ਮਨੂ ਸਮ੍ਰਿਤੀ ਨੇ ਨਹੀਂ, ਸਗੋਂ ਸੰਵਿਧਾਨ ਨੇ ਸਾਨੂੰ ਬੋਲਣ ਦਾ ਹੱਕ ਦਿੱਤਾ: ਖੜਗੇ
ਨਵੀਂ ਦਿੱਲੀ, 3 ਫਰਵਰੀ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਮਜ਼ਬੂਤ ਬਣਾਉਣ ’ਚ ਸੰਵਿਧਾਨ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਮਨੂ ਸਮ੍ਰਿਤੀ ਨੇ ਨਹੀਂ ਸਗੋਂ ਸੰਵਿਧਾਨ ਨੇ ਵਿੱਤ ਮੰਤਰੀ ਨੂੰ ਬਜਟ ਪੇਸ਼ ਕਰਨ ਅਤੇ ਸੰਸਦ ’ਚ ਹਰ ਕਿਸੇ ਨੂੰ ਬੋਲਣ ਦਾ ਹੱਕ ਦਿੱਤਾ ਹੈ। ਰਾਸ਼ਟਰਪਤੀ ਦੇ ਭਾਸ਼ਣ ’ਤੇ ਰਾਜ ਸਭਾ ’ਚ ਚਰਚਾ ਦੀ ਸ਼ੁਰੂਆਤ ਕਰਦਿਆਂ ਵਿਰੋਧੀ ਧਿਰ ਦੇ ਆਗੂ ਖੜਗੇ ਨੇ ਮੋਦੀ ਸਰਕਾਰ ਦੇ 11 ਸਾਲ ਦੇ ਸ਼ਾਸਨ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਵਿਕਾਸ, ਰੁਜ਼ਗਾਰ, ਕਿਸਾਨਾਂ ਦੀ ਭਲਾਈ ਅਤੇ ਸੰਘੀ ਢਾਂਚੇ ਦੇ ਮੁਹਾਜ਼ਾਂ ’ਤੇ ਮੁਕੰਮਲ ਤੌਰ ’ਤੇ ਨਾਕਾਮ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ’ਚ ਕੋਈ ਵਿਕਾਸ ਨਹੀਂ ਹੋਇਆ ਜਿਸ ਦਾ ਅੰਦਾਜ਼ਾ ਜੀਡੀਪੀ ’ਚ ਗਿਰਾਵਟ, ਰੁਪਏ ਦੀ ਕਮਜ਼ੋਰੀ ਅਤੇ ਵਧਦੀ ਬੇਰੁਜ਼ਗਾਰੀ ਤੋਂ ਲਾਇਆ ਜਾ ਸਕਦਾ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਬੀਤੇ ਇਕ ਦਹਾਕੇ ਦੌਰਾਨ ਇਕ ਲੱਖ ਤੋਂ ਵਧ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਖੇਤੀ ਕਰਜ਼ਾ ਹੱਦ ਵਧਾਉਣ ਨਾਲ ਹੀ ਖੇਤੀ ਸੰਕਟ ਦਾ ਹੱਲ ਨਹੀਂ ਨਿਕਲੇਗਾ। ਖੜਗੇ ਨੇ ਦਾਅਵਾ ਕੀਤਾ ਕਿ ਸਿਰਫ਼ ਚਾਰ ਮਹੀਨਿਆਂ ’ਚ ਹੀ 12 ਹਜ਼ਾਰ ਐੱਮਐੱਸਐੱਮਈਜ਼ ਬੰਦ ਹੋ ਗਏ ਹਨ। ਰੇਲਵੇਜ਼ ਅਤੇ ਬੰਦਰਗਾਹਾਂ ਦੇ ਨਿੱਜੀਕਰਨ ਦੀ ਆਲੋਚਨਾ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਇਹ ਸਿਰਫ਼ ਅਡਾਨੀ ਨੂੰ ਸੌਂਪੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਨਤਕ ਖੇਤਰ ਦੇ ਹੱਕ ’ਚ ਹਨ ਜਿਸ ਨਾਲ ਗਰੀਬਾਂ ਦੀ ਸਹਾਇਤਾ ਹੋਵੇਗੀ। ਉਨ੍ਹਾਂ ਆਈਆਈਟੀਜ਼ ਅਤੇ ਆਈਆਈਐੱਮਜ਼ ’ਚ 80 ਤੋਂ 90 ਫ਼ੀਸਦ ਆਮ ਵਰਗਾਂ ਦੇ ਵਿਦਿਆਰਥੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਬਹੁਤ ਹੀ ਥੋੜੀਆਂ ਸੀਟਾਂ ਰਾਖਵੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਿੱਖਿਆ ਅਤੇ ਨੌਕਰੀਆਂ ’ਚ ਐੱਸਸੀ, ਐੱਸਟੀ ਅਤੇ ਓਬੀਸੀਜ਼ ਦੇ ਰਾਖਵੇਂਕਰਨ ਨੂੰ ਖ਼ਤਮ ਕਰਨ ਦੀ ਰਣਨੀਤੀ ਹੈ ਅਤੇ ਉਹ ਮਨੂ ਵੱਲੋਂ ਲਿਖੇ ਸਿਧਾਂਤ ਮੁਤਾਬਕ ਹੀ ਅੱਗੇ ਵਧ ਰਹੇ ਹਨ। ਉਨ੍ਹਾਂ ਭਾਜਪਾ ਆਗੂਆਂ ਅਤੇ ਸੰਘ ਮੁਖੀ ਮੋਹਨ ਭਾਗਵਤ ਦੇ ਬਿਆਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਆਖਦਾ ਹੈ ਕਿ ਦੇਸ਼ ’ਚ ਆਜ਼ਾਦੀ 2014 ਤੋਂ ਬਾਅਦ ਆਈ ਹੈ ਜਦਕਿ ਦੂਜੇ ਮੁਤਾਬਕ ਆਜ਼ਾਦੀ ਰਾਮ ਮੰਦਰ ਬਣਨ ’ਤੇ 2024 ’ਚ ਆਈ ਜੋ ਗਾਂਧੀ, ਨਹਿਰੂ ਅਤੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। -ਪੀਟੀਆਈ
ਮਹਾਂਕੁੰਭ ’ਚ ‘ਹਜ਼ਾਰਾਂ’ ਮੌਤਾਂ ਹੋਣ ਦਾ ਕੀਤਾ ਦਾਅਵਾ
ਨਵੀਂ ਦਿੱਲੀ:
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਉਪਰ ਆਪਣੇ ਸੰਬੋਧਨ ਦੌਰਾਨ ਮਹਾਂਕੁੰਭ ’ਚ ਭਗਦੜ ਦੌਰਾਨ ‘ਹਜ਼ਾਰਾਂ’ ਮੌਤਾਂ ਹੋਣ ਦਾ ਦਾਅਵਾ ਕੀਤਾ। ਇਸ ਨਾਲ ਹੁਕਮਰਾਨ ਧਿਰ ਨੇ ਹੰਗਾਮਾ ਕੀਤਾ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਬਿਆਨ ਵਾਪਸ ਲੈਣ ਲਈ ਕਿਹਾ। ਖੜਗੇ ਨੇ ਕਿਹਾ, ‘‘ਮਹਾਂਕੁੰਭ ’ਚ ਭਗਦੜ ਦੌਰਾਨ ਮੌਤਾਂ ਹੋਣ ਦਾ ਇਹ ਮੇਰਾ ਅੰਦਾਜ਼ਾ ਹੈ ਅਤੇ ਜੇ ਇਹ ਅੰਕੜਾ ਸਹੀ ਨਹੀਂ ਹੈ ਤਾਂ ਸਰਕਾਰ ਨੂੰ ਸੱਚਾਈ ਦੱਸਣੀ ਚਾਹੀਦੀ ਹੈ। ਮੈਂ ਅੰਕੜਾ ਦਰੁਸਤ ਕਰਨ ਲਈ ਤਿਆਰ ਹਾਂ।’’ ਉਨ੍ਹਾਂ ਮਹਾਂਕੁੰਭ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਿਸ ’ਤੇ ਹੁਕਮਰਾਨ ਧਿਰ ਨੇ ਹੰਗਾਮਾ ਕੀਤਾ। ਖੜਗੇ ਨੇ ਕਿਹਾ ਕਿ ਉਨ੍ਹਾਂ ਕਿਸੇ ਨੂੰ ਬਦਨਾਮ ਕਰਨ ਲਈ ਇਸ ਅੰਕੜੇ ਦਾ ਜ਼ਿਕਰ ਨਹੀਂ ਕੀਤਾ ਹੈ ਸਗੋਂ ਸਹੀ ਅੰਕੜਾ ਪਤਾ ਲਾਉਣ ਲਈ ਇਹ ਗੱਲ ਆਖੀ ਹੈ। -ਪੀਟੀਆਈ
ਧਨਖੜ ਵੱਲੋਂ ਵਿਰੋਧੀ ਧਿਰ ਨੂੰ ਰਲ ਕੇ ਕੰਮ ਕਰਨ ਦਾ ਸੱਦਾ
ਨਵੀਂ ਦਿੱਲੀ:
ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਦੇ ਮੈਂਬਰਾਂ ਨੂੰ ਸਾਰੇ ਮਤਭੇਦ ਦੂਰ ਕਰਕੇ ਰਲ ਕੇ ਅਜਿਹੀਆਂ ਨੀਤੀਆਂ ਬਣਾਉਣ ਦਾ ਸੱਦਾ ਦਿੱਤਾ ਜੋ ਆਲਮੀ ਮੰਚ ’ਤੇ ਭਾਰਤ ਨੂੰ ਅਗਾਂਹ ਲਿਜਾਣ ’ਚ ਸਹਾਈ ਹੋਣ। ਧਨਖੜ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਇਕ ਬਿਆਨ ’ਚ ਇਹ ਵੀ ਆਖਿਆ ਕਿ ਕਾਰਜਸ਼ੀਲ ਸੰਸਦ ਲੋਕਤੰਤਰ ਦੀ ਜੀਵਨ ਰੇਖਾ ਹੈ। ਉਨ੍ਹਾਂ ਕਿਹਾ ਕਿ ਸਾਰੇ ਆਗੂਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਇਕ ਅਰਬ ਲੋਕਾਂ ਦੀਆਂ ਆਸਾਂ ਅਤੇ ਸੁਪਨਿਆਂ ਨੂੰ ਲੈ ਕੇ ਚੱਲ ਰਹੇ ਹਨ। ਧਨਖੜ ਨੇ ਕਿਹਾ ਕਿ 75 ਸਾਲਾਂ ਦੇ ਸਫ਼ਰ ਦੌਰਾਨ ਮੁਲਕ ਨੇ ਆਧੁਨਿਕਤਾ ਨੂੰ ਅਪਣਾਇਆ ਪਰ ਗਿਆਨ ਅਤੇ ਵਿਰਾਸਤ ਦਾ ਰਾਹ ਕਦੇ ਨਹੀਂ ਛੱਡਿਆ। -ਪੀਟੀਆਈ