ਦੱਖਣੀ ਕੋਰੀਆ ਨਾਲ ਲੱਗਦੀ ਸਰਹੱਦ ਬੰਦ ਕਰੇਗਾ ਉੱਤਰੀ ਕੋਰੀਆ
ਸਿਓਲ (ਦੱਖਣੀ ਕੋਰੀਆ), 9 ਅਕੂਤਬਰ
ਉੱਤਰੀ ਕੋਰੀਆ ਨੇ ਅੱਜ ਕਿਹਾ ਕਿ ਉਹ ਦੱਖਣੀ ਕੋਰੀਆ ਨਾਲ ਲੱਗਦੀ ਆਪਣੀ ਸਰਹੱਦ ਨੂੰ ਪੱਕੇ ਤੌਰ ’ਤੇ ਬੰਦ ਕਰ ਦੇਵੇਗਾ ਅਤੇ ਦੱਖਣੀ ਕੋਰੀਆ ਤੇ ਅਮਰੀਕਾ ਦੀਆਂ ਫੌਜਾਂ ਨਾਲ ਟਕਰਾਅ ਦੀ ਸਥਿਤੀ ਦੇ ਟਾਕਰੇ ਲਈ ਆਪਣੇ ਮੂਹਰਲੇ ਮੁਹਾਜ਼ਾਂ ਦੀ ਰੱਖਿਆ ਸਥਿਤੀ ਮਜ਼ਬੂਤ ਬਣਾਏਗਾ। ਉੱਤਰੀ ਕੋਰੀਆ ਨੇ ਹਾਲਾਂਕਿ ਦੱਖਣੀ ਕੋਰੀਆ ਨੂੰ ਰਸਮੀ ਤੌਰ ’ਤੇ ਆਪਣਾ ਮੁੱਖ ਦੁਸ਼ਮਣ ਐਲਾਨਣ ਅਤੇ ਨਵੀਂਆਂ ਕੌਮੀ ਸਰਹੱਦਾਂ ਤੈਅ ਕਰਨ ਲਈ ਸੰਵਿਧਾਨਕ ਸੋਧ ਦਾ ਐਲਾਨ ਨਹੀਂ ਕੀਤਾ। ਉੱਤਰੀ ਕੋਰੀਆ ਦੇ ਇਹ ਕਦਮ ਦਬਾਅ ਬਣਾਉਣ ਦੀ ਰਣਨੀਤੀ ਲੱਗਦੇ ਹਨ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਸ ਦਾ ਦੱਖਣੀ ਕੋਰੀਆ ਨਾਲ ਸਬੰਧਾਂ ’ਤੇ ਕੀ ਅਸਰ ਪਵੇਗਾ ਕਿਉਂਕਿ ਸਰਹੱਦ ਪਾਰ ਯਾਤਰਾ ਅਤੇ ਦੋਵਾ ਦੇਸ਼ਾਂ ਵਿਚਾਲੇ ਆਦਾਨ-ਪ੍ਰਦਾਨ ਕਈ ਵਰ੍ਹਿਆਂ ਤੋਂ ਬੰਦ ਹੈ।
ਉੱਤਰੀ ਕੋਰੀਆ ਦੀ ਫੌਜ ਨੇ ਅੱਜ ਕਿਹਾ ਕਿ ਉਹ ਦੱਖਣੀ ਕੋਰੀਆ ਨਾਲ ਲੱਗਦੀਆਂ ‘ਸੜਕਾਂ ਤੇ ਰੇਲ ਮਾਰਗਾਂ ’ਤੇ ਸੰਪਰਕ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ’ ਅਤੇ ਆਪਣੇ ਵੱਲੋਂ ਸਬੰਧਤ ਮੂਹਰਲੇ ਖੇਤਰਾਂ ਦੀ ਮਜ਼ਬੂਤ ਰੱਖਿਆ ਢਾਂਚੇ ਨਾਲ ਕਿਲਾਬੰਦੀ ਕਰੇਗਾ।’ ਉੱਤਰ ਕੋਰਿਆਈ ਫੌਜ ਨੇ ਇਸ ਕਵਾਇਦ ਨੂੰ ‘ਜੰਗ ਰੋਕਣ ਅਤੇ ਉੱਤਰੀ ਕੋਰੀਆ ਦੀ ਸੁਰੱਖਿਆ ਦੇ ਲਿਹਾਜ਼ ਤੋਂ ਸਵੈ-ਰੱਖਿਆ ਲਈ ਚੁੱਕਿਆ ਗਿਆ ਕਦਮ ਕਰਾਰ ਦਿੱਤਾ ਹੈ।’ -ਏਪੀ
ਮੌਜੂਦਾ ਸਥਿਤੀ ’ਚ ਤਬਦੀਲੀ ਸਹਿਣ ਨਹੀਂ ਕਰਾਂਗੇ: ਦੱੱਖਣੀ ਕੋਰੀਆ
ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉਹ ਮੌਜੂਦਾ ਸਥਿਤੀ ’ਚ ਤਬਦੀਲੀ ਦੀ ਉੱਤਰ ਕੋਰੀਆ ਦੀ ਕੋਈ ਵੀ ਕੋਸ਼ਿਸ਼ ਸਹਿਣ ਨਹੀਂ ਕਰੇਗਾ। ਜੇ ਉੱਤਰੀ ਕੋਰੀਆ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਤਾਂ ਦੱਖਣੀ ਕੋਰੀਆ ਉਸ ਨੂੰ ਕਰਾਰਾ ਜਵਾਬ ਦੇਵੇਗਾ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮਾਂ ਨੇ ਕੋਰਿਆਈ ਪ੍ਰਾਇਦੀਪ ’ਚ ਸ਼ਾਂਤੀ ਲਈ ਖ਼ਤਰਾ ਪੈਦਾ ਕੀਤਾ ਹੈ।