ਨਾਰਵੇ ਸ਼ਤਰੰਜ: ਮੈਗਨਸ ਹੱਥੋਂ ਹਾਰਿਆ ਪ੍ਰਗਨਾਨੰਦਾ
ਸਤਾਵਾਂਗੇਰ, 5 ਜੂਨ
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੂੰ ਇੱਥੇ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਅੱਠਵੇਂ ਗੇੜ ਵਿੱਚ ਸਿਖਰਲਾ ਦਰਜਾ ਪ੍ਰਾਪਤ ਮੈਗਨਸ ਕਾਰਲਸਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਉਸ ਦੀ ਵੱਡੀ ਭੈਣ ਆਰ ਵੈਸ਼ਾਲੀ ਨੇ ਯੂਕਰੇਨ ਦੀ ਐਨਾ ਮੁਜ਼ੀਚੁਕ ਨੂੰ ਮਾਤ ਦਿੱਤੀ। ਇਸ ਜਿੱਤ ਨਾਲ ਕਾਰਲਸਨ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਤੋਂ ਇੱਕ ਅੰਕ ਅੱਗੇ ਹੋ ਗਿਆ ਹੈ। ਹਿਕਾਰੂ ਨੂੰ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਛੇ ਖਿਡਾਰੀਆਂ ਦੇ ਇਸ ਡਬਲ ਰਾਊਂਡ ਰੌਬਿਨ ਟੂਰਨਾਮੈਂਟ ਵਿੱਚ ਸਿਰਫ਼ ਦੋ ਗੇੜ ਬਾਕੀ ਰਹਿੰਦਿਆਂ ਕਾਰਲਸਨ 14.5 ਅੰਕਾਂ ਨਾਲ ਸਿਖਰ ’ਤੇ ਹੈ। ਨਾਕਾਮੁਰਾ ਦੇ 13.5 ਅੰਕ ਹਨ। ਪ੍ਰਗਨਾਨੰਦਾ 12 ਅੰਕਾਂ ਨਾਲ ਤੀਜੇ ਸਥਾਨ ’ਤੇ ਜਦਕਿ ਅਲੀਰੇਜ਼ਾ ਉਸ ਤੋਂ ਇੱਕ ਅੰਕ ਪਿੱਛੇ ਚੌਥੇ ਸਥਾਨ ’ਤੇ ਹੈ। ਕਾਰੂਆਨਾ ਨੌਂ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ ਜਦਕਿ ਲਿਰੇਨ ਸਿਰਫ਼ 4.5 ਅੰਕਾਂ ਨਾਲ ਆਖਰੀ ਸਥਾਨ ’ਤੇ ਹੈ। ਮਹਿਲਾ ਵਰਗ ਵਿੱਚ ਵੇਨਜੁਨ ਜੂ ਨੇ ਸਵੀਡਨ ਦੀ ਪੀਆ ਕ੍ਰੈਮਲਿੰਗ ਖ਼ਿਲਾਫ਼ ਜਿੱਤ ਦਰਜ ਕਰ ਕੇ 14.5 ਅੰਕਾਂ ਨਾਲ ਲੀਡ ਬਣਾ ਲਈ ਹੈ। ਵੈਸ਼ਾਲੀ ਖ਼ਿਲਾਫ਼ ਮੁਜ਼ੀਚੁਕ ਦੀ ਹਾਰ ਦਾ ਵੀ ਉਸ ਨੂੰ ਫਾਇਦਾ ਹੋਇਆ। ਯੂਕਰੇਨ ਦੀ ਮੁਜ਼ੀਚੁਕ 13 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਵੈਸ਼ਾਲੀ ਉਸ ਤੋਂ 1.5 ਅੰਕ ਪਿੱਛੇ 11.5 ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਹੈ। -ਪੀਟੀਆਈ