For the best experience, open
https://m.punjabitribuneonline.com
on your mobile browser.
Advertisement

ਹਰ ਚੀਜ਼ ’ਤੇ ਸ਼ੱਕ ਨਹੀਂ ਕੀਤਾ ਜਾ ਸਕਦੈ: ਸੁਪਰੀਮ ਕੋਰਟ

07:05 AM Apr 19, 2024 IST
ਹਰ ਚੀਜ਼ ’ਤੇ ਸ਼ੱਕ ਨਹੀਂ ਕੀਤਾ ਜਾ ਸਕਦੈ  ਸੁਪਰੀਮ ਕੋਰਟ
Advertisement

ਨਵੀਂ ਦਿੱਲੀ, 18 ਅਪਰੈਲ
ਚੋਣ ਪ੍ਰਣਾਲੀ ’ਚ ਵੋਟਰਾਂ ਦੀ ਤਸੱਲੀ ਅਤੇ ਭਰੋਸੇ ਦੀ ਅਹਿਮੀਅਤ ਜਤਾਉਂਦਿਆਂ ਸੁਪਰੀਮ ਕੋਰਟ ਨੇ ਪਟੀਸ਼ਨਰਾਂ ਨੂੰ ਕਿਹਾ ਕਿ ਉਹ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਦੀ ਕਾਰਜਕੁਸ਼ਲਤਾ ’ਤੇ ਸ਼ੱਕ ਨਾ ਕਰਨ ਅਤੇ ਜੇਕਰ ਚੋਣ ਕਮਿਸ਼ਨ ਕੋਈ ਚੰਗਾ ਕੰਮ ਕਰ ਰਿਹਾ ਹੈ ਤਾਂ ਉਸ ਦੀ ਸ਼ਲਾਘਾ ਕੀਤੀ ਜਾਵੇ। ਪਟੀਸ਼ਨਰਾਂ ਨੇ ਬੈਲੇਟ ਪੇਪਰਾਂ ਰਾਹੀਂ ਮੁੜ ਤੋਂ ਵੋਟਾਂ ਪਵਾਉਣ ਦੀ ਮੰਗ ਕਰਦਿਆਂ ਇਸ ਸਬੰਧੀ ਚੋਣ ਕਮਿਸ਼ਨ ਨੂੰ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਸੀ। ਜਸਟਿਸ ਸੰਜੀਵ ਖੰਨਾ ਅਤੇ ਦੀਪਾਂਕਰ ਦੱਤਾ ’ਤੇ ਆਧਾਰਿਤ ਬੈਂਚ ਨੇ ਈਵੀਐੱਮਜ਼ ਅਤੇ ਵੋਟਰ ਵੇਰੀਫੀਏਬਲ ਪੇਪਰ ਆਡਿਟ ਟਰੇਲ (ਵੀਵੀਪੈਟ) ਪਰਚੀਆਂ ਦੇ ਮਿਲਾਨ ਸਬੰਧੀ ਦਾਖ਼ਲ ਅਰਜ਼ੀਆਂ ’ਤੇ ਫ਼ੈਸਲਾ ਰਾਖਵਾਂ ਰਖਦਿਆਂ ਕਿਹਾ ਕਿ ਹਰ ਗੱਲ ’ਤੇ ਸ਼ੱਕ ਕਰਨਾ ਅਤੇ ਖ਼ਦਸ਼ੇ ਪ੍ਰਗਟਾਉਣਾ ਵੱਡੀ ਸਮੱਸਿਆ ਹੈ। ਬੈਂਚ ਨੇ ਇਹ ਟਿੱਪਣੀ ਪਟੀਸ਼ਨਰ ਐੱਨਜੀਓ ‘ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼’ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਨ ਦੇ ਵੀਵੀਪੈਟ ਮਸ਼ੀਨਾਂ ’ਤੇ ਪਾਰਦਰਸ਼ੀ ਸ਼ੀਸ਼ੇ ਨੂੰ ਇੱਕ ਅਪਾਰਦਰਸ਼ੀ ਸ਼ੀਸ਼ੇ ਨਾਲ ਬਦਲਣ ਦੇ ਚੋਣ ਕਮਿਸ਼ਨ ਦੇ 2017 ਦੇ ਫ਼ੈਸਲੇ ਨੂੰ ਉਲਟਾਉਣ ਦੀ ਮੰਗ ਵਾਲੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਕੀਤੀ, ਜਿਸ ਰਾਹੀਂ ਵੋਟਰ ਸਿਰਫ਼ ਸੱਤ ਸਕਿੰਟਾਂ ਲਈ ਲਾਈਟ ਚਾਲੂ ਹੋਣ ’ਤੇ ਹੀ ਪਰਚੀ ਦੇਖ ਸਕਦਾ ਹੈ। ਭੂਸ਼ਨ ਨੇ ਕਿਹਾ,‘‘ਮੈਂ ਸਮਝਦਾ ਹਾਂ ਕਿ ਭਲਕੇ ਵੋਟਾਂ ਪੈਣੀਆਂ ਹਨ। ਜਿਹੜਾ ਬੱਲਬ ਸੱਤ ਸਕਿੰਟ ਲਈ ਚਾਲੂ ਰਹਿੰਦਾ ਹੈ, ਘੱਟੋ ਘੱਟ ਉਹ ਈਵੀਐੱਮ ਦਾ ਬਟਨ ਦਬਾਉਣ ਮਗਰੋਂ ਲਗਾਤਾਰ ਚਾਲੂ ਰਹਿਣਾ ਚਾਹੀਦਾ ਹੈ।’’ ਇਸ ਦੌਰਾਨ ਬੈਂਚ ਨੇ ਸੀਨੀਅਰ ਉਪ ਚੋਣ ਕਮਿਸ਼ਨਰ ਨਿਤੇਸ਼ ਕੁਮਾਰ ਵਿਆਸ ਤੋਂ ਕਰੀਬ ਇਕ ਘੰਟੇ ਤੱਕ ਈਵੀਐਮਜ਼ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਲਈ। ਬੈਂਚ ਨੇ ਭੂਸ਼ਨ ਨੂੰ ਕਿਹਾ ਕਿ ਚੋਣ ਪ੍ਰਕਿਰਿਆ ਦੇ ਕੇਂਦਰ ’ਚ ਵੋਟਰ ਦੀ ਤਸੱਲੀ ਅਤੇ ਉਸ ਦਾ ਭਰੋਸਾ ਹੈ। ਬੈਂਚ ਨੇ ਕਿਹਾ,‘‘ਮਿਸਟਰ ਭੂਸ਼ਨ ਹੁਣ ਤੁਸੀਂ ਬਹੁਤ ਅਗਾਂਹ ਜਾ ਰਹੇ ਹੋ। ਇਹ ਬਹੁਤ ਜ਼ਿਆਦਾ ਹੋ ਗਿਆ ਹੈ। ਵੀਵੀਪੈਟ ਮਸ਼ੀਨ ’ਤੇ ਪਾਰਦਰਸ਼ੀ ਜਾਂ ਅਪਾਰਦਰਸ਼ੀ ਸ਼ੀਸ਼ਾ ਹੋਵੇ ਜਾਂ ਬੱਲਬ ਚਾਲੂ ਰਹੇ, ਆਖਰ ਵੋਟਰਾਂ ਦੀ ਤਸੱਲੀ ਅਤੇ ਭਰੋਸਾ ਹੀ ਅਹਿਮੀਅਤ ਰਖਦਾ ਹੈ। ਬੱਲਬ ਸਿਰਫ਼ ਤੁਹਾਨੂੰ ਸਾਫ਼ ਦਿਖਾਈ ਦੇਣ ’ਚ ਸਹਾਇਤਾ ਕਰਦਾ ਹੈ।’’ ਬੈਂਚ ਨੇ ਕਿਹਾ ਕਿ ਹਰ ਚੀਜ਼ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਹੈ ਅਤੇ ਹਰ ਚੀਜ਼ ਦੀ ਆਲੋਚਨਾ ਨਹੀਂ ਕੀਤੀ ਜਾ ਸਕਦੀ ਹੈ। ਜੇਕਰ ਚੋਣ ਕਮਿਸ਼ਨ ਨੇ ਕੁਝ ਵਧੀਆ ਕੀਤਾ ਹੈ ਤਾਂ ਤੁਹਾਨੂੰ ਉਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਭੂਸ਼ਨ ਨੇ ਕਿਹਾ ਕਿ ਉਹ ਚੋਣ ਕਮਿਸ਼ਨ ’ਤੇ ਕੋਈ ਸਵਾਲ ਖੜ੍ਹੇ ਨਹੀਂ ਕਰ ਰਹੇ ਹਨ ਪਰ ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ। ਜਸਟਿਸ ਖੰਨਾ ਨੇ ਕਿਹਾ,‘‘ਤੁਹਾਡੀ ਗੱਲ ਨਾਲ ਸਹਿਮਤ ਹਾਂ। ਪਰ ਜੇਕਰ ਉਨ੍ਹਾਂ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਹਾਲਾਤ ’ਚ ਸੁਧਾਰ ਕੀਤਾ ਹੈ ਤਾਂ ਫਿਰ ਇਹ ਸਹੀ ਹੈ। ਬੱਲਬ ਚਾਲੂ ਹੈ ਜਾਂ ਨਹੀਂ, ਇਹ ਕਿਵੇਂ ਮਾਇਨੇ ਰਖਦਾ ਹੈ? ਜੇਕਰ ਸਪੱਸ਼ਟੀਕਰਨ ਦਿੱਤਾ ਗਿਆ ਹੈ ਤਾਂ ਫਿਰ ਤੁਹਾਨੂੰ ਇਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਵੋਟਰ ਦੀ ਖੁਦ ਤਸੱਲੀ ਹੋਣੀ ਚਾਹੀਦੀ ਹੈ। ਉਨ੍ਹਾਂ ਸੁਧਾਰ ਲਈ ਸਫ਼ਾਈ ਦਿੱਤੀ ਹੈ, ਤੁਸੀਂ ਖੁਦ ਵੀ ਸੁਣਿਆ ਹੈ ਅਤੇ ਹਰ ਕਿਸੇ ਨੇ ਉਨ੍ਹਾਂ ਨੂੰ ਸੁਣਿਆ ਹੈ।’’ ਅਦਾਲਤ ’ਚ ਮੌਜੂਦ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਪਟੀਸ਼ਨਰਾਂ ਵੱਲੋਂ ਈਵੀਐੱਮਜ਼ ਦੀ ਕਾਰਜਕੁਸ਼ਲਤਾ ’ਤੇ ਸ਼ੱਕ ਨਾਲ ਚੋਣਾਂ ਤੋਂ ਐਨ ਪਹਿਲਾਂ ਵੋਟ ਫ਼ੀਸਦ ’ਤੇ ਅਸਰ ਪੈ ਸਕਦਾ ਹੈ। ਲੋਕ ਸੋਚ ਸਕਦੇ ਹਨ ਕਿ ਉਨ੍ਹਾਂ ’ਚ ਕੁਝ ਗਲਤ ਜ਼ਰੂਰ ਹੈ। ‘ਇਸ ਅਦਾਲਤ ਵੱਲੋਂ ਪਟੀਸ਼ਨਰਾਂ ਦੀ ਵਾਰ ਵਾਰ ਤਾੜਨਾ ਦੇ ਬਾਵਜੂਦ ਵੋਟਰਾਂ ਦੀ ਜਮਹੂਰੀ ਚੋਣ ਦਾ ਮਖੌਲ ਬਣਾਇਆ ਜਾ ਰਿਹਾ ਹੈ। ਮੈਂ ਆਪਣੀ ਧਿਰ ਨੂੰ ਝੂਠੀਆਂ ਖ਼ਬਰਾਂ ਅਤੇ ਲੇਖਾਂ ਬਾਰੇ ਤਿਆਰ ਰਹਿਣ ਲਈ ਕਿਹਾ ਹੈ। ਹਰ ਵਾਰੀ ਜਦੋਂ ਵੀ ਅਹਿਮ ਸੁਣਵਾਈ ਹੁੰਦੀ ਹੈ ਤਾਂ ਝੂਠੀਆਂ ਖ਼ਬਰਾਂ ਅਤੇ ਲੇਖ ਨਸ਼ਰ ਹੋ ਜਾਂਦੇ ਹਨ।’ ਬੈਂਚ ਨੇ ਉਨ੍ਹਾਂ ਨੂੰ ਵਿਚਾਲੇ ਹੀ ਟੋਕਦਿਆਂ ਕਿਹਾ ਕਿ ਏਡੀਆਰ ਵੱਲੋਂ ਪਿਛਲੇ ਸਾਲ ਪਟੀਸ਼ਨ ਦਾਖ਼ਲ ਕੀਤੀ ਗਈ ਸੀ ਅਤੇ ਅਦਾਲਤ ਹੀ ਉਸ ਦੀ ਸਮੇਂ ਸਿਰ ਸੁਣਵਾਈ ਨਹੀਂ ਕਰ ਸਕੀ ਸੀ। ਜਸਟਿਸ ਖੰਨਾ ਨੇ ਮਹਿਤਾ ਨੂੰ ਕਿਹਾ ਕਿ ਕੁਝ ਨਵੀਆਂ ਪਟੀਸ਼ਨਾਂ ਜ਼ਰੂਰ ਆਈਆਂ ਹਨ ਪਰ ਜਿਸ ਇਕ ਪਟੀਸ਼ਨ ’ਚ ਮਿਸਟਰ ਭੂਸ਼ਨ ਪੇਸ਼ ਹੋ ਰਹੇ ਹਨ ਉਹ ਬਹੁਤ ਸਮਾਂ ਪਹਿਲਾਂ ਦਾਖ਼ਲ ਕੀਤੀ ਗਈ ਸੀ। ‘ਅਸੀਂ ਸੋਸ਼ਲ ਮੀਡੀਆ ’ਤੇ ਟਿੱਪਣੀਆਂ ਨਾਲ ਸਿੱਝਣਾ ਸਿਖ ਲਿਆ ਹੈ ਅਤੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਆਪਣੀ ਰਾਏ ਪੋਸਟ ਕਰਨ ਦੀ ਆਜ਼ਾਦੀ ਹੈ।’ ਤਕਰੀਬਨ ਪੂਰਾ ਦਿਨ ਚੱਲੀ ਸੁਣਵਾਈ ਦੌਰਾਨ ਬੈਂਚ ਨੇ ਚੋਣ ਕਮਿਸ਼ਨ ਦੇ ਅਧਿਕਾਰੀ ਨੂੰ ਕਈ ਸਵਾਲ ਕੀਤੇ ਅਤੇ ਕਿਹਾ ਕਿ ਜੋ ਕੁਝ ਜਨਤਕ ਹੈ ਅਤੇ ਜਿਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ, ਉਸ ’ਚ ਕੁਝ ਫਰਕ ਜ਼ਰੂਰ ਨਜ਼ਰ ਆਉਂਦਾ ਹੈ ਜਿਸ ਨੂੰ ਠੀਕ ਕੀਤੇ ਜਾਣ ਦੀ ਲੋੜ ਹੈ। ਵੋਟਰਾਂ ਦਾ ਭਰੋਸਾ ਕਾਇਮ ਰੱਖਣ ਅਤੇ ਉਸ ਦੀ ਰਾਖੀ ਦੀ ਵਕਾਲਤ ਕਰਦਿਆਂ ਬੈਂਚ ਨੇ ਕਿਹਾ ਕਿ ਪੂਰੇ ਚੋਣ ਅਮਲ ਨੂੰ ਇਮਾਨਦਾਰੀ ਨਾਲ ਨੇਪਰੇ ਚਾੜ੍ਹਿਆ ਜਾਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਪਟੀਸ਼ਨਰਾਂ ਵੱਲੋਂ ਈਵੀਐੱਮਜ਼ ਦੀ ਥਾਂ ’ਤੇ ਬੈਲੇਟ ਪੇਪਰਾਂ ਦੀ ਵਰਤੋਂ ਕਰਨ ਦੀ ਅਪੀਲ ’ਤੇ ਬੈਂਚ ਨੇ ਕਿਹਾ,‘‘ਪੇਪਰ ਬੈਲੇਟ ਦੇ ਕਈ ਹੋਰ ਵੱਡੇ ਨੁਕਸਾਨ ਹਨ ਅਤੇ ਅਸੀਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਹਾਂ। ਇਸ ਦੀ ਬਜਾਏ ਅਸੀਂ ਭਵਿੱਖ ’ਚ ਸਿਆਸੀ ਪਾਰਟੀਆਂ ਲਈ ਬਾਰਕੋਡ ਦੀ ਵਰਤੋਂ ਬਾਰੇ ਵਿਚਾਰ ਕਰ ਰਹੇ ਹਾਂ ਪਰ ਇਹ ਬਹੁਤ ਵੱਡਾ ਕੰਮ ਹੋਵੇਗਾ।’’ ਇਕ ਪਟੀਸ਼ਨਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸੰਤੋਸ਼ ਪਾਲ ਨੇ ਕਿਹਾ ਕਿ ਕਈ ਵਿਕਸਤ ਮੁਲਕਾਂ ’ਚ ਮੁੜ ਤੋਂ ਬੈਲੇਟ ਪੇਪਰਾਂ ਰਾਹੀਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਬੈਂਚ ਨੇ ਬੂਥਾਂ ’ਤੇ ਕਬਜ਼ਿਆਂ ਅਤੇ ਧੋਖਾਧੜੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤੀ ਪ੍ਰਣਾਲੀ ਬਹੁਤ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ ਅਤੇ ਹਰ ਵਾਰ ਚੋਣਾਂ ’ਚ ਵੋਟ ਫ਼ੀਸਦ ਵਧਦਾ ਜਾ ਰਿਹਾ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਲੋਕਾਂ ਦਾ ਪ੍ਰਣਾਲੀ ’ਚ ਭਰੋਸਾ ਹੈ। ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਈਵੀਐੱਮਜ਼ ਅਜਿਹੀਆਂ ਮਸ਼ੀਨਾਂ ਹਨ ਜਿਨ੍ਹਾਂ ਨਾਲ ਕੋਈ ਛੇੜਖਾਨੀ ਨਹੀਂ ਹੋ ਸਕਦੀ ਹੈ ਪਰ ਮਨੁੱਖੀ ਗੜਬੜੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। -ਪੀਟੀਆਈ

Advertisement

ਮੌਕ ਪੋਲ ਦੌਰਾਨ ਭਾਜਪਾ ਦੇ ਪੱਖ ’ਚ ਵੋਟਿੰਗ, ਖੱਬੇ-ਪੱਖੀ ਮੋਰਚਾ ਸ਼ਿਕਾਇਤ ਦਰਜ ਕਰਵਾਏਗਾ

ਕਾਸਰਗੋਡ (ਕੇਰਲਾ): ਸੀਪੀਐੱਮ ਦੀ ਅਗਵਾਈ ਹੇਠਲੇ ਖੱਬੇ-ਪੱਖੀ ਮੋਰਚੇ (ਐੱਲਡੀਐੱਫ) ਨੇ ਕਿਹਾ ਹੈ ਕਿ ਉਹ ਕਾਸਰਗੋਡ ਲੋਕ ਸਭਾ ਹਲਕੇ ’ਚ ਮੌਕ ਪੋਲ ਦੌਰਾਨ ਕੁਝ ਵੋਟਿੰਗ ਮਸ਼ੀਨਾਂ ’ਚ ਭਾਜਪਾ ਦੇ ਉਮੀਦਵਾਰ ਦੇ ਪੱਖ ’ਚ ਗਲਤ ਢੰਗ ਨਾਲ ਵੋਟ ਦਰਜ ਕਰਨ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਏਗਾ। ਸੀਪੀਐੱਮ ਆਗੂ ਕੇ ਪੀ ਸਤੀਸ਼ ਚੰਦਰਨ ਨੇ ਖ਼ਬਰ ਏਜੰਸੀ ਨਾਲ ਗੱਲਬਾਤ ’ਚ ਦੋਸ਼ ਲਾਇਆ ਕਿ ਬੁੱਧਵਾਰ ਨੂੰ ਮੌਕ ਪੋਲ ਦੌਰਾਨ ਦੋ ਜਾਂ ਤਿੰਨ ਵੋਟਿੰਗ ਮਸ਼ੀਨਾਂ ’ਚ ਅਜਿਹੀਆਂ ਖਾਮੀਆਂ ਦੇਖੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਕਾਸਰਗੋਡ ’ਚ ਸੀਪੀਐੱਮ ਆਗੂ ਐੱਮ ਵੀ ਬਾਲਾਕ੍ਰਿਸ਼ਨਨ ਦਾ ਮੁਕਾਬਲਾ ਕਾਂਗਰਸ ਆਗੂ ਅਤੇ ਮੌਜੂਦਾ ਸੰਸਦ ਮੈਂਬਰ ਰਾਜਮੋਹਨ ਉਨੀਥਨ ਅਤੇ ਭਾਜਪਾ ਦੇ ਐੱਮ ਐੱਲ ਅਸ਼ਵਨੀ ਨਾਲ ਹੈ। ਹਲਕੇ ’ਚ 26 ਅਪਰੈਲ ਨੂੰ ਵੋਟਿੰਗ ਹੋਣੀ ਹੈ। -ਪੀਟੀਆਈ

ਈਵੀਐੱਮਜ਼ ਵਿੱਚ ਇਕ ਵਾਧੂ ਵੋਟ ਦਿਖਾਉਣ ਦੀਆਂ ਰਿਪੋਰਟਾਂ ਗਲਤ ਕਰਾਰ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੇਰਲਾ ਦੇ ਕਾਸਰਗੋਡ ’ਚ ਮੌਕ ਪੋਲ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ’ਚ ਇਕ ਵਾਧੂ ਵੋਟ ਦਿਖਣ ਦੇ ਦੋਸ਼ ਝੂਠੇ ਹਨ। ਸੁਪਰੀਮ ਕੋਰਟ ਵੱਲੋਂ ਈਵੀਐੱਮਜ਼ ਅਤੇ ਵੀਵੀਪੈਟ ਦੀਆਂ ਪਰਚੀਆਂ ’ਚ ਮਿਲਾਨ ਬਾਰੇ ਅਰਜ਼ੀਆਂ ’ਤੇ ਸੁਣਵਾਈ ਦੌਰਾਨ ਸੀਨੀਅਰ ਉਪ ਚੋਣ ਕਮਿਸ਼ਨਰ ਨਿਤੇਸ਼ ਕੁਮਾਰ ਵਿਆਸ ਨੇ ਜਸਟਿਸ ਸੰਜੀਵ ਖੰਨਾ ਅਤੇ ਦੀਪਾਂਕਰ ਦੱਤਾ ਦੇ ਬੈਂਚ ਨੂੰ ਦੱਸਿਆ,‘‘ਇਹ ਖ਼ਬਰਾਂ ਝੂਠੀਆਂ ਹਨ। ਅਸੀਂ ਜ਼ਿਲ੍ਹਾ ਕੁਲੈਕਟਰ ਤੋਂ ਦੋਸ਼ਾਂ ਦੀ ਪੜਤਾਲ ਕੀਤੀ ਹੈ ਅਤੇ ਇਹ ਗੱਲ ਸਾਹਮਣੇ ਆਈ ਕਿ ਇਹ ਗਲਤ ਹਨ। ਅਸੀਂ ਅਦਾਲਤ ’ਚ ਵਿਸਥਾਰਤ ਰਿਪੋਰਟ ਜਮ੍ਹਾਂ ਕਰਾਵਾਂਗੇ।’’ ਬੈਂਚ ਨੂੰ ਈਵੀਐੱਮ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਦੇਣ ਲਈ ਵਿਆਸ ਅਦਾਲਤ ’ਚ ਹਾਜ਼ਰ ਸਨ। ਇਸ ਤੋਂ ਪਹਿਲਾਂ ਸਿਖਰਲੀ ਅਦਾਲਤ ਨੇ ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਨੂੰ ਇਸ ਮੁੱਦੇ ’ਤੇ ਵਿਚਾਰ ਕਰਨ ਨੂੰ ਕਿਹਾ ਸੀ। ਵਕੀਲ ਪ੍ਰਸ਼ਾਂਤ ਭੂਸ਼ਨ ਨੇ ਇਸ ਮੁੱਦੇ ਨੂੰ ਚੁੱਕਿਆ ਸੀ। ਅਰਜ਼ੀਕਾਰ ਐੱਨਜੀਓ ‘ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼’ ਵੱਲੋਂ ਪੇਸ਼ ਹੋਏ ਭੂਸ਼ਨ ਨੇ ਅਦਾਲਤ ਨੂੰ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਮੌਕ ਪੋਲ ਦੌਰਾਨ ਈਵੀਐੱਮਜ਼ ਇਕ ਵਾਧੂ ਵੋਟ ਦਿਖਾ ਰਹੀਆਂ ਸਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×