ਝਾਰਖੰਡ ਵਿਚ 12 ਸੀਟਾਂ ਤੋਂ ਘੱਟ ਮਨਜ਼ੂਰ ਨਹੀਂ: ਆਰਜੇਡੀ
ਰਾਂਚੀ, 20 ਅਕਤੂਬਰ
ਝਾਰਖੰਡ ਅਸੈਂਬਲੀ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਤੇ ਕਾਂਗਰਸ ਨਾਲ ਨਾਰਾਜ਼ਗੀ ਜਤਾਉਂਦਿਆਂ ਰਾਸ਼ਟਰੀ ਜਨਤਾ ਦਲ ਨੇ ਅੱਜ ਕਿਹਾ ਕਿ ਉਹ 12 ਸੀਟਾਂ ਤੋਂ ਘੱਟ ’ਤੇ ਨਹੀਂ ਮੰਨਣਗੇ, ਪਰ ਜੇ ਇਕੱਲੇ ਚੋਣ ਲੜਨੀ ਵੀ ਪਈ ਤਾਂ ਉਹ ਇੰਡੀਆ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਸੱਟ ਨਹੀਂ ਮਾਰਨਗੇ। ਚੇਤੇ ਰਹੇ ਕਿ ਜੇਐੱਮਐੱਮ ਤੇ ਕਾਂਗਰਸ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਸੀ ਕਿ ਦੋਵੇਂ ਪਾਰਟੀਆਂ ਸੂਬੇ ਦੀਆਂ 81 ਅਸੈਂਬਲੀ ਸੀਟਾਂ ਵਿਚੋਂ 70 ਉੱਤੇ ਆਪਣੇ ਉਮੀਦਵਾਰ ਖੜ੍ਹੇ ਕਰਨਗੀਆਂ। ਇਸ ਦੌਰਾਨ ਆਰਜੇਡੀ ਆਗੂ ਤੇਜਸਵੀ ਯਾਦਵ ਨੇ ਅੱਜ ਰਾਂਚੀ ਵਿਚ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਮੁਲਾਕਾਤ ਕਰਕੇ ਸੀਟਾਂ ਦੀ ਵੰਡ ਬਾਰੇ ਫਾਰਮੂਲੇ ’ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਪਾਰਟੀ ਆਗੂ ਤੇ ਰਾਜ ਸਭਾ ਮੈਂਬਰ ਮਨੋਜ ਝਾਅ ਵੀ ਮੌਜੂਦ ਸਨ।
ਆਰਜੇਡੀ ਤਰਜਮਾਨ ਮਨੋਜ ਕੁਮਾਰ ਝਾਅ ਨੇ ਮਗਰੋਂ ਕਿਹਾ, ‘‘ਸਾਨੂੰ 12-13 ਸੀਟਾਂ ਤੋਂ ਘੱਟ ਕੁਝ ਵੀ ਸਵੀਕਾਰ ਨਹੀਂ ਹੈ ਕਿਉਂਕਿ 18 ਤੋਂ 20 ਸੀਟਾਂ ਉੱਤੇ ਆਰਜੇਡੀ ਦੀ ਚੰਗੀ ਪਕੜ ਹੈ। ਜੇ ਸਾਨੂੰ ਤਿੰਨ ਤੋਂ ਚਾਰ ਸੀਟਾਂ ’ਤੇ ਲੜਨ ਲਈ ਕਿਹਾ ਗਿਆ ਤਾਂ ਅਸੀਂ ਇਸ ਲਈ ਤਿਆਰ ਨਹੀਂ ਹਾਂ।’’ ਝਾਅ ਨੇ ਕਿਹਾ, ‘‘ਸਾਡਾ ਇਕੋ ਇਕ ਨਿਸ਼ਾਨਾ ਭਾਜਪਾ ਨੂੰ ਹਰਾਉਣਾ ਹੈ, ਅਸੀਂ ਇੰਡੀਆ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਸਾਬੋਤਾਜ ਨਹੀਂ ਕਰਾਂਗੇ।’’ ਰਾਜ ਸਭਾ ਮੈਂਬਰ ਝਾਅ ਨੇ ਕਿਹਾ ਕਿ ਜੇ ਪਾਰਟੀ ਇਨ੍ਹਾਂ ਚੋਣਾਂ ਵਿਚ ਇਕੱਲਿਆਂ ਲੜਨ ਦਾ ਫੈਸਲਾ ਕਰਦੀ ਹੈ ਤਾਂ ਵੀ ਉਹ 60 ਤੋਂ 62 ਸੀਟਾਂ ’ਤੇ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਕਰਨਗੇ।’’ ਪਿਛਲੀ ਵਾਰ ਆਰਜੇਡੀ ਨੇ ਸੱਤ ਸੀਟਾਂ ’ਤੇ ਚੋਣ ਲੜੀ ਸੀ, ਪਰ ਪਾਰਟੀ ਇਕ ਸੀਟ ਹੀ ਜਿੱਤ ਸਕੀ। ਪਾਰਟੀ ਵਿਧਾਇਕ ਸੱਤਿਆਨੰਦ ਭੋਕਤਾ ਹੇਮੰਤ ਸੋਰੇਨ ਕੈਬਨਿਟ ਵਿਚ ਮੰਤਰੀ ਸੀ। -ਪੀਟੀਆਈ