ਉੱਤਰੀ ਕੋਰੀਆ ਵੱਲੋਂ ਦੁਸ਼ਮਣ ਨੂੰ ਨਿਸ਼ਾਨਾ ਬਣਾਉਣ ਵਿੱਚ ਸਮਰੱਥ ਨਵੇਂ ਡਰੋਨ ਦਾ ਪ੍ਰਦਰਸ਼ਨ
ਸਿਓਲ, 3 ਸਤੰਬਰ
ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਨੇ ਟੀਚੇ ਨੂੰ ਨਿਸ਼ਾਨਾ ਬਣਾਉਣ ਵਿੱਚ ਸਮਰੱਥ ਨਵੇਂ ਧਮਾਕਾਖੇਜ਼ ਡਰੋਨ ਦਾ ਪ੍ਰਦਰਸ਼ਨ ਦੇਖਿਆ। ਸਰਕਾਰੀ ਮੀਡੀਆ ਨੇ ਅੱਜ ਇਹ ਜਾਣਕਾਰੀ ਦਿੱਤੀ। ਉੱਧਰ, ਅਮਰੀਕਾ ਤੇ ਦੱਖਣੀ ਕੋਰੀਆ ਨੇ ਸਾਂਝਾ ਫੌਜੀ ਅਭਿਆਸ ਕੀਤਾ।
ਉੱਤਰੀ ਕੋਰੀਆ ਦੀਆਂ ਪਰੀਖਣ ਸਬੰਧੀ ਤਸਵੀਰਾਂ ਵਿੱਚ ਸਫੈਦ ਡਰੋਨ ਦਿਖ ਰਿਹਾ ਹੈ, ਜਿਸ ਦਾ ਪਿਛਲਾ ਹਿੱਸਾ ‘ਐਕਸ’ ਆਕਾਰ ਹੈ ਅਤੇ ਉਸ ਦੇ ਖੰਭ ਕਥਿਤ ਤੌਰ ’ਤੇ ਦੱਖਣੀ ਕੋਰੀਆ ਦੇ ਮੁੱਖ ਕੇ-2 ਜੰਗੀ ਟੈਂਕ ਵਰਗੇ ਦਿਖਣ ਵਾਲੇ ਟੀਚੇ ਨਾਲ ਟਕਰਾਅ ਕੇ ਉਸ ਨੂੰ ਨਸ਼ਟ ਕਰਦੇ ਨਜ਼ਰ ਆ ਰਹੇ ਹਨ। ਜ਼ਿਆਦਾਤਰ ਜੰਗੀ ਡਰੋਨ ਟੀਚੇ ਤੋਂ ਦੂਰ ਖੜ੍ਹੇ ਹੋ ਕੇ ਮਿਜ਼ਾਈਲਾਂ ਦਾਗਦੇ ਹਨ। ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐੱਨਏ) ਨੇ ਕਿਹਾ ਕਿ ਸ਼ਨਿਚਰਵਾਰ ਨੂੰ ਪਰੀਖਣ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਤਰ੍ਹਾਂ ਦੇ ਡਰੋਨ ਸ਼ਾਮਲ ਸਨ ਜਿਨ੍ਹਾਂ ਨੂੰ ਧਰਤੀ ਤੇ ਸਮੁੰਦਰ ਵਿੱਚ ਵੱਖ-ਵੱਖ ਰੇਂਜ ਤੱਕ ਦੁਸ਼ਮਣ ਦੇ ਟੀਚੇ ਨੂੰ ਨਿਸ਼ਾਨਾ ਬਣਾਉਣ ਤੇ ਟੀਚੇ ਨੂੰ ਸਟੀਕ ਤਰੀਕੇ ਨਾਲ ਭੇਦਣ ਤੋਂ ਬਾਅਦ ਵੱਖ-ਵੱਖ ਮਾਰਗਾਂ ਦੀ ਉਡਾਣ ਭਰਨ ਦੇ ਲਿਹਾਜ਼ ਨਾਲ ਡਿਜ਼ਾਈਨ ਕੀਤਾ ਗਿਆ ਹੈ। ਕਿਮ ਜੌਂਗ ਨੇ ਆਪਣੇ ਦੇਸ਼ ਨੂੰ ਜੰਗ ਦੀ ਸੰਭਾਵਨਾ ਦੇ ਮੱਦੇਨਜ਼ਰ ਤਿਆਰ ਰਹਿਣ ਲਈ ਧਮਾਕਾ ਕਰਨ ’ਚ ਸਮਰੱਥ, ਪਾਣੀ ਹੇਠਲੇ ਟੀਚੇ ਦੀ ਟੋਹ ਲੈਣ ’ਚ ਸਮਰੱਥ ਦੱਸਿਆ ਅਤੇ ਹਮਲਾ ਕਰਨ ਵਾਲੇ ਡਰੋਨ ਦੇ ਵਿਕਾਸ ਨੂੰ ਹੁਲਾਰਾ ਦੇਣ ਦਾ ਸੰਕਲਪ ਜਤਾਇਆ। ਉੱਤਰ ਕੋਰੀਆ ਦਾ ਇਹ ਡਰੋਨ ਪਰੀਖਣ ਅਜਿਹੇ ਸਮੇਂ ਹੋਇਆ ਹੈ, ਜਦੋਂ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਫੌਜਾਂ ਨੇ ਵੱਡੀ ਪੱਧਰ ’ਤੇ ਉਲਚੀ ਫਰੀਡਮ ਸ਼ੀਲਡ ਅਭਿਆਸ ਕੀਤਾ। ਅਭਿਆਸ ਦਾ ਫੋਕਸ ਉੱਤਰੀ ਕੋਰੀਆ ਦੀਆਂ ਧਮਕੀਆਂ ਖ਼ਿਲਾਫ਼ ਤਿਆਰੀ ਕਰਨਾ ਸੀ। -ਏਪੀ