ਨਾਰਵੇ ਸ਼ਤਰੰਜ: ਪ੍ਰਗਨਾਨੰਦਾ ਨੇ ਡਿੰਗ ਲਿਰੇਨ ਨੂੰ ਹਰਾਇਆ
ਸਤਾਵਾਂਗੇਰ, 4 ਜੂਨ
ਭਾਰਤੀ ਗਰੈਂਡਮਾਸਰ ਆਰ ਪ੍ਰਗਨਾਨੰਦਾ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਸੱਤਵੇਂ ਗੇੜ ਵਿੱਚ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਨੂੰ ਹਰਾ ਦਿੱਤਾ। ਦੋਵਾਂ ਵਿਚਾਲੇ ਪਹਿਲਾ ਮੁਕਾਬਲਾ ਡਰਾਅ ਰਿਹਾ ਜਿਸ ਮਗਰੋਂ ਪ੍ਰਗਨਾਨੰਦਾ ਨੇ ਆਰਮਗੈਡੋਨ ਵਿੱਚ ਬਾਜ਼ੀ ਮਾਰੀ। ਨਾਰਵੇ ਦੇ ਮੈਗਨਸ ਕਾਰਲਸਨ ਨੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਖ਼ਿਲਾਫ਼ ਹੌਲੀ ਸ਼ੁਰੂਆਤ ਕੀਤੀ ਅਤੇ ਆਰਮਗੈਡੋਨ ਵਿੱਚ ਹਾਰ ਗਿਆ। ਇਸੇ ਤਰ੍ਹਾਂ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਨੇ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੂੰ ਮਾਤ ਦਿੱਤੀ। ਟੂਰਨਾਮੈਂਟ ਦੇ ਹਾਲੇ ਤਿੰਨ ਗੇੜ ਬਾਕੀ ਹਨ ਅਤੇ ਕਾਰਲਸਨ 13 ਅੰਕਾਂ ਨਾਲ ਸਿਖਰ ’ਤੇ ਕਾਬਜ਼ ਹੈ। ਨਾਕਾਮੁਰਾ ਉਸ ਤੋਂ ਅੱਧਾ ਅੰਕ ਪਿੱਛੇ ਹੈ। ਪ੍ਰਗਨਾਨੰਦਾ 11 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ ਜਦਕਿ ਅਲੀਰੇਜ਼ਾ ਉਸ ਤੋਂ ਡੇਢ ਅੰਕ ਪਿੱਛੇ ਹੈ। ਕਾਰੂਆਨਾ ਪੰਜਵੇਂ ਅਤੇ ਲਿਰੇਨ ਸਭ ਤੋਂ ਹੇਠਲੇ ਸਥਾਨ ’ਤੇ ਹੈ।
ਮਹਿਲਾ ਵਰਗ ਵਿੱਚ ਯੂਕਰੇਨ ਦੀ ਐਨਾ ਮੁਜ਼ਿਚੁਕ ਨੇ ਵਿਸ਼ਵ ਚੈਂਪੀਅਨ ਚੀਨ ਦੀ ਵੇਨਜੁਨ ਜੂ ਨੂੰ ਹਰਾ ਕੇ ਲੀਡ ਹਾਸਲ ਕੀਤੀ। ਜੂ ਉਸ ਤੋਂ ਸਿਰਫ਼ ਅੱਧਾ ਅੰਕ ਪਿੱਛੇ ਹੈ। ਭਾਰਤ ਦੀ ਕੋਨੇਰੂ ਹੰਪੀ ਨੇ ਹਮਵਤਨਣ ਆਰ ਵੈਸ਼ਾਲੀ ਨੂੰ ਮਾਤ ਦਿੱਤੀ ਜਦਕਿ ਚੀਨ ਦੀ ਤਿੰਗਜੀ ਲੇਈ ਨੇ ਸਵੀਡਨ ਦੀ ਪਿਆ ਕ੍ਰਾਮਲਿੰਗ ਨੂੰ ਹਰਾਇਆ। -ਪੀਟੀਆਈ