ਉੱਤਰੀ ਕੋਰੀਆ ਨੇ ਸਮੁੰਦਰ ਵੱਲ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ
ਸਿਓਲ, 5 ਨਵੰਬਰ
ਉੱਤਰੀ ਕੋਰੀਆ ਨੇ ਅੱਜ ਪੂਰਬੀ ਸਮੁੰਦਰ ਵੱਲ ਘੱਟ ਦੂਰੀ ਦੀਆਂ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਪਿਓਂਗਯਾਂਗ ਨੇ ਅਮਰੀਕਾ ’ਚ ਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਆਪਣੀ ਹਥਿਆਰ ਪ੍ਰਣਾਲੀ ਦਾ ਪ੍ਰਦਰਸ਼ਨ ਕੀਤਾ ਹੈ। ਦੱਖਣੀ ਕੋਰੀਆ ਦੇ ਜੁਆਇੰਟ ਚੀਫਜ਼ ਆਫ ਸਟਾਫ ਨੇ ਤੁਰੰਤ ਇਹ ਨਹੀਂ ਦੱਸਿਆ ਕਿ ਉੱਤਰੀ ਕੋਰੀਆ ਨੇ ਕਿੰਨੀਆਂ ਮਿਜ਼ਾਈਲਾਂ ਦਾਗੀਆਂ ਤੇ ਕਿੰਨੀ ਦੂਰੀ ਤੱਕ ਦਾਗੀਆਂ। ਜਪਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਇਹ ਘਟਨਾਕ੍ਰਮ ਉੱਤਰੀ ਕੋਰਿਆਈ ਆਗੂ ਕਿਮ ਜੋਂਗ ਉਨ ਵੱਲੋਂ ਅਮਰੀਕਾ ਤੱਕ ਪਹੁੰਚਣ ਲਈ ਡਿਜ਼ਾਈਨ ਕੀਤੀ ਗਈ ਦੇਸ਼ ਦੀ ਆਧੁਨਿਕ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਈਲ ਦੀ ਅਜ਼ਮਾਇਸ਼ ਦੀ ਨਿਗਰਾਨੀ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਵਾਪਰਿਆ ਹੈ। ਇਸੇ ਦੇ ਜਵਾਬ ’ਚ ਅਮਰੀਕਾ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਦੱਖਣੀ ਕੋਰੀਆ ਤੇ ਜਪਾਨ ਨਾਲ ਇੱਕ ਤਿੰਨ-ਪੱਖੀ ਅਭਿਆਸ ’ਚ ਲੰਮੀ ਦੂਰੀ ਦੇ ਬੀ-1ਬੀ ਬੌਂਬਰ ਦੀ ਵਰਤੋਂ ਕੀਤੀ ਸੀ। ਇਸ ਦੀ ਕਿਮ ਦੀ ਭੈਣ ਨੇ ਨਿੰਦਾ ਕੀਤੀ ਸੀ, ਜਿਸ ਨੇ ਅੱਜ ਉੱਤਰੀ ਕੋਰੀਆ ਦੇ ਵਿਰੋਧੀਆਂ ’ਤੇ ਹਮਲਾਵਰ ਰਵੱਈਆ ਅਪਣਾਉਣ ਤੇ ਫੌਜੀ ਧਮਕੀਆਂ ਨਾਲ ਤਣਾਅ ਵਧਾਉਣ ਦਾ ਦੋਸ਼ ਲਾਇਆ। ਦੱਖਣੀ ਕੋਰਿਆਈ ਅਧਿਕਾਰੀਆਂ ਨੇ ਕਿਹਾ ਕਿ ਵਾਸ਼ਿੰਗਟਨ ਦਾ ਧਿਆਨ ਖਿੱਚਣ ਲਈ ਉੱਤਰੀ ਕੋਰੀਆ ਅਮਰੀਕੀ ਰਾਸ਼ਟਰਪਤੀ ਚੋਣਾਂ ਨੇੜੇ ਫੌਜੀ ਪ੍ਰਦਰਸ਼ਨ ਵਧਾ ਸਕਦਾ ਹੈ। -ਏਪੀ