ਨਾਰਵੇ ਸ਼ਤਰੰਜ: ਪ੍ਰਗਨਾਨੰਦਾ ਨੇ ਕਾਰਲਸਨ ਨੂੰ ਹਰਾਇਆ
ਸਟਾਵੇਂਗਰ, 30 ਮਈ
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਇੱਥੇ ਵਿਸ਼ਵ ਦੇ ਅੱਵਲ ਦਰਜਾ ਖਿਡਾਰੀ ਮੈਗਨਸ ਕਾਰਲਸਨ ਖ਼ਿਲਾਫ਼ ਕਲਾਸੀਕਲ ਫਾਰਮੈਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕਰ ਕੇ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਲੀਡ ਲੈ ਲਈ ਹੈ। ਕਾਰਲਸਨ ਨੂੰ ਰੈਪਿਡ ਅਤੇ ਆਨਲਾਈਨ ਮੈਚਾਂ ’ਚ ਹਰਾ ਚੁੱਕਾ 18 ਸਾਲਾ ਪ੍ਰਗਨਾਨੰਦਾ ਪਿਛਲੇ ਵਿਸ਼ਵ ਕੱਪ ਫਾਈਨਲ ’ਚ ਨਾਰਵੇ ਦੇ ਇਸ ਖਿਡਾਰੀ ਤੋਂ ਹਾਰ ਗਿਆ ਸੀ ਪਰ ਇੱਥੇ ਕਲਾਸੀਕਲ ਬਾਜ਼ੀ ’ਚ ਉਹ 37 ਚਾਲਾਂ ’ਚ ਉਸ ਨੂੰ ਹਰਾਉਣ ’ਚ ਸਫਲ ਰਿਹਾ। ਇਸ ਫਾਰਮੈਟ ਵਿੱਚ ਕਾਰਲਸਨ ਅਤੇ ਪ੍ਰਗਨਾਨੰਦਾ ਵਿਚਾਲੇ ਆਖਰੀ ਤਿੰਨ ਬਾਜ਼ੀਆਂ ਡਰਾਅ ਰਹੀਆਂ ਸਨ। ਇਸ ਜਿੱਤ ਮਗਰੋਂ ਪ੍ਰਗਨਾਨੰਦਾ ਦੇ 5.5 ਅੰਕ ਹਨ ਅਤੇ ਉਸ ਨੇ 0.5 ਅੰਕਾਂ ਨਾਲ ਲੀਡ ਲੈ ਲਈ ਹੈ। ਦੂਜੇ ਪਾਸੇ ਇਸ ਹਾਰ ਨਾਲ ਕਾਰਲਸਨ ਅੰਕ ਸੂਚੀ ਵਿੱਚ ਤੀਜੇ ਸਥਾਨ ’ਤੇ ਖਿਸਕ ਗਿਆ ਹੈ।
ਇਸੇ ਤਰ੍ਹਾਂ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੇ ਵੀ ਅੱਜ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਕਲਾਸੀਕਲ ਫਾਰਮੈਟ ਵਿੱਚ ਪਹਿਲੀ ਵਾਰ ਹਰਾਇਆ। ਇਸ ਜਿੱਤ ਨਾਲ ਕਾਰੂਆਨਾ ਦੂਜੇ ਸਥਾਨ ’ਤੇ ਜਦਕਿ ਲਿਰੇਨ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਅਤੇ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਨਾਲ ਸਾਂਝੇ ਤੌਰ ’ਤੇ ਚੌਥੇ ਸਥਾਨ ’ਤੇ ਹੈ। ਚੌਥੇ ਗੇੜ ਵਿੱਚ ਪ੍ਰਗਨਾਨੰਦਾ ਦਾ ਮੁਕਾਬਲਾ ਨਾਕਾਮੁਰਾ ਨਾਲ ਹੋਵੇਗਾ।
ਪ੍ਰਗਨਾਨੰਦਾ ਦੀ ਭੈਣ ਆਰ ਵੈਸ਼ਾਲੀ ਵੀ ਮਹਿਲਾ ਵਰਗ ਵਿੱਚ ਸਿਖਰ ’ਤੇ ਚੱਲ ਰਹੀ ਹੈ। ਉਸ ਦੇ ਵੀ 5.5 ਅੰਕ ਹਨ। ਕਲਾਸੀਕਲ ਬਾਜ਼ੀ ਡਰਾਅ ਰਹਿਣ ਤੋਂ ਬਾਅਦ ਵੈਸ਼ਾਲੀ ਨੇ ਯੂਕਰੇਨ ਦੀ ਐਨਾ ਮੁਜ਼ੀਚੁਕ ਨੂੰ ਆਰਮਗੈਡੋਨ ਬਾਜ਼ੀ ਵਿੱਚ ਹਰਾ ਕੇ ਡੇਢ ਅੰਕ ਹਾਸਲ ਕੀਤੇ। ਚੀਨ ਦੀ ਮਹਿਲਾ ਵਿਸ਼ਵ ਚੈਂਪੀਅਨ ਵੇਨਜੁਨ ਜੂ 4.5 ਅੰਕਾਂ ਨਾਲ ਦੂਜੇ ਜਦਕਿ ਉਸ ਦੀ ਹਮਵਤਨ ਟਿੰਗਜੀ ਲੇਈ ਚਾਰ ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਮੁਜ਼ੀਚੁਕ, ਸਵੀਡਨ ਦੀ ਪਿਆ ਕ੍ਰੇਮਲਿੰਗ ਅਤੇ ਭਾਰਤ ਦੀ ਕੋਨੇਰੂ ਹੰਪੀ ਤਿੰਨ ਅੰਕਾਂ ਨਾਲ ਚੌਥੇ ਸਥਾਨ ’ਤੇ ਹਨ। -ਪੀਟੀਆਈ