ਼ੀ-ਖ਼ੁਸ਼ੀ ਆਪਣੇ ਹੱਥੀਂ ਵਿਦਾ ਕੀਤੈ। ਦੁੱਖ ਤਾਂ ਇਸ ਗੱਲ ਦਾ ਹੈ ਕਿ ਜਿਹੜੇ ਭਤੀਜੇ ਭਤੀਜੀ ਨੂੰ ਗੋਦੀ ਚੁੱਕ ਚੁੱਕ ਖਿਡਾਇਆ ਸੀ। ਨਿੱਕੀਆਂ ਨਿੱਕੀਆਂ ਬੁਰਕੀਆਂ ਮੂੰਹ ਵਿੱਚ ਪਾ ਕੇ ਪਾਲ਼ਿਆ ਸੀ। ਪਤਾ ਨਹੀਂ ਕਿੰਨੀ ਕੁ ਵਾਰ ਮੇਰੇ ਡਿਊਟੀ ’ਤੇ ਜਾਣ ਤੋਂ ਪਹਿਲਾਂ ਮੇਰੇ ਕੱਪੜਿਆਂ ’ਤੇ ਜਿਨ੍ਹਾਂ ਪਿਸ਼ਾਬ ਕੀਤਾ ਸੀ। ਜਿਨ੍ਹਾਂ ਦਾ ਮੱਥਾ ਮਾੜ੍ਹਾ ਜਿਹਾ ਵੀ ਕੋਸਾ ਹੋ ਜਾਂਦਾ ਤਾਂ ਮੈਂ ਅੱਧੀ ਅੱਧੀ ਰਾਤੀਂ ਡਾਕਟਰ ਦਾ ਬੂਹਾ ਜਾ ਖੜਕਾਉਂਦਾ ਸੀ। ਜਿਨ੍ਹਾਂ ਨੂੰ ਉਂਗਲ਼ ਫ਼ੜ ਕੇ ਚੱਲਣਾ ਸਿਖਾਇਆ। ਪੜ੍ਹਾਇਆ ਲਿਖਾਇਆ। ਪੈਰਾਂ ’ਤੇ ਖੜ੍ਹੇ ਕੀਤੇ। ਉਹੀ ਭਤੀਜਾ ਭਤੀਜੀ ਮੇਰੇ ਮਰਨ ’ਤੇ ਮੇਰੇ ਘਰ-ਬਾਰ ’ਤੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠੇ ਐ।’’
‘‘ਅੱਛਾ! ਇਹ ਤਾਂ ਬਹੁਤ ਮਾੜੀ ਗੱਲ ਐ। ਪਰ ਪਤਾ ਵੀ ਤਾਂ ਲੱਗੇ ਕਿ ਉਨ੍ਹਾਂ ਨੇ ਤੈਨੂੰ ਕੀ ਕਿਹਾ ਹੈ?’’ ਗੋਇਲ ਨੇ ਥੋੜ੍ਹਾ ਗੰਭੀਰ ਹੁੰਦਿਆਂ ਪੁੱਛਿਆ।
‘‘ਸੇਠਾ, ਤੈਨੂੰ ਤਾਂ ਪਤੈ ਕਿ ਮੈਂ ਕਦੇ ਕਦਾਈਂ ਆਪਣੇ ਦੋਸਤਾਂ ਰਿਸ਼ਤੇਦਾਰਾਂ ਅਤੇ ਆਂਢੀਆਂ ਗੁਆਂਢੀਆਂ ਨੂੰ ਫ਼ੋਨ ਕਰ ਲੈਂਦਾ ਹਾਂ। ਅੱਜ ਐਤਵਾਰ ਹੋਣ ਕਰਕੇ ਮੈਂ ਮਾਸਟਰ ਲੱਗੇ ਆਪਣੇ ਭਤੀਜੇ ਨੂੰ ਦੁਪਹਿਰੇ ਫ਼ੋਨ ਕਰਕੇ ਸਾਰੇ ਟੱਬਰ ਦੀ ਸੁੱਖਸਾਂਦ ਦਾ ਪਤਾ ਸਤਾ ਲੈ ਲਿਆ। ਮੈਨੂੰ ਥੋੜ੍ਹਾ ਉੱਚਾ ਸੁਣਦਾ ਹੋਣ ਕਾਰਨ ਮੈਂ ਫ਼ੋਨ ਦਾ ਮਾਈਕ ਔਨ ਕਰ ਲੈਂਦਾ ਹਾਂ। ਅੱਜ ਸਾਰੀ ਗੱਲਬਾਤ ਕਰਕੇ ਮੈਂ ਓ.ਕੇ. ਕਹਿ ਆਪਣੇ ਵੱਲੋਂ ਤਾਂ ਫੋਨ ਬੰਦ ਕਰ ਦਿੱਤਾ ਸੀ ਪਰ ਅਸਲ ਵਿੱਚ ਮੈਥੋਂ ਫੋਨ ਬੰਦ ਨਹੀਂ ਸੀ ਹੋਇਆ। ਫੋਨ ਰੱਖ ਕੇ ਮੈਂ ਵਾਸ਼ਰੂਮ ਚਲਾ ਗਿਆ। ਦੋ ਮਿੰਟ ਬਾਅਦ ਜਦੋਂ ਮੈਂ ਵਾਸ਼ਰੂਮ ਵਿੱਚੋਂ ਬਾਹਰ ਨਿੱਕਲਿਆ ਤਾਂ ਮੇਰੇ ਫੋਨ ’ਤੇ ਮੇਰੇ ਭਤੀਜੇ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਕਿ ਗੋਪਾਲ ਚਾਚੇ ਨੇ ਤਾਂ ਹੁਣ ਬਹੁਤਾ ਚਿਰ ਨੀਂ ਕੱਟਣਾ। ਚਾਚੇ ਦੇ ਦੋਵੇਂ ਮੁੰਡੇ ਤਾਂ ਵਿਦੇਸ਼ ਜਾ ਵਸੇ ਨੇ। ਹੁਣ ਪਿੱਛੋਂ ਚਾਚੇ ਦੀ ਮਹਿਲ ਵਰਗੀ ਕੋਠੀ ਆਪਾਂ ਈ ਮੱਲਣੀਂ ਐਂ। ਗੋਇਲ, ਭਾਵੇਂ ਮੈਂ ਤਾਂ ਆਪਣੀ ਖ਼ੁਸ਼ੀ ਨਾਲ ਹੀ ਆਪਣੀ ਕੋਠੀ, ਕਾਰ, ਗਹਿਣਾ ਗੱਟਾ ਆਪਣੇ ਭਤੀਜੇ ਭਤੀਜੀ ਨੂੰ ਹੀ ਦੇ ਦੇਣਾ ਸੀ ਪਰ ਭਤੀਜੇ ਦਾ ਮੇਰੇ ਲਈ ਅਜਿਹਾ ਸੋਚਣਾ ਮੇਰੇ ਦਿਲ ’ਤੇ ਆਰੀ ਵਾਂਗੂੰ ਫਿਰ ਗਿਆ ਹੈ। ਬੱਸ, ਏਸੇ ਗੱਲ ਦਾ ਭਾਰ ਲੈ ਕੇ ਮੈਂ ਅੱਜ ਦੁਪਹਿਰੇ ਸੁੱਤਾ ਨੀਂ। ਆਪਣੀ ਖੂੰਡੀ ਫੜ ਪਾਰਕ ਵੱਲ ਨੂੰ ਤੁਰ ਆਇਆ ਹਾਂ।’’ ਗੋਇਲ ਨੇ ਉਸ ਨੂੰ ਆਪਣੀ ਬੁੱਕਲ ਵਿੱਚ ਘੁੱਟਦਿਆਂ ਕਿਹਾ, ‘‘ਸਰਦਾਰਾ, ਤੂੰ ਆਪਣੇ ਭਤੀਜੇ ਦੇ ਮੂੰਹੋਂ ਸੁਣੀ ਗੱਲ ਨੂੰ ਦਿਲ ਨਾਲ ਲਾ ਗਿਉਂ। ਏਥੇ ਤਾਂ ਹੁਣ ਸਕੇ ਭੈਣਾਂ ਭਰਾਵਾਂ, ਧੀਆਂ ਪੁੱਤਰਾਂ ਦਾ ਖ਼ੂਨ ਸਫ਼ੈਦ ਹੋ ਚੁੱਕਾ ਹੈ। ਕੀਹਦੀ-ਕੀਹਦੀ ਗੱਲ ਨੂੰ ਦਿਲ ਨਾਲ ਲਾਵਾਂਗੇ? ਇਉਂ ਤਾਂ ਆਪਾਂ ਚਾਰ ਦਿਨ ਨੀਂ ਜੀਅ ਸਕਦੇ। ਚੱਲ ਆ ਹੁਣ ਦੋਵੇਂ ਜੁੰਡੀ ਦੇ ਯਾਰ ਹੱਸ ਖੇਡ ਕੇ ਸੈਰ ਕਰੀਏ। ਸਾਰੀਆਂ ਨਕਾਰਾਤਮਕ ਗੱਲਾਂ ਨੂੰ ਆਪਣੇ ਮਨਾਂ ’ਚੋਂ ਵਿਸਾਰੀਏ।’’ ਉਹ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਹਲਕੇ ਮਨ ਨਾਲ ਸੈਰ ਕਰਨ ਲਈ ਟ੍ਰੈਕ ਵਿੱਚ ਪੈ ਗਏ।
ਸੰਪਰਕ: 084276-85020
* * *
ਇਲਜ਼ਾਮ
ਗਗਨਪ੍ਰੀਤ ਸੱਪਲ
ਮੇਰਾ ਕਸੂਰ ਹੀ ਕੀ ਸੀ। ਮੈਂ ਨਾ ਤਾਂ ਗੂੰਗੀ ਸੀ, ਨਾ ਬੋਲੀ, ਨਾ ਹੀ ਮੈਂ ਅੰਨ੍ਹੀ ਸੀ। ਫਿਰ ਵੀ ਮੈਂ ਬੋਲ ਨਹੀਂ ਸਕੀ ਕਿ ‘‘ਅਜਿਹਾ ਕਿਉਂ ਕਰ ਰਹੇ ਹੋ ਮੇਰੇ ਨਾਲ...?’’
ਮੇਰੇ ਸਰੀਰ ਨੂੰ ਹਥਿਆਰ ਨਾਲ ਕੱਟਿਆ ਜਾ ਰਿਹਾ ਸੀ। ਮੇਰੇ ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ ਸਨ।
ਮੈਂ ਖ਼ੂਨ ਵਿੱਚ ਲੱਥ-ਪੱਥ ਸੀ। ਫਿਰ ਵੀ ਮੈਨੂੰ ਇਸ ਹਾਲਤ ਵਿੱਚ ਵੇਖ ਕੇ ਕੁਝ ਕੁ ਲੋਕ ਖ਼ੁਸ਼ ਸਨ। ਸਿਰਫ਼ ਇੱਕ ਦੀਆਂ ਅੱਖਾਂ ਵਿੱਚੋਂ ਹੰਝੂ ਮੀਂਹ ਵਾਂਗੂੰ ਵਰ੍ਹ ਰਹੇ ਸਨ। ਕੁਝ ਹੀ ਪਲਾਂ ਵਿੱਚ ਮੈਨੂੰ ਮਾਰ ਦਿੱਤਾ ਗਿਆ। ਮੇਰੇ ’ਤੇ ਇਹ ਇਲਜ਼ਾਮ ਸੀ ਕਿ ਮੈਂ ਪੱਥਰ ਹਾਂ।
ਸੰਪਰਕ: 62801-57535
* * *
ਮੁਆਵਜ਼ਾ
ਗੁਰਦਿੱਤ ਸਿੰਘ ਸੇਖੋਂ
‘‘ਵੇ ਆਹ ਦੇਖ, ਅਖ਼ਬਾਰ ਵਿੱਚ ਖ਼ਬਰ ਲੱਗੀ ਐ ‘ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਪਰਿਵਾਰ ਨੂੰ ਸਰਕਾਰ ਦਸ ਲੱਖ ਤੇ ਸਰਕਾਰੀ ਨੌਕਰੀ ਦੇਊ,’’ ਬਲਵੀਰ ਕੌਰ ਨੇ ਜੱਸੇ ਨੂੰ ਕਿਹਾ।
‘‘ਫਿਰ ਮੈਂ ਕੀ ਕਰਾਂ?’’ ਜੱਸਾ ਬੋਲਿਆ।
‘‘ਵੇ ਕਰਨਾ ਕੀ ਐ ਸ਼ਰਾਬ ਈ ਪੀ ਲੈ। ਕੀ ਐ ਜੁਆਕਾਂ ਦਾ ਕੁਝ ਬਣਜੇ ਮੁਆਵਜ਼ਾ ਮਿਲਜੇ। ਪੜ੍ਹ ਲਿਖ ਕੇ ਤਾਂ ਜੁਆਕਾਂ ਨੂੰ ਨੌਕਰੀ ਨਹੀਂ ਮਿਲੀ। ਨਾ ਤੇਰਾ ਕੁਝ ਬਣਿਆ, ਜੁਆਕਾਂ ਦਾ ਤਾਂ ਬਣਾ ਦੇ...’’ ਬਲਵੀਰ ਕੌਰ ਬੜੀ ਤਕਲੀਫ਼ ਭਰੀ ਆਵਾਜ਼ ਵਿੱਚ ਬੋਲ ਰਹੀ।
ਜੱਸਾ ਨਿਰੁੱਤਰ ਹੋਇਆ ਬੈਠਾ ਸੀ।
ਸੰਪਰਕ: 97811-72781
* * *
ਮੈਂ ਤਾਂ ਮੁੰਡਾ ਆਂ
ਮਹਿੰਦਰ ਸਿੰਘ ਮਾਨ
ਸਿਆਲ ਦਾ ਮੌਸਮ ਸੀ ਤੇ ਨਾਲੇ ਐਤਵਾਰ ਸੀ।
ਇਸ ਕਰਕੇ ਮੇਰੇ ਦੋਵੇਂ ਬੱਚੇ ਸਕੂਲ ਨਹੀਂ ਗਏ ਸਨ। ਮੈਂ ਉਨ੍ਹਾਂ ਨੂੰ ਨਾਸ਼ਤਾ ਖੁਆਇਆ ਤੇ ਆਪ ਧੁੱਪ ਸੇਕਣ ਲਈ ਘਰ ਦੀ ਛੱਤ ਉੱਤੇ ਚਲੀ ਗਈ। ਛੱਤ ਉੱਤੇ ਜਾ ਕੇ ਅਚਾਨਕ ਮੇਰੀ ਨਜ਼ਰ ਆਪਣੀ ਗੁਆਂਢਣ ਮਨਜੀਤ ਦੇ ਵਿਹੜੇ ਵਿੱਚ ਪੈ ਗਈ।
ਮੈਂ ਵੇਖਿਆ ਕਿ ਮਨਜੀਤ ਨੇ ਆਪਣੀ ਚਾਰ ਕੁ ਸਾਲ ਦੀ ਬੱਚੀ ਨੀਤੂ ਮੂਹਰੇ ਕੁਝ ਜੂਠੇ ਭਾਂਡੇ ਰੱਖੇ ਹੋਏ ਸਨ ਜਿਨ੍ਹਾਂ ਨੂੰ ਉਹ ਤਰਲੇ ਲੈ ਲੈ ਕੇ ਧੋ ਰਹੀ ਸੀ। ਉਸ ਤੋਂ ਕੁਝ ਦੂਰ ਮਨਜੀਤ ਦਾ ਛੇ ਕੁ ਸਾਲ ਦਾ ਬੱਚਾ ਪਿੰਕਾ ਖਿਡੌਣਿਆਂ ਨਾਲ ਖੇਡ ਰਿਹਾ ਸੀ। ਮੈਂ ਪਿੰਕੇ ਨੂੰ ਆਖਿਆ, ‘‘ਉਏ ਪਿੰਕੇ, ਤੂੰ ਐਥੇ ਕੱਲਾ ਬੈਠਾ ਖੇਡੀ ਜਾਨੈਂ, ਤੇਰੀ ਭੈਣ ਜੂਠੇ ਭਾਂਡੇ ਧੋਂਦੀ ਐ। ਤੂੰ ਕਿਉਂ ਨ੍ਹੀ ਧੋਂਦਾ?’’
ਪਿੰਕੇ ਨੇ ਆਪਣਾ ਮੂੰਹ ਮੇਰੇ ਵੱਲ ਕੀਤਾ ਤੇ ਆਖਣ ਲੱਗਾ, ‘‘ਮੈਂ ਤਾਂ ਮੁੰਡਾ ਆਂ। ਮੁੰਡੇ ਥੋੜ੍ਹਾ ਜੂਠੇ ਭਾਂਡੇ ਧੋਂਦੇ ਹੁੰਦੇ ਐ। ਮੈਂ ਤਾਂ ਖੇਡੂੰਗਾ।’’ ਮੈਂ ਪਿੰਕੇ ਦੀ ਗੱਲ ਸੁਣ ਕੇ ਬੜੀ ਹੈਰਾਨ ਹੋਈ ਤੇ ਇਹ ਸੋਚਣ ਲਈ ਮਜਬੂਰ ਹੋ ਗਈ ਕਿ ਬਚਪਨ ਵਿੱਚ ਖਿਡੌਣਿਆਂ ਨਾਲ ਖੇਡਣ ਦਾ ਹੱਕ ਇਕੱਲੇ ਮੁੰਡਿਆਂ ਦਾ ਕਿਉਂ ਹੈ?
ਸੰਪਰਕ: 99158-03554