ਸਾਰਾ ਪੰਜਾਬ ਨਸ਼ੇੜੀ ਨਹੀਂ, ਸੂਬੇ ਨੂੰ ਬਦਨਾਮ ਕਰਨਾ ਗ਼ਲਤ: ਡੀਆਈਜੀ
ਪੱਤਰ ਪ੍ਰੇਰਕ
ਪਟਿਆਲਾ, 3 ਸਤੰਬਰ
ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਹੈ ਕਿ ਸਾਡਾ ਸਾਰਾ ਪੰਜਾਬ ਨਸ਼ੇੜੀ ਨਹੀਂ ਹੈ, ਇਸ ਲਈ ਨਸ਼ੇ ’ਚ ਗ਼ਲਤ ਕੇਵਲ ਇੱਕ-ਦੋ ਫ਼ੀਸਦੀ ਲੋਕਾਂ ਕਰ ਕੇ ਸਮੁੱਚੇ ਪੰਜਾਬੀਆਂ ਦੀ ਗ਼ਲਤ ਤਸਵੀਰ ਪੇਸ਼ ਨਾ ਕੀਤੀ ਜਾਵੇ। ਉਹ ਪੁਲੀਸ ਲਾਈਨ ਵਿੱਚ ਪਟਿਆਲਾ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ ਨਰੋਈ ਸਿਹਤ ਪ੍ਰਤੀ ਜਾਗਰੂਕਤਾ ਲਈ ਕਰਵਾਈ ਗਈ ਸਾਈਕਲੋਥੋਨ-2024 ਨੂੰ ਹਰੀ ਝੰਡੀ ਦੇਣ ਮੌਕੇ ਸੰਬੋਧਨ ਕਰ ਰਹੇ ਸਨ। ਡੀਆਈਜੀ ਭੁੱਲਰ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾ ਰਹੀਆਂ ਹਨ ਤੇ ਇਕੱਲੇ ਪਟਿਆਲਾ ਜ਼ਿਲ੍ਹੇ ਅੰਦਰ ਹੀ 25 ਨਸ਼ਾ ਤਸਕਰਾਂ ਦੀ ਅੱਠ ਕਰੋੜ ਦੇ ਕਰੀਬ ਜਾਇਦਾਦ ਅਟੈਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਪੇ ਤੇ ਅਧਿਆਪਕ ਵੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਦੇ ਉਪਰਾਲੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਜੋੜਨ ਲਈ ਆਪਣੀ ਭੂਮਿਕਾ ਨਿਭਾਉਣ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸੱਦਾ ਦਿੱਤਾ ਕਿ ਸਾਰੇ ਸਮਾਜ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਇਸ ਬੁਰਾਈ ਵਿਰੁੱਧ ਲਾਮਬੰਦ ਹੋਣਾ ਚਾਹੀਦਾ ਹੈ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਨਸ਼ਿਆਂ ਦੀ ਲਤ ਨੂੰ ਇੱਕ ਗੰਭੀਰ ਬਿਮਾਰੀ ਦੱਸਦਿਆਂ ਕਿਹਾ ਕਿ ਪਟਿਆਲਾ ਪੁਲਿਸ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਨਸ਼ਿਆਂ ਦੇ ਸ਼ਿਕਾਰ ਵਿਅਕਤੀਆਂ ਦੇ ਇਲਾਜ ਲਈ ਪੂਰਾ ਸਹਿਯੋਗ ਕਰ ਰਹੀ ਹੈ। ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਅਤੇ ਨਰੋਈ ਸਿਹਤ ਲਈ ਸਾਈਕਲੋਥੋਨ ’ਚ ਸਰਕਾਰੀ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ, ਤ੍ਰਿਪੜੀ, ਸਿਵਲ ਲਾਈਨ, ਪੁਰਾਣੀ ਪੁਲਿਸ ਲਾਈਨਜ਼, ਅਨਾਰਦਾਣਾ ਚੌਂਕ ਤੇ ਸਨੌਰੀ ਗੇਟ ਸਕੂਲਾਂ ਸਮੇਤ ਮਲਟੀਪਰਪਜ਼ ਸਕੂਲ ਦੇ ਵਿਦਿਆਰਥੀਆਂ ਨੇ ਸਾਈਕਲ ਚਲਾਇਆ। ਇਸ ਦੌਰਾਨ ਛੋਟੀ ਉਮਰ ਦੀ ਕੌਮੀ ਸਾਈਕਲਿਸਟ ਰਾਵੀ ਬਦੇਸ਼ਾ, ਅਜੇਪਾਲ ਸਿੰਘ, ਹੁਸਨਪ੍ਰੀਤ ਸਿੰਘ ਤੇ ਇੰਟਰਨੈਸ਼ਨਲ ਸਾਈਕਲਿਸਟ ਜਗਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਜਦੋਂਕਿ ਪਲੇਅ ਵੇਅਜ ਸਕੂਲ ਦੇ ਡਾਇਰੈਕਟਰ ਰਾਜਦੀਪ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ’ਤੇ ਕੋਰੀਓਗਰਾਫ਼ੀ ਤੇ ਬੈਂਡ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਸੈਸ਼ਨਜ਼ ਜੱਜ ਤੇ ਇੰਡਸਟਰੀਅਲ ਟ੍ਰਿਬਿਊਨਲ ਦੇ ਪ੍ਰੀਜ਼ਾਈਡਿੰਗ ਅਫ਼ਸਰ ਡਾ. ਤੇਜਵਿੰਦਰ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ, ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਸੁਰਿੰਦਰਪਾਲ ਸਿੰਗਲਾ, ਆਦਿ ਵੀ ਮੌਜੂਦ ਰਹੇ।