‘ਜ਼ਿੰਦਗੀ ਤਮਾਸ਼ਾ’ ਨਹੀਂ
ਡਾ. ਮਨਦੀਪ ਕੌਰ
ਅਕਸਰ ਕਿਹਾ ਜਾਂਦਾ ਹੈ ਕਿ ਸਿਨਮਾ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਪਤਾ ਨਹੀਂ ਕਿਉਂ ਕਈ ਵਾਰ ਸਮਾਜ ਆਪਣੀ ਹੀ ਤਸਵੀਰ ਇਸ ਸ਼ੀਸ਼ੇ ਵਿੱਚ ਵੇਖਣ ਤੋਂ ਇਨਕਾਰੀ ਹੋ ਜਾਂਦਾ ਹੈ। ਕੁਝ ਇਸੇ ਤਰ੍ਹਾਂ ਦਾ ਹੀ ਵਾਪਰਿਆ ਹਾਲ ਹੀ ਵਿੱਚ ਰਿਲੀਜ਼ ਹੋਈ ਸਰਮਦ ਸਲਮਾਨ ਖੂਸਟ ਦੀ ਪਾਕਿਸਤਾਨੀ ਡਰਾਮਾ ਫਿਲਮ ‘ਜ਼ਿੰਦਗੀ ਤਮਾਸ਼ਾ’ ਨਾਲ। ਪਾਕਿਸਤਾਨੀ ਸੈਂਸਰ ਬੋਰਡ ਅਤੇ ਸੈਨੇਟ ਕਮੇਟੀ ਵੱਲੋਂ ਪ੍ਰਵਾਨਗੀ ਦੇ ਬਾਵਜੂਦ ਇੱਕ ਕੋਰਟ ਕੇਸ ਦੁਆਰਾ ਫਿਲਮ ਦੇ ਸਿਨਮਾ ਘਰਾਂ ਵਿੱਚ ਰਿਲੀਜ਼ ਹੋਣ ’ਤੇ ਰੋਕ ਲਗਾ ਦਿੱਤੀ ਗਈ। ਸਰਮਦ ਖੂਸਟ ਜੋ ਕਿ ਪਹਿਲਾਂ ਵੀ ਵੱਡੇ ਅਤੇ ਛੋਟੇ ਪਰਦੇ ’ਤੇ ਗੰਭੀਰ ਵਿਸ਼ਿਆਂ ਸਬੰਧੀ ਕੰਮ ਕਰਨ ਲਈ ਜਾਣੇ ਜਾਂਦੇ ਹਨ, ਨੇ ਇਸ ਰੋਕ ਤੋਂ ਬਾਅਦ ਫਿਲਮ ਨੂੰ 4 ਅਗਸਤ 2023 ਨੂੰ ਯੂ-ਟਿਊਬ ’ਤੇ ਰਿਲੀਜ਼ ਕਰ ਦਿੱਤਾ ਹੈ। ਫਿਲਮ ਦਾ ਸੰਵਾਦ ਜ਼ਿਆਦਾਤਰ ਪੰਜਾਬੀ ਵਿੱਚ ਹੈ। ਗਲੈਮਰ ਦੇ ਤੜਕੇ ਤੋਂ ਰਹਿਤ ਇਸ ਫਿਲਮ ਦਾ ਵਿਸ਼ਾ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਲਈ ਬੜਾ ਮਹੱਤਵਪੂਰਨ ਹੈ। ਇਸ ਵਿੱਚ ਬਾਖੂਬੀ ਦਿਖਾਇਆ ਗਿਆ ਹੈ ਕਿ ਕਿਸੇ ਮਨਚਲੇ ਨੌਜਵਾਨ ਨੇ ਦਿਲਲਗੀ ਕਰਦਿਆਂ ਇੱਜ਼ਤਦਾਰ ਅਤੇ ਦੀਨ ਦੇ ਪੱਕੇ ਮੁਸਲਮਾਨ ਦੀ ਆਪਣੇ ਮਨ ਦੀ ਮੌਜ ਵਿੱਚ ਆ ਕੇ ਇੱਕ ਫਿਲਮੀ ਗੀਤ ’ਤੇ ਕੀਤੇ ਨਾਚ ਦੀ ਵੀਡੀਓ ਵਾਇਰਲ ਕਰ ਦਿੱਤੀ। ਵੀਡੀਓ ਨਸ਼ਰ ਹੋ ਜਾਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਸ ਦੀ ਰੱਜ ਕੇ ਕਿਰਦਾਰ-ਕੁਸ਼ੀ ਕੀਤੀ ਜਾਂਦੀ ਹੈ ਤੇ ਅਜਿਹਾ ਵਿਵਾਦ ਪੈਦਾ ਹੁੰਦਾ ਹੈ ਕਿ ਧਰਮ ਦੇ ਅਖ਼ੌਤੀ ਅਹੁਦੇਦਾਰਾਂ ਅਤੇ ਆਮ ਸਮਾਜ ਵੱਲੋਂ ਉਸ ਨੇਕ ਦਿਲ ਇਨਸਾਨ ਨੂੰ ਹਕਾਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਈਦ ਵਰਗੇ ਮੁਕੱਦਸ ਮੌਕੇ ’ਤੇ ਵੀ ਉਸ ਨਾਲ ਸਮਾਜਿਕ ਬਾਈਕਾਟ ਵਰਗਾ ਵਰਤਾਵ ਕੀਤਾ ਜਾਂਦਾ ਹੈ।
ਫਿਲਮ ਦਾ ਤਾਣਾ ਬਾਣਾ ਚਾਹੇ ਕੁਝ ਕੁ ਕਲਾਕਾਰਾਂ ਅਤੇ ਲਾਹੌਰ ਦੇ ਇੱਕ ਦਰਮਿਆਨੇ ਤਬਕੇ ਦੇ ਮੁਹੱਲੇ ਦੇ ਇਰਦ ਗਿਰਦ ਹੀ ਘੁੰਮਦਾ ਹੈ, ਪਰ ਇਸ ਦਾ ਸੰਦੇਸ਼ ਬਹੁਤ ਵੱਡਾ ਹੈ। ਪੂਰੀ ਫਿਲਮ ਨੂੰ ਦੋ ਤਰ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਸਮਝਿਆ ਜਾ ਸਕਦਾ ਹੈ। ਪਹਿਲਾ ਦ੍ਰਿਸ਼ਟੀਕੋਣ ਇਹ ਹੈ ਕਿ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਇਹ ਜਿਹੜਾ ਅਸੀਂ ਆਪਣੇ ਸਮਾਰਟ ਫੋਨ ਦੀ ਵਰਤੋਂ ਨਾਲ ਹਰ ਨਿੱਜੀ ਗਤੀਵਿਧੀ ਨੂੰ ਨਸ਼ਰ ਕਰਨ ਦਾ ਸ਼ੁਗਲ ਪਾਲ ਲਿਆ ਹੈ, ਇਹ ਕਿਸੇ ਦੀ ਹੱਸਦੀ ਵੱਸਦੀ ਜ਼ਿੰਦਗੀ ਦਾ ਤਮਾਸ਼ਾ ਬਣਾ ਸਕਦਾ ਹੈ। ਬੰਦੇ ਦਾ ਵਿਅਕਤੀਤਵ ਬਸ ਓਨਾ ਹੀ ਨਹੀਂ ਹੁੰਦਾ ਜਿਨਾਂ ਕੁਝ ਕੁ ਸਕਿੰਟਾਂ ਦੀ ਵੀਡੀਓ ਰਾਹੀਂ ਸਾਨੂੰ ਨਜ਼ਰ ਆਉਂਦਾ ਹੈ। ਅਕਸਰ ਵੇਖਿਆ ਗਿਆ ਹੈ ਕਿ ਬੰਦਾ ਸੋਸ਼ਲ ਮੀਡੀਆ ’ਤੇ ਆਪਣੇ ਆਪ ਨੂੰ ਬਹੁਤ ਵੱਡਾ ਤੇ ਦੂਜੇ ਨੂੰ ਨੀਵਾਂ ਦਿਖਾਉਣ ਦੀ ਦੌੜ ਵਿੱਚ ਲੱਗਾ ਹੋਇਆ ਹੈ। ਸਟੇਟਸ ਜਾਂ ਸਟੋਰੀ ਵਰਗੇ ਸ਼ਬਦ ਕਦੀ ਆਪਣੇ ਆਪ ਵਿੱਚ ਵਰ੍ਹਿਆਂ ਦੀ ਮਿਹਨਤ ਸਮੋਈ ਬੈਠੇ ਸਨ। ਜ਼ਿੰਦਗੀ ਦੇ ਬਿਖੜੇ ਪੈਂਡਿਆਂ ਦੀ ਘਾਲਣਾ ਘਾਲ ਕੇ ਬੰਦਾ ਕਿਸੇ ਰੁਤਬੇ ’ਤੇ ਪਹੁੰਚਦਾ ਸੀ ਤਾਂ ਕਿਤੇ ਜਾ ਕੇ ਉਸ ਦਾ ਕੋਈ ਸਟੇਟਸ ਜਾਂ ਸਟੋਰੀ ਬਣਦੀ ਸੀ। ਪਰ ਅੱਜਕੱਲ੍ਹ ਤਾਂ ਹਰ ਆਮ ਬੰਦਾ ਜਿਸ ਦੇ ਹੱਥ ਵਿੱਚ ਸਮਾਰਟ ਫੋਨ ਹੈ, ਉਸ ਦਾ ਸਟੇਟਸ ਹੁੰਦਾ ਹੈ।
ਦੂਜਾ ਕੋਣ ਇਹ ਹੈ ਕਿ ਸਾਡੀ ਫ਼ਿਤਰਤ ਹੀ ਬਣ ਗਈ ਹੈ ਕਿ ਪਹਿਲਾਂ ਅਸੀਂ ਖ਼ੁਦ ਹੀ ਕਿਸੇ ਨੂੰ ਉਸ ਦੇ ਕੀਤੇ ਨੇਕ ਕੰਮਾਂ ਦੇ ਬਦਲੇ ਕਿਸੇ ਉੱਚੀ ਪਦਵੀ ’ਤੇ ਬਿਠਾ ਦਿੰਦੇ ਹਾਂ। ਫਿਰ ਉਸ ਪਦਵੀ ਦੇ ਹਾਣ ਦੇ ਕਾਇਦੇ ਕਾਨੂੰਨ ਉਸ ਉੱਪਰ ਲਾਗੂ ਕਰ ਦਿੰਦੇ ਹਾਂ। ਉਹ ਥੋੜ੍ਹਾ ਵੀ ਕਾਇਦੇ ਕਾਨੂੰਨ ਦੀ ਉਸ ਰੇਖਾ ਤੋਂ ਇੱਧਰ ਉੱਧਰ ਹੋਇਆ ਨਹੀਂ ਕਿ ਅਸੀਂ ਆਲੋਚਨਾ ਲਈ ਆਪਣਾ ਮੂੰਹ ਖੋਲ੍ਹਿਆ ਨਹੀਂ। ਆਲੋਚਨਾ ਕਰਦੇ ਸਮੇਂ ਅਸੀਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਵੀ ਭੁੱਲ ਜਾਂਦੇ ਹਾਂ। ਮਨੁੱਖੀ ਮਨ ਦਾ ਵੀ ਇੱਕ ਸਹਿਜ ਜਿਹਾ ਵੇਗ ਹੁੰਦਾ ਹੈ। ਉਸ ਦਾ ਜਿੰਨਾ ਫ਼ਰਜ਼ ਕਿਸੇ ਦੁਖਦਾਈ ਸਥਿਤੀ ਵਿੱਚ ਗੰਭੀਰ ਹੋ ਕੇ ਵਿਚਰਨ ਦਾ ਹੈ, ਓਨਾ ਹੀ ਹੱਕ ਆਪਣੇ ਮਨ ਦੀ ਮੌਜ ਵਿੱਚ ਆ ਕੇ ਹੱਸਣ, ਨੱਚਣ, ਗਾਉਣ ਦਾ ਵੀ ਹੈ। ਇਹ ਸਹਿਜ ਇਨਸਾਨੀ ਪ੍ਰਵਿਰਤੀਆਂ ਹਨ। ਸਗੋਂ ਇਨ੍ਹਾਂ ਦੀ ਅਣਹੋਂਦ ਕਿਸੇ ਇਨਸਾਨ ਦੇ ਸਮੁੱਚੇ ਵਿਅਕਤੀਤਵ ਵਿੱਚ ਕਿਸੇ ਖ਼ਾਮੀ ਦਾ ਪ੍ਰਤੀਕ ਹੈ। ਸਹੀ ਮਾਅਨਿਆਂ ਵਿੱਚ ਕੋਈ ਵੀ ਮਜ਼੍ਹਬ ਇਨਸਾਨ ਨੂੰ ਉਸ ਦੇ ਖੁਸ਼ ਰਹਿਣ ਦੇ ਹੱਕ ਤੋਂ ਮਹਿਰੂਮ ਨਹੀਂ ਕਰਦਾ। ਇਹ ਤਾਂ ਧਰਮਾਂ ਦੇ ਠੇਕੇਦਾਰਾਂ ਵੱਲੋਂ ਠੋਸੀਆਂ ਗਈਆਂ ਬੰਦਿਸ਼ਾਂ ਹਨ ਜੋ ਕਈ ਵਾਰ ਇਨਸਾਨ ਦੀ ਜ਼ਿੰਦਗੀ ਨੂੰ ਨੀਰਸ ਬਣਾ ਦਿੰਦੀਆਂ ਹਨ। ਸਾਡੇ ਵਿੱਚੋਂ ਬਹੁਤਿਆਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਕਿ ਰਿਕਾਰਡਿੰਗ ਕਿਸ ਚੀਜ਼ ਦੀ ਕਰਨੀ ਚਾਹੀਦੀ ਹੈ ਤੇ ਕਿਸ ਦੀ ਨਹੀਂ। ਜੇਕਰ ਅਸੀਂ ਆਪਣੇ ਫੋਨ ਵਿੱਚ ਰਿਕਾਰਡ ਕਰਕੇ ਕਿਸੇ ਦੀ ਨਿੱਜਤਾ ਦਾ ਮਜ਼ਾਕ ਉਡਾਉਂਦੇ ਹਾਂ ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਸਾਡੀ ਸਮਝ ਦਾ ਘੜਾ ਅਜੇ ਊਣਾ ਹੈ। ਕੁਲ ਮਿਲਾ ਕੇ ਫਿਲਮ ਇਹੀ ਸਿੱਖਿਆ ਦਿੰਦੀ ਹੈ ਕਿ ਸੋਸ਼ਲ ਮੀਡੀਆ ਦੇ ਦੁਰਉਪਯੋਗ ਤੋਂ ਪਰਹੇਜ਼ ਕਰਕੇ ਅਸੀਂ ਕਿਸੇ ਇੱਜ਼ਤਦਾਰ ਇਨਸਾਨ ਦੀ ਜ਼ਿੰਦਗੀ ਦਾ ਤਮਾਸ਼ਾ ਬਣਨ ਤੋਂ ਰੋਕ ਸਕਦੇ ਹਾਂ। ਅਦਾਕਾਰ ਆਰਿਫ਼ ਹਸਨ ਆਪਣੀ ਬਾ- ਕਮਾਲ ਅਦਾਕਾਰੀ ਲਈ ਵਧਾਈ ਦੇ ਪਾਤਰ ਹਨ।
ਸੰਪਰਕ: 70878-61470