ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਹੀਂ ਲੱਭਣਾ ਰਤਨ

07:27 AM Oct 11, 2024 IST

ਰਤਨ ਨਵਲ ਟਾਟਾ ਦੂਰਦਰਸ਼ੀ ਸਨਅਤਕਾਰ ਸਨ ਜਿਨ੍ਹਾਂ ਦਾ ਭਾਰਤ ਦੇ ਅਰਥਚਾਰੇ ਉੱਪਰ ਬਹੁਤ ਗਹਿਰਾ ਤੇ ਵਿਆਪਕ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਪਰ ਉਨ੍ਹਾਂ ਦੀ ਵਿਲੱਖਣ ਪਛਾਣ ਇਸ ਕਰ ਕੇ ਸੀ ਕਿ ਸਮਾਜ ਦੇ ਵੱਖੋ-ਵੱਖਰੇ ਤਬਕਿਆਂ ਤੋਂ ਉਨ੍ਹਾਂ ਨੂੰ ਜੋ ਮਾਣ-ਸਤਿਕਾਰ ਮਿਲਦਾ ਸੀ, ਉਸ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ। ਬੁੱਧਵਾਰ ਰਾਤੀਂ 87 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੇ ਚਲਾਣੇ ’ਤੇ ਲੋਕਾਂ ਨੇ ਜਿਵੇਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਸ ਤੋਂ ਉਨ੍ਹਾਂ ਦੀ ਹਰਮਨਪਿਆਰਤਾ ਦੀ ਤਸਦੀਕ ਹੁੰਦੀ ਹੈ। ਉਹ ਦੋ ਦਹਾਕਿਆਂ ਤੋਂ ਵੱਧ ਅਰਸੇ ਤੱਕ ਟਾਟਾ ਸੰਨਜ਼ ਦੇ ਚੇਅਰਮੈਨ ਰਹੇ ਅਤੇ ਉਨ੍ਹਾਂ ਆਪਣੇ ਹੱਥੀਂ ਲਿਖੇ ਆਪਣੇ ਸ਼ਰਧਾਂਜਲੀ ਲੇਖ ਵਿੱਚ ਆਖਿਆ ਸੀ- “ਮੈਨੂੰ ਉਮੀਦ ਹੈ ਕਿ ਲੋਕ ਇਹ ਮੰਨਣਗੇ ਕਿ ਮੈਂ ਗਰੁੱਪ ਦੀ ਅਗਵਾਈ ਮਾਣਮੱਤੇ ਢੰਗ ਨਾਲ ਕਰਨ ਦੇ ਯੋਗ ਹੋਇਆ ਸਾਂ ਅਤੇ ਮੈਂ ਸਹੀ ਕੰਮ ਕਰਨ ਦਾ ਯਤਨ ਕੀਤਾ ਸੀ।” ਇਸ ਮਨੋਰਥ, ਆਸ਼ਾਵਾਦ ਅਤੇ ਉੱਦਮਸ਼ੀਲਤਾ ਦਾ ਜੋ ਮੁਜ਼ਾਹਰਾ ਉਨ੍ਹਾਂ ਕੀਤਾ, ਉਹ ਉਨ੍ਹਾਂ ਦੀ ਵਿਲੱਖਣ ਸ਼ਖ਼ਸੀਅਤ ਦਾ ਲੱਛਣ ਹੀ ਸੀ। ਕਾਰੋਬਾਰੀਆਂ ਅਤੇ ਸਨਅਤਕਾਰਾਂ ਦਾ ਸਮੂਹ ਵਡੇਰਾ ਹੋ ਰਿਹਾ ਹੈ ਪਰ ਰਤਨ ਟਾਟਾ ਨੂੰ ਉਨ੍ਹਾਂ ਸਾਰਿਆਂ ਤੋਂ ਵੱਖਰਿਆਉਣ ਅਤੇ ਕਰੋੜਾਂ ਲੋਕਾਂ ਦੇ ਪਿਆਰ ਦਾ ਪਾਤਰ ਬਣਾਉਣ ਵਾਲੀ ਜੋ ਚੀਜ਼ ਸੀ, ਉਹ ਸੀ ਉਨ੍ਹਾਂ ਅੰਦਰਲੀ ਜ਼ਿੰਮੇਵਾਰੀ, ਜਵਾਬਦੇਹੀ ਅਤੇ ਸਾਫ਼ਗੋਈ ਦੀ ਭਾਵਨਾ। ਉਨ੍ਹਾਂ ਕਾਰੋਬਾਰੀ ਵਿਹਾਰ ਵਿੱਚ ਸਾਫ਼ਗੋਈ ਵਰਤ ਕੇ ਨਾਮਣਾ ਖੱਟਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਨਿਮਰਤਾ, ਸ਼ੁਰੂ ਕੀਤੇ ਬੇਸ਼ੁਮਾਰ ਦਾਨ ਕਾਰਜਾਂ, ਸਟਾਰਟਅੱਪਸ ਲਈ ਉਨ੍ਹਾਂ ਦਾ ਉਤਸ਼ਾਹ ਅਤੇ ਜਾਨਵਰਾਂ ਨਾਲ ਮੋਹ ਉਨ੍ਹਾਂ ਦੀ ਸ਼ਖਸੀਅਤ ਨੂੰ ਚਾਰ ਚੰਨ ਲਾਉਣ ਵਾਲੇ ਲੱਛਣ ਸਨ। ਲਾਲਚ ਅਤੇ ਸ਼ਾਹਖਰਚੀ ਦੇ ਅਜੋਕੇ ਦੌਰ ਵਿਚ ਉਹ ਦੀਵਾ ਲੈ ਕੇ ਭਾਲੇ ਜਾਣ ਵਾਲੇ ਕਾਰੋਬਾਰੀ ਅਤੇ ਇਨਸਾਨ ਬਣੇ ਰਹੇ। ਉਨ੍ਹਾਂ ਦੀ ਹਲੀਮੀ ਦੇ ਸਾਰੇ ਕਾਇਲ ਸਨ। ਰਤਨ ਟਾਟਾ ਦਾ ਸਫ਼ਰ ਇਕ ਪ੍ਰੇਰਣਾਦਾਇਕ ਕਹਾਣੀ ਹੈ ਜੋ ਉਨ੍ਹਾਂ ਦੀ ਦੂਰਦਰਸ਼ੀ ਸੋਚ, ਮਿਹਨਤ ਤੇ ਅਗਵਾਈ ਦੀ ਮੁਹਾਰਤ ਨੂੰ ਦਰਸਾਉਂਦੀ ਹੈ।
ਉਨ੍ਹਾਂ ਦਾ ਜਨਮ 1937 ਵਿਚ ਹੋਇਆ ਅਤੇ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਭਾਰਤ ਨੇ ਬਹੁਤ ਵੱਡੀਆਂ ਤਬਦੀਲੀਆਂ ਹੁੰਦੀਆਂ ਦੇਖੀਆਂ ਹਨ। 1991 ਵਿਚ ਉਨ੍ਹਾਂ ਆਪਣੇ ਜੇਆਰਡੀ ਟਾਟਾ ਤੋਂ ਟਾਟਾ ਸਮੂਹ ਦੀ ਵਾਗਡੋਰ ਸੰਭਾਲੀ ਸੀ ਜਿਸ ਦਾ ਦੁਨੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਸਮੂਹਾਂ ਵਿੱਚ ਸ਼ੁਮਾਰ ਹੁੰਦਾ ਹੈ। ਸਬੱਬ ਨਾਲ ਇਹ ਅਜਿਹਾ ਵਕਤ ਸੀ ਜਦੋਂ ਭਾਰਤ ਆਪਣੇ ਅਰਥਚਾਰੇ ਦੇ ਦਰ ਦੁਨੀਆ ਲਈ ਖੋਲ੍ਹ ਰਿਹਾ ਸੀ। ਦੇਸ਼ ਤੋਂ ਬਾਹਰ ਦਲੇਰਾਨਾ ਢੰਗ ਨਾਲ ਨਿਵੇਸ਼ ਕਰਨ ਵਾਲੇ ਇਸ ਟਾਟਾ ਗਰੁੱਪ ਨੇ ਭਾਰਤੀ ਕਾਰਪੋਰੇਟ ਜਗਤ ਦੇ ਦੂਤ ਦੀ ਭੂਮਿਕਾ ਬਾਖ਼ੂਬੀ ਨਿਭਾਈ ਅਤੇ ਫਿਰ ਉਹ ਇਸ ਦੇ ਵਡੇਰੇ ਖੈਰਖ਼ਾਹ ਦੇ ਰੂਪ ਵਿਚ ਵਿਚਰਦੇ ਰਹੇ। ਉਨ੍ਹਾਂ ਦੀ ਅਗਵਾਈ ਵਿਚ ਟਾਟਾ ਸਮੂਹ ਨੇ ਕਈ ਇਤਿਹਾਸਕ ਉਪਲਬਧੀਆਂ ਹਾਸਲ ਕੀਤੀਆਂ ਤੇ ਵੱਡੀਆਂ ਕੰਪਨੀਆਂ ਖਰੀਦੀਆਂ। ਉਨ੍ਹਾਂ ਦੀ ਅਗਵਾਈ ’ਚ ਟਾਟਾ ਸਮੂਹ ਨੇ ਟੇਟਲੀ, ਕੋਰਸ, ਜੈਗੂਅਰ ਲੈਂਡ ਰੋਵਰ ਵਰਗੀਆਂ ਕੌਮਾਂਤਰੀ ਕੰਪਨੀਆਂ ਆਪਣੇ ਗਰੁੱਪ ਦਾ ਹਿੱਸਾ ਬਣਾਈਆਂ। ਰਤਨ ਟਾਟਾ ਦੇ ਮਾਰਗਦਰਸ਼ਨ ਵਿਚ ਹੀ ਟਾਟਾ ਗਰੁੱਪ ਵੱਲੋਂ 2022 ’ਚ ਏਅਰ ਇੰਡੀਆ ਦਾ ਰਲੇਵਾਂ ਕੀਤਾ ਗਿਆ। ਸਮਾਜ ਭਲਾਈ ਵਿਚ ਵੀ ਟਾਟਾ ਗਰੁੱਪ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਈ ਵਿਦਿਅਕ ਸੰਸਥਾਵਾਂ ਤੇ ਉੱਚ ਪੱਧਰੀ ਹਸਪਤਾਲਾਂ ਦੀ ਨੀਂਹ ਰੱਖੀ ਅਤੇ ਉਨ੍ਹਾਂ ਨੂੰ ਚਲਾਇਆ। ਭਾਰਤ ਦੀ ਸਭ ਤੋਂ ਸਸਤੀ ਤੇ ਛੋਟੀ ਕਾਰ ਨੈਨੋ ਬਣਾਉਣ ਦਾ ਉਨ੍ਹਾਂ ਦੇ ਪ੍ਰਾਜੈਕਟ ਨੂੰ ਪੱਛਮੀ ਬੰਗਾਲ ਵਿੱਚ ਸਿਆਸੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਫਿਰ ਇਸ ਕਾਰ ਦੀ ਵਿਕਰੀ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਇਹ ਉਨ੍ਹਾਂ ਲਈ ਆਪਣੇ ਵਡੇਰੇ ਸੁਫਨੇ ਦੀਆਂ ਸੀਮਤਾਈਆਂ ਦਾ ਕਰਾਰਾ ਸਬਕ ਸੀ। 2008 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਦਿੱਤਾ ਸੀ। ਇਸ ਤੋਂ ਪਹਿਲਾਂ ਸੰਨ 2000 ਵਿਚ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 28 ਦਸੰਬਰ 2012 ਨੂੰ ਟਾਟਾ ਸੰਨਜ਼ ਦੇ ਚੇਅਰਮੈਨ ਦੇ ਰੂਪ ਵਿਚ ਰਿਟਾਇਰ ਹੋ ਗਏ। ਸਾਲ 1991 ਤੋਂ ਲੈ ਕੇ ਲਗਾਤਾਰ 21 ਸਾਲ ਉਨ੍ਹਾਂ ਟਾਟਾ ਗਰੁੱਪ ਦੀ ਅਗਵਾਈ ਕੀਤੀ। ਫਿਲਹਾਲ ਸਮੂਹ ਦੀ ਕਮਾਨ ਐੱਨ. ਚੰਦਰਸ਼ੇਖਰਨ ਕੋਲ ਹੈ। ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਇਕ ਬਿਆਨ ਵਿਚ ਟਾਟਾ ਦੇ ਅਕਾਲ ਚਲਾਣੇ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਨੂੰ ਆਪਣਾ ‘ਦੋਸਤ, ਮੈਂਟਰ ਤੇ ਗਾਈਡ’ ਦੱਸਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਨਾਥ ਸਿੰਘ, ਰਾਹੁਲ ਗਾਂਧੀ ਤੇ ਗੌਤਮ ਅਡਾਨੀ ਸਣੇ ਹੋਰਨਾਂ ਨੇ ਟਾਟਾ ਦੇ ਦੇਹਾਂਤ ’ਤੇ ਦੁੱਖ ਜਤਾਇਆ। ਟਾਟਾ ਦਾ ਮੁੰਬਈ ਦੇ ਵਰਲੀ ਇਲਾਕੇ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਅੰਤਿਮ ਸਸਕਾਰ ਤੋਂ ਪਹਿਲਾਂ ਮ੍ਰਿਤਕ ਦੇਹ ਸ਼ਮਸ਼ਾਨਘਾਟ ’ਚ ਲਿਆਂਦੇ ਜਾਣ ਮਗਰੋਂ ਮੁੰਬਈ ਪੁਲੀਸ ਦੀ ਟੁਕੜੀ ਵੱਲੋਂ ਟਾਟਾ ਨੂੰ ਸਲਾਮੀ ਦਿੱਤੀ ਗਈ।
ਇਸ ਤੋਂ ਪਹਿਲਾਂ ਸਮੂਹ ਦੇ ਚੇਅਰਮੈਨ ਰਹੇ ਸਾਇਰਸ ਮਿਸਤਰੀ ਤੋਂ ਟਾਟਾ ਗਰੁੱਪ ਦਾ ਕੰਟਰੋਲ ਵਾਪਸ ਲੈਣ ਲਈ ਰਤਨ ਟਾਟਾ ਨੇ ਕਾਨੂੰਨੀ ਲੜਾਈ ਵੀ ਲੜੀ। ਆਖਰ ਚਾਰ ਸਾਲ ਬਾਅਦ ਉਹ ਸਾਇਰਸ ਨੂੰ ਟਾਟਾ ਗਰੁੱਪ ਦੇ ਕਾਰਜਕਾਰੀ ਮੁਖੀ ਦੇ ਅਹੁਦੇ ਤੋਂ ਹਟਾਉਣ ਵਿਚ ਸਫਲ ਰਹੇ। ਹਾਲਾਂਕਿ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਜਿੱਥੇ ਦੋਵਾਂ ਧਿਰਾਂ ਦੇ ਵਕੀਲ ਆਪੋ-ਆਪਣੀ ਧਿਰ ਦੀ ਪੈਰਵੀ ਕਰਦੇ ਰਹੇ।
ਰਤਨ ਟਾਟਾ ਨੇ ਵਿਆਹ ਨਹੀਂ ਕਰਵਾਇਆ। ਉਨ੍ਹਾਂ ਇਕ ਵਾਰ ਕਿਹਾ ਸੀ, “ਜੇ ਮੇਰਾ ਪਰਿਵਾਰ ਹੁੰਦਾ ਤਾਂ ਮੈਂ ਜਿਵੇਂ ਗਰੁੱਪ ਨੂੰ ਸਮਾਂ ਦੇ ਸਕਿਆ ਹਾਂ, ਉਵੇਂ ਸ਼ਾਇਦ ਨਾ ਦੇ ਸਕਦਾ” ਪਰ ਉਹ ਆਪਣੇ ਪਿਛਾਂਹ ਆਪਣਾ ਜੋ ਪਰਿਵਾਰ ਛੱਡ ਗਏ ਹਨ, ਉਸ ਲਈ ਉਨ੍ਹਾਂ ਦਾ ਵਿਛੋੜਾ ਝੱਲਣਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਨੂੰ ਜਾਣਨ ਵਾਲਿਆਂ ਦਾ ਦੱਸਣਾ ਹੈ ਕਿ ਉਹ ਮਜ਼ਦੂਰਾਂ ਨਾਲ ਵੀ ਕੰਪਨੀ ਨੂੰ ਅੱਗੇ ਵਧਾਉਣ ਬਾਰੇ ਚਰਚਾ ਕਰਦੇ ਸਨ। 1937 ’ਚ ਜਨਮੇ ਰਤਨ ਟਾਟਾ ਦਾ ਪਾਲਣ-ਪੋਸ਼ਣ 1948 ਵਿਚ ਉਨ੍ਹਾਂ ਦੇ ਮਾਤਾ-ਪਿਤਾ ਦਾ ਤਲਾਕ ਹੋਣ ਤੋਂ ਬਾਅਦ ਉਨ੍ਹਾਂ ਦੀ ਦਾਦੀ ਨਵਾਜਬਾਈ ਟਾਟਾ ਨੇ ਕੀਤਾ ਸੀ। ਉਦਯੋਗ ਜਗਤ ਦੇ ਮਹਾਨਾਇਕ ਰਤਨ ਟਾਟਾ ਦਾ ਦੇਹਾਂਤ ਦੇਸ਼ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਉਨ੍ਹਾਂ ਨਾ ਸਿਰਫ ਟਾਟਾ ਸਮੂਹ ਨੂੰ ਨਵੀਆਂ ਬੁਲੰਦੀਆਂ ਉਤੇ ਪਹੁੰਚਾਇਆ ਬਲਕਿ ਭਾਰਤੀ ਉਦਯੋਗ ਨੂੰ ਵੀ ਆਲਮੀ ਮੰਚ ’ਤੇ ਸਤਿਕਾਰ ਦਿਵਾਇਆ। ਉਨ੍ਹਾਂ ਦੇ ਦੇਹਾਂਤ ’ਤੇ ਖੇਡ, ਉਦਯੋਗ, ਰਾਜਨੀਤੀ ਤੇ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਅਫ਼ਸੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਦਾ ਮੁੰਬਈ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਲਗਭਗ ਹਰੇਕ ਖੇਤਰ ਦੀਆਂ ਵੱਡੀਆਂ ਸ਼ਖ਼ਸੀਅਤਾਂ ਹਾਜ਼ਰ ਰਹੀਆਂ। ਦੇਸ਼ ਦੇ ਵਿਕਾਸ ’ਚ ਟਾਟਾ ਪਰਿਵਾਰ ਦਾ ਵੱਡਾ ਯੋਗਦਾਨ ਰਿਹਾ ਹੈ ਤੇ ਰਤਨ ਟਾਟਾ ਨੇ ਵੀ ਆਪਣੇ ਫੈਸਲਿਆਂ ਨਾਲ ਪਰਿਵਾਰ ਦੀ ਇਸ ਮਹਾਨ ਵਿਰਾਸਤ ਨੂੰ ਅੱਗੇ ਵਧਾਇਆ। ਹੁਣ ਰਤਨ ਆਪਣੇ ਮਗਰ ਵੀ ਇਕ ਵੱਡੀ ਵਿਰਾਸਤ ਛੱਡ ਗਏ ਹਨ ਜਿਸ ਨੂੰ ਅੱਗੇ ਵਧਾਉਣਾ ਕਾਫੀ ਜ਼ਿੰਮੇਵਾਰੀ ਵਾਲਾ ਕਾਰਜ ਹੋਵੇਗਾ। ਪੂਰਾ ਦੇਸ਼ ਉਨ੍ਹਾਂ ਦੇ ਦੇਹਾਂਤ ’ਤੇ ਅਫ਼ਸੋਸ ਜਤਾ ਰਿਹਾ ਹੈ ਤੇ ਵਿਛੜੀ ਰੂਹ ਨੂੰ ਵੱਖ-ਵੱਖ ਢੰਗ ਨਾਲ ਯਾਦ ਰਿਹਾ ਹੈ।

Advertisement

Advertisement