For the best experience, open
https://m.punjabitribuneonline.com
on your mobile browser.
Advertisement

ਐੱਸਪੀ ਤੇ ਡੀਐੱਸਪੀ ਦੇ ਭਰੋਸੇ ਮਗਰੋਂ ਟੈਂਕੀ ਤੋਂ ਉੱਤਰੀ ਕੁਲਦੀਪ ਕੌਰ

10:21 AM Jul 16, 2023 IST
ਐੱਸਪੀ ਤੇ ਡੀਐੱਸਪੀ ਦੇ ਭਰੋਸੇ ਮਗਰੋਂ ਟੈਂਕੀ ਤੋਂ ਉੱਤਰੀ ਕੁਲਦੀਪ ਕੌਰ
Advertisement

ਪੱਤਰ ਪ੍ਰੇਰਕ
ਭੁੱਚੋ ਮੰਡੀ, 15 ਜੁਲਾਈ
ਸਥਾਨਕ ਪੁਲੀਸ ਵੱਲੋਂ ਇੱਕ ਲੜਕੀ ਸਮੇਤ ਤਿੰਨ ਜਣਿਆਂ ’ਤੇ ਕਰਾਸ ਕੇਸ ਪਾਏ ਜਾਣ ਦੇ ਵਿਰੋਧ ਵਿੱਚ ਸਥਾਨਕ ਮਿਉਂਸਿਪਲ ਪਾਰਕ ਵਿੱਚ ਜਲ ਘਰ ਦੀ ਟੈਂਕੀ ’ਤੇ ਚੜ੍ਹੀ ਬਿਰਧ ਔਰਤ ਕੁਲਦੀਪ ਕੌਰ ਰਾਤ ਸਮੇਂ ਵੀ ਟੈਂਕੀ ’ਤੇ ਡਟੀ ਰਹੀ। ਉਸ ਨੇ ਪੁਲੀਸ ਨੂੰ ਵਾਰ ਵਾਰ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਉਸ ਦੀ ਭਾਣਜੀ ਰਿੰਪੀ ਕੌਰ ਸਣੇ ਉਸ ਦੇ ਪੁੱਤਰਾਂ ਬਿੱਟੂ ਸਿੰਘ ਅਤੇ ਸੁਖਪ੍ਰੀਤ ਸਿੰਘ ਖ਼ਿਲਾਫ਼ ਧਾਰਾ 307 ਤਹਿਤ ਦਰਜ ਕੀਤਾ ਕਰਾਸ ਕੇਸ ਰੱਦ ਨਾ ਕੀਤਾ ਤਾਂ ਉਹ ਆਪਣੇ ਉੱਤੇ ਪੈਟਰੋਲ ਛਿੜਕ ਕੇ ਆਤਮ ਹੱਤਿਆ ਕਰ ਲਵੇਗੀ। ਇਸ ਮੌਕੇ ਪੀੜਤ ਪਰਿਵਾਰ ਦੇ ਮੈਂਬਰ ਵੀ ਪਾਰਕ ਵਿੱਚ ਮੌਜੂਦ ਸਨ। ਅਖੀਰ ਰਾਤ ਦੇ ਕਰੀਬ ਗਿਆਰਾਂ ਵਜੇ ਬਠਿੰਡਾ ਦੇ ਐੱਸਪੀ ਨਰਿੰਦਰ ਸਿੰਘ ਅਤੇ ਭੁੱਚੋ ਦੇ ਡੀਐੱਸਪੀ ਰਛਪਾਲ ਸਿੰਘ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਮਾਮਲੇ ਦੀ ਜਾਂਚ ਕਰਵਾ ਪਰਿਵਾਰ ਨੂੰ ਇਨਸਾਫ਼ ਦਿਵਾਉਣਗੇ। ਇਸ ਉਪਰੰਤ ਪਰਿਵਾਰ ਨੇ ਕੁਲਦੀਪ ਕੌਰ ਨੂੰ ਹੇਠਾਂ ਉਤਾਰ ਲਿਆ ਅਤੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਹਸਪਤਾਲ ਵਿੱਚ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਨੇ ਸਵੇਰੇ ਸੱਤ ਵਜੇ ਟੈਂਕੀ ’ਤੇ ਚੜ੍ਹਣ ਤੋਂ ਬਾਅਦ ਪਾਣੀ ਵੀ ਨਹੀਂ ਪੀਤਾ ਅਤੇ ਹੁਣ ਆਪਣੇ ਪੁੱਤਰਾਂ ਤੇ ਭਾਣਜੀ ਨੂੰ ਦੇਖ ਕੇ ਹੀ ਪਾਣੀ ਪੀਵੇਗੀ। ਇਸ ਤੋਂ ਬਾਅਦ ਉਹ ਹਸਪਤਾਲ ਵਿੱਚ ਛੁੱਟੀ ਲੈ ਕੇ ਬਠਿੰਡਾ ਵੱਲ ਚਲੇ ਗਏ।

Advertisement

Advertisement
Tags :
Author Image

sukhwinder singh

View all posts

Advertisement
Advertisement
×