ਡਰਦੀ ਨਹੀਂ ਡਿਪਟੀ ਤੋਂ...
ਜੋਗਿੰਦਰ ਕੌਰ ਅਗਨੀਹੋਤਰੀ
ਇਤਿਹਾਸ ਅਤੇ ਮਿਥਿਹਾਸ ਇਸ ਗੱਲ ਦੇ ਗਵਾਹ ਹਨ ਕਿ ਔਰਤ ਅਬਲਾ ਨਹੀਂ ਬਲਕਿ ਸਬਲਾ ਹੈ। ਮਿਥਿਹਾਸ ਦੀ ਗੱਲ ਕਰੀਏ ਤਾਂ ਦੁਰਗਾ ਮਾਤਾ ਦਾ ਜ਼ਿਕਰ ਸਭ ਤੋਂ ਪਹਿਲਾਂ ਆਉਂਦਾ ਹੈ, ਜਿਨ੍ਹਾਂ ਨੇ ਜ਼ੁਲਮ ਅਤੇ ਅਨਿਆਂ ਲਈ ਆਪਣਾ ਚੰਡੀਕਾ ਰੂਪ ਧਾਰਨ ਕੀਤਾ ਅਤੇ ਦੈਂਤਾਂ ਨੂੰ ਮਾਰਿਆ। ਆਪਣੇ ਦੇਸ਼ ਅਤੇ ਧਰਮ ਦੀ ਖਾਤਰ ਹੋਰ ਅਨੇਕ ਵੀਰ ਔਰਤਾਂ ਨੇ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਇਨ੍ਹਾਂ ਵਿੱਚ ਮਾਈ ਭਾਗੋ ਦਾ ਨਾਂ ਵੀ ਪ੍ਰਸਿੱਧ ਹਸਤੀ ਵਜੋਂ ਲਿਆ ਜਾਂਦਾ ਹੈ। ਜਿਸ ਨੇ ਆਦਮੀਆਂ ਨੂੰ ਵੰਗਾਰ ਕੇ ਖ਼ੁਦ ਯੁੱਧ ਵਿੱਚ ਕੁੱਦਣ ਦਾ ਸਾਹਸ ਦਿਖਾਇਆ। ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਬਹਾਦਰੀ ਅਤੇ ਦਲੇਰੀ ਵੀ ਇਸ ਗੱਲ ਦੀ ਗਵਾਹ ਹੈ ਕਿ ਉਸ ਨੇ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ ਹਕੂਮਤ ਖਿਲਾਫ਼ ਹਥਿਆਰ ਚੁੱਕੇ ਅਤੇ ਆਪਣਾ ਬਲੀਦਾਨ ਦਿੱਤਾ। ਇਸ ਤਰ੍ਹਾਂ ਹੋਰ ਅਨੇਕਾਂ ਵੀਰਾਂਗਣਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਔਰਤਾਂ ਦਾ ਕਾਰਜ ਵੀ ਸਲਾਹੁਣਯੋਗ ਹੈ ਜਿਨ੍ਹਾਂ ਦੇ ਉਪਦੇਸ਼ਾਂ ਸਦਕਾ ਆਦਮੀਆਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ।
ਤੀਰ ਚਲਾਉਣ ਜਾਂ ਬੰਦੂਕ ਚਲਾਉਣ ਤੋਂ ਇਲਾਵਾ ਕਿਸੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਕਲਮ ਦੀ ਤਾਕਤ ਵੀ ਬਹੁਤ ਜ਼ਿਆਦਾ ਬਲ ਰੱਖਦੀ ਹੈ ਪਰ ਅਨਪੜ੍ਹ ਜਾਂ ਅੱਖਰਾਂ ਤੋਂ ਕੋਰੇ ਵਿਅਕਤੀ ਵੀ ਆਪਣੇ ਬੋਲਾਂ ਰਾਹੀਂ ਜਾਂ ਨਾਅਰਿਆਂ ਦਾ ਪ੍ਰਯੋਗ ਕਰਕੇ ਜ਼ਾਲਮ ਹਕੂਮਤ ਦੇ ਵਿਰੁੱਧ ਆਵਾਜ਼ ਉਠਾਉਣ ਦੀ ਸਮਰੱਥਾ ਰੱਖਦੇ ਹਨ। ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਔਰਤਾਂ ਨੇ ਲੋਕ ਗੀਤਾਂ ਰਾਹੀਂ ਵੀ ਪ੍ਰਗਟਾਇਆ ਹੈ। ਇਹ ਉਨ੍ਹਾਂ ਦੀ ਆਪਣੀ ਆਵਾਜ਼ ਹੈ:
ਅੱਗ ਲੱਗ ਜੇ ਫਿਰੰਗੀਆ ਤੇਰੇ ਬੰਗਲੇ
ਵਿੱਚੇ ਤੇਰੀ ਮੇਮ ਮੱਚ ਜੇ।
ਔਰਤਾਂ ਬਾਰੇ ਆਮ ਕਹਾਵਤ ਹੈ ਕਿ ਜੇਕਰ ਔਰਤ ਕਿਸੇ ਚੀਜ਼ ਨੂੰ ਪੁੱਟਣ ’ਤੇ ਆ ਜਾਵੇ ਤੇ ਉਹ ਸੂਈ ਦੀ ਨੋਕ ਨਾਲ ਪੁੱਟਣਾ ਸ਼ੁਰੂ ਕਰ ਦੇਵੇ ਤਾਂ ਵੀ ਉਹ ਉਸ ਨੂੰ ਉਖਾੜਨ ਵਿੱਚ ਸਫਲ ਹੋ ਜਾਂਦੀ ਹੈ। ਦੇਸ਼ ਦੀ ਆਜ਼ਾਦੀ ਅਤੇ ਮੁਗਲਾਂ ਦੇ ਖਿਲਾਫ਼ ਆਪਣੀ ਅਣਖ ਖਾਤਰ ਮਿਟਣ ਵਾਲੀਆਂ ਔਰਤਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਜੇ ਗੱਲ ਗੁਰੂ ਪਰਿਵਾਰ ਦੀ ਕੀਤੀ ਜਾਵੇ ਤਾਂ ਮਾਤਾ ਗੁਜਰੀ ਦੀ ਸ਼ਖ਼ਸੀਅਤ ਦਾ ਪ੍ਰਭਾਵ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੀ ਜ਼ਿੰਦਗੀ ਵਿੱਚੋਂ ਸਪੱਸ਼ਟ ਦਿਖਦਾ ਹੈ। ਇਹ ਮਾਤਾ ਜੀ ਦੀ ਹੱਲਾਸ਼ੇਰੀ ਕਾਰਨ ਹੀ ਸੰਭਵ ਹੋਇਆ ਕਿ ਸਾਹਿਬਜ਼ਾਦੇ ਅਡੋਲ ਰਹੇ। ਸ਼ਿਵਾ ਜੀ ਮਰਹੱਟੇ ਦੀ ਮਾਤਾ ਜੀਜਾ ਬਾਈ ਨੇ ਵੀ ਮੁਗ਼ਲ ਹਕੂਮਤ ਦੇ ਖਿਲਾਫ਼ ਆਪਣੇ ਪੁੱਤਰ ਨੂੰ ਸਿੱਖਿਅਤ ਕੀਤਾ। ਔਰਤ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਦਫ਼ਤਰਾਂ ਵਿੱਚ ਕੰਮ ਕਰਨ ਤੋਂ ਲੈ ਕੇ ਫ਼ੌਜ ਵਰਗੇ ਸਖ਼ਤ ਅਨੁਸ਼ਾਸਨ ਵਾਲੀ ਡਿਊਟੀ ਵੀ ਅੱਜਕੱਲ੍ਹ ਔਰਤ ਨਿਭਾ ਰਹੀ ਹੈ। ਪੁਲੀਸ ਵਿਭਾਗ ਵਿੱਚ ਵੀ ਔਰਤਾਂ ਕੰਮ ਕਰ ਰਹੀਆਂ ਹਨ। ਇਸ ਡਿਊਟੀ ਵਿੱਚੋਂ ਉਨ੍ਹਾਂ ਦੀ ਦਲੇਰੀ ਝਲਕਦੀ ਹੈ। ਆਦਮੀਆਂ ਦੇ ਬਰਾਬਰ ਕੰਮ ਕਰਨ ਬਦਲੇ, ਔਰਤਾਂ ਨੂੰ ਬਰਾਬਰ ਦੀ ਤਨਖਾਹ ਅਤੇ ਅਧਿਕਾਰ ਪ੍ਰਾਪਤ ਹਨ। ਇਹੀ ਔਰਤ ਅਧਿਕਾਰੀ ਸੰਗੀਨ ਅਪਰਾਧਕ ਕੇਸਾਂ ਨੂੰ ਵੀ ਬੜੀ ਹਿੰਮਤ ਅਤੇ ਦਲੇਰੀ ਨਾਲ ਸੁਲਝਾਉਂਦੀਆਂ ਹਨ। ਇਸ ਹਿਸਾਬ ਨਾਲ ਔਰਤ ਕਮਜ਼ੋਰ ਨਹੀਂ ਹੈ, ਹਾਂ ਇੱਕਾ ਦੁੱਕਾ ਕੇਸ ਹੋ ਸਕਦੇ ਹਨ। ਅਪਰਾਧ ਕਰਨ ਵਿੱਚ ਔਰਤਾਂ ਦਾ ਨਕਾਰਾਤਮਕ ਰਵੱਈਆ ਉਨ੍ਹਾਂ ਦੀ ਕਠੋਰਤਾ ਅਤੇ ਨਿਡਰਤਾ ਦਾ ਸਬੂਤ ਦਿੰਦਾ ਹੈ। ਔਰਤਾਂ ਵੱਲੋਂ ਹਥਿਆਰ ਚੁੱਕਣਾ ਅਤੇ ਨਿਡਰਤਾ ਨਾਲ ਅੱਗੇ ਵਧਣਾ ਉਨ੍ਹਾਂ ਦੀ ਵੀਰਤਾ ਜਾਂ ਸਾਹਸ ਨੂੰ ਦਰਸਾਉਂਦਾ ਹੈ। ਇਹੋ ਜਿਹੀਆਂ ਉਦਾਹਰਨਾਂ ਲੋਕ ਗੀਤਾਂ ਵਿੱਚੋਂ ਮਿਲਦੀਆਂ ਹਨ:
ਨੰਦ ਕੁਰ, ਚੰਦ ਕੁਰ ਦੋਵੇਂ ਭੈਣਾਂ
ਦੋਵੇਂ ਮਾਰਦੀਆਂ ਡਾਕੇ
ਘੇਰ ਘੇਰ ਮੁੰਡੇ ਪਟੜੀ ਪਾ ਲੇ
ਦੂਰੋਂ ਸੁਣਨ ਭੜਾਕੇ।
ਔਰਤਾਂ ਦਾ ਡਾਕੂ ਬਣਨਾ ਜਾਂ ਡਾਕੂਆਂ ਨਾਲ ਰਲਣਾ ਵੀ ਉਨ੍ਹਾਂ ਦੀ ਦਲੇਰੀ, ਅਣਖ ਜਾਂ ਬੁਲੰਦ ਹੌਸਲੇ ਦਾ ਪ੍ਰਤੱਖ ਪ੍ਰਮਾਣ ਹੈ ਭਾਵੇਂ ਇਸ ਅਪਰਾਧਕ ਕਿੱਤੇ ਵਿੱਚ ਜਾਣ ਪਿੱਛੇ ਉਨ੍ਹਾਂ ਦੀ ਕੋਈ ਮਜਬੂਰੀ ਰਹੀ ਹੋਵੇ। ਔਰਤ ਆਪਣੇ ਨਾਲ ਹੋਈ ਜ਼ਿਆਦਤੀ ਦਾ ਬਦਲਾ ਲੈਣ ਦੇ ਸਮਰੱਥ ਹੈ। ਉਹ ਆਪਣੇ ਨਾਲ ਹੋਏ ਅਨਿਆਂ ਅਤੇ ਜ਼ਾਲਮਾਨਾ ਵਤੀਰੇ ਦੀ ਪੂਰੀ ਘੋਖ ਕਰਕੇ ਹੀ ਰਣਨੀਤੀ ਤਿਆਰ ਕਰਦੀ ਹੈ ਅਤੇ ਉਸ ਨੂੰ ਲੁਕਵੇਂ ਛੁਪਵੇਂ ਰੂਪ ਵਿੱਚ ਸ਼ੁਰੂ ਕਰ ਦਿੰਦੀ ਹੈ। ਉਹ ਲਲਕਾਰਦੀ ਹੈ, ਫਿਟਕਾਰਦੀ ਹੈ ਅਤੇ ਮੌਕਾ ਦੇਖ ਕੇ ਝਪਟ ਵੀ ਮਾਰਦੀ ਹੈ।
ਜਦੋਂ ਕਿਸੇ ਔਰਤ ਨੂੰ ਧਿਰ ਬਣ ਕੇ ਅਤੇ ਬਰਾਬਰ ਖੜ੍ਹ ਕੇ ਲੜਨ ਦਾ ਮੌਕਾ ਮਿਲਦਾ ਹੈ ਤਾਂ ਉਹ ਪਿੱਛੇ ਨਹੀਂ ਹਟਦੀ। ਉਹ ਸੱਚ ਨੂੰ ਸਵੀਕਾਰ ਕਰਦੀ ਹੈ ਅਤੇ ਸੱਚ ਦੀ ਖਾਤਰ ਲੜਦੀ ਹੈ। ਅਜਿਹੇ ਮੌਕੇ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੀ ਬਲਕਿ ਪੂਰੀ ਨਿਡਰਤਾ ਨਾਲ ਕਹਿੰਦੀ ਹੈ:
ਡਰਦੀ ਨਹੀਂ ਡਿਪਟੀ ਤੋਂ
ਰੱਬ ਨਾ ਫੱਤੀ ਨੂੰ ਮਾਰੇ
ਸਮਾਜ ਵਿੱਚ ਵਿਚਰਦੇ ਹਰ ਵਿਅਕਤੀ ਦਾ ਜੀਵਨ ਸੰਘਰਸ਼ ਵਿੱਚੋਂ ਲੰਘਦਾ ਹੈ। ਅਨੇਕਾਂ ਸਮੱਸਿਆਵਾਂ ਨਾਲ ਸੁਲਝਣਾ ਮਨੁੱਖ ਦਾ ਸੁਭਾਅ ਬਣ ਗਿਆ ਹੈ। ਇਹ ਸਮੱਸਿਆਵਾਂ ਸਿਰਫ਼ ਇੱਕ ਮਨੁੱਖ ਦੀਆਂ ਹੀ ਨਹੀਂ ਬਲਕਿ ਇੱਕ ਪਰਿਵਾਰ ਦੀਆਂ ਹਨ। ਇਸ ਪਰਿਵਾਰ ਵਿੱਚ ਮੁੱਖ ਵਿਅਕਤੀ ਦੋ ਹੀ ਹੁੰਦੇ ਹਨ ਔਰਤ ਅਤੇ ਮਰਦ। ਭਾਵੇਂ ਪਰਿਵਾਰ ਵਿੱਚ ਹੋਰ ਵੀ ਮੈਂਬਰ ਹੋਣ ਪ੍ਰੰਤੂ ਇਹ ਹੀ ਮੁਖੀ ਮੰਨੇ ਜਾਂਦੇ ਹਨ। ਦੋਵਾਂ ਦਾ ਰਲ ਕੇ ਪਰਿਵਾਰ ਨੂੰ ਚਲਾਉਣਾ ਅਤੇ ਪਾਲਣਾ ਹੀ ਮੁੱਖ ਕੰਮ ਹੈ। ਇਸ ਕੰਮ ਨੂੰ ਕਰਨ ਲਈ ਮਿਹਨਤ ਕਰਦਿਆਂ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਦਿੱਕਤਾਂ ਦੂਰ ਕਰਨੀਆਂ ਪੈਂਦੀਆਂ ਹਨ ਅਤੇ ਭਵਿੱਖ ਵਿੱਚ ਸੁਖੀ ਜੀਵਨ ਬਤੀਤ ਕਰਨ ਲਈ ਨਵੀਆਂ ਵਿਉਂਤਾਂ ਘੜਨੀਆਂ ਪੈਂਦੀਆਂ ਹਨ। ਸੰਯੁਕਤ ਪਰਿਵਾਰਾਂ ਵਿੱਚ ਕਈ ਵਾਰ ਘਰੇਲੂ ਝੰਜਟ ਅਤੇ ਝਗੜੇ ਪੈਦਾ ਹੁੰਦੇ ਹਨ। ਜਿਸ ਕਾਰਨ ਪਰਿਵਾਰ ਵਿੱਚ ਦੋਫਾੜ ਤੱਕ ਗੱਲ ਪਹੁੰਚ ਜਾਂਦੀ ਹੈ। ਅਜਿਹੇ ਮੌਕੇ ਆਪਸੀ ਤਾਅਨੇ ਮਿਹਣੇ ਵੀ ਦਿੱਤੇ ਜਾਂਦੇ ਹਨ। ਸੋ ਝਗੜੇ ਦਾ ਫ਼ੈਸਲਾ ਕਰਨ ਲਈ ਪੰਚਾਇਤ ਦੀ ਲੋੜ ਪੈ ਜਾਂਦੀ ਹੈ। ਭਾਵੇਂ ਮਿਹਣੇ ਜ਼ਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਬਹੁਤੀ ਵਾਰੀ ਇਨ੍ਹਾਂ ਤਾਅਨਿਆਂ-ਮਿਹਣਿਆਂ ਕਾਰਨ ਆਦਮੀ ਤੇ ਔਰਤਾਂ ਅਲੱਗ ਹੋਣ ਦਾ ਫ਼ੈਸਲਾ ਕਰ ਲੈਂਦੇ ਹਨ। ਇਸ ਸਮੇਂ ਦੀ ਸਥਿਤੀ ਨੂੰ ਦੇਖਦਿਆਂ ਲੋਕ ਗੀਤਾਂ ਰਾਹੀਂ ਇੰਝ ਦਰਸਾਇਆ ਗਿਆ ਹੈ:
ਪਹਿਲਾਂ ਉੱਠ ਕੇ ਦੁੱਧ ਮੈਂ ਰਿੜਕਾ
ਫੇਰ ਚੱਕੀ ਝੋਣ ਬਹਿੰਦੀ
ਆਏ ਗਏ ਦਾ ਆਦਰ ਕਰਦੀ
ਸਭ ਨੂੰ ਜੀ ਜੀ ਕਹਿੰਦੀ
ਬੋਲ ਸ਼ਰੀਕਾਂ ਦੇ
ਮੈਂ ਨਾ ਸਹਿੰਦੀ।
ਪਿੰਡਾਂ ਵਿੱਚ ਸ਼ਹਿਰਾਂ ਨਾਲੋਂ ਪਹਿਲਾਂ ਵੀ ਸੁੱਖ ਦੇ ਸਾਧਨ ਘੱਟ ਸਨ ਅਤੇ ਹੁਣ ਵੀ ਕੁਝ ਕਮੀ ਰੜਕਦੀ ਹੈ। ਆਮ ਕਹਾਵਤ ਅਨੁਸਾਰ ਸ਼ਹਿਰੀ ਲੋਕਾਂ ਨੂੰ ਚੁਸਤ ਸਮਝਿਆ ਜਾਂਦਾ ਹੈ ਪ੍ਰੰਤੂ ਪਿੰਡਾਂ ਵਾਲਿਆਂ ਨੂੰ ਭੋਲੇ ਭਾਲੇ। ਪਿੰਡਾਂ ਦੀਆਂ ਔਰਤਾਂ ਵੱਲੋਂ ਕੰਮ ਜ਼ਿਆਦਾ ਕਰਨ ਕਰਕੇ, ਉਨ੍ਹਾਂ ਨੂੰ ਕੰਮਕਾਜੀ ਔਰਤਾਂ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਆਮ ਖ਼ਿਆਲ ਕੀਤਾ ਜਾਂਦਾ ਹੈ ਕਿ ਪੇਂਡੂ ਔਰਤਾਂ ਕੋਲ ਸਮਾਜਿਕ, ਰਾਜਨੀਤਕ ਅਤੇ ਹੋਰ ਤਬਦੀਲੀਆਂ ਦੀ ਬਹੁਤੀ ਜਾਣਕਾਰੀ ਨਹੀਂ ਹੁੰਦੀ ਪ੍ਰੰਤੂ ਇਸ ਵਿੱਚ ਸੱਚਾਈ ਨਹੀਂ। ਇਨ੍ਹਾਂ ਔਰਤਾਂ ਨੂੰ ਆਲੇ ਦੁਆਲੇ ਦੀ ਸਥਿਤੀ ਅਤੇ ਸਮਾਜਿਕ ਵਰਤਾਰੇ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ। ਇਹ ਔਰਤਾਂ ਭਾਵੇਂ ਆਪਣੇ ਵਿਚਾਰਾਂ ਦਾ ਖੁੱਲ੍ਹਾ ਪ੍ਰਗਟਾਵਾ ਨਹੀਂ ਕਰਦੀਆਂ ਪ੍ਰੰਤੂ ਲੋਕ ਗੀਤਾਂ ਰਾਹੀਂ ਸਮਾਜ ਦੀਆਂ ਕੁਰੀਤੀਆਂ ਤੇ ਭ੍ਰਿਸ਼ਟਾਚਾਰ ਨੂੰ ਬੜੇ ਸੁਚੱਜੇ ਸ਼ਬਦਾਂ ਨਾਲ ਬਿਆਨਦੀਆਂ ਹਨ:
ਨੀਂ ਠਾਣੇਦਾਰ ਮੁੱਠੀਆਂ ਦੇ।
ਇਸ ਤਰ੍ਹਾਂ ਲੋਕ ਗੀਤ ਦੀ ਇੱਕ ਲਾਈਨ ਹੀ ਸਮਾਜ ਵਿੱਚ ਫੈਲੀ ਰਿਸ਼ਵਤਖੋਰੀ ਦੀ ਕੁਰੀਤੀ ਨੂੰ ਪ੍ਰਗਟ ਕਰਦੀ ਹੈ ਕਿ ਇੱਕ ਥਾਣੇਦਾਰ ਰਿਸ਼ਵਤ ਲੈ ਕੇ ਕਿਸ ਤਰ੍ਹਾਂ ਨਿਆਂ ਕਰਦਾ ਹੈ। ਸੋ ਇਸ ਬੁਲੰਦ ਆਵਾਜ਼ ਦੀ ਮਲਿਕਾ ਔਰਤ ’ਤੇ ਕਮਜ਼ੋਰੀ ਦਾ ਠੱਪਾ ਲਾਉਣਾ ਠੀਕ ਨਹੀਂ ਬਲਕਿ ਉਸ ਨੂੰ ਸਤਿਕਾਰ ਅਤੇ ਹੱਲਾਸ਼ੇਰੀ ਦੇਣ ਦੀ ਜ਼ਰੂਰਤ ਹੈ।
ਸੰਪਰਕ: 94178-40323