ਧੁਆਂਖੀ ਧੁੰਦ ਦੇ ਕਲਾਵੇ ’ਚ ਆਇਆ ਉੱਤਰੀ ਭਾਰਤ
ਚੰਡੀਗੜ੍ਹ, 3 ਨਵੰਬਰ
ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਨੂੰ ਧੁੰਆਂਖੀ ਧੁੰਦ ਨੇ ਆਪਣੀ ਲਪੇਟ ’ਚ ਲੈ ਲਿਆ ਹੈ ਅਤੇ ਅੱਜ ਬਹੁਤੀਆਂ ਥਾਵਾਂ ’ਤੇ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਤੇ ‘ਮਾੜੀ’ ਸ਼੍ਰੇਣੀ ’ਚ ਦਰਜ ਕੀਤੀ ਗਈ ਹੈ। ਪੰਜਾਬ ਵਿੱਚ ਅੱਜ 301 ਹਵਾ ਗੁਣਵੱਤਾ ਸੂਚਕਅੰਕ (ਏਕਿਊਆਈ) ਨਾਲ ਅੰਮ੍ਰਿਤਸਰ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਰਜ ਕੀਤਾ ਗਿਆ ਜਦਕਿ ਹਰਿਆਣਾ ਵਿੱਚ ਬਹਾਦੁਰਗੜ੍ਹ (313) ਅਤੇ ਕਰਨਾਲ (316) ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਹੇ। ਏਕਿਊਆਈ ਦਾ ਇਹ ਅੰਕੜਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆਉਂਦਾ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਭ ਤੋਂ ਘੱਟ ਏਕਿਊਆਈ ਪੰਜਾਬ ਦੇ ਬਠਿੰਡਾ ਸ਼ਹਿਰ ’ਚ 119 ਤੇ ਹਰਿਆਣਾ ਤੇ ਅੰਬਾਲਾ ’ਚ 112 ਦਰਜ ਕੀਤਾ ਗਿਆ ਹੈ। ਪੰਜਾਬ ਦੇ ਹੋਰ ਸ਼ਹਿਰਾਂ ਜਲੰਧਰ ’ਚ ਏਕਿਊਆਈ 214, ਖੰਨਾ ’ਚ 171, ਲੁਧਿਆਣਾ ’ਚ 153, ਪਟਿਆਲਾ ’ਚ 207, ਮੰਡੀ ਗੋਬਿੰਦਗੜ੍ਹ ’ਚ 184 ਅਤੇ ਰੂਪਨਗਰ ’ਚ ਏਕਿਊਆਈ 141 ਰਿਹਾ। ਇਸੇ ਤਰ੍ਹਾਂ ਹਰਿਆਣਾ ਦੇ ਸ਼ਹਿਰ ਭਿਵਾਨੀ ’ਚ ਏਕਿਊਆਈ 293, ਚਰਖੀ ਦਾਦਰੀ ’ਚ 280, ਫਰੀਦਾਬਾਦ ’ਚ 238, ਫਤਿਹਾਬਾਦ ’ਚ 202, ਗੁਰੂਗ੍ਰਾਮ ਤੇ ਹਿਸਾਰ ’ਚ 266, ਜੀਂਦ ’ਚ 253, ਰੋਹਤਕ ’ਚ 258, ਸੋਨੀਪਤ ’ਚ 296, ਸਿਰਸਾ ’ਚ 251, ਕੁਰੂਕਸ਼ੇਤਰ ’ਚ 238, ਪਾਣੀਪਤ ’ਚ 187 ਅਤੇ ਯਮੁਨਾਨਗਰ ’ਚ ਏਕਿਊਆਈ 142 ਦਰਜ ਕੀਤਾ ਗਿਆ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ’ਚ ਏਕਿਊਆਈ 183 ਰਿਹਾ। -ਪੀਟੀਆਈ
ਦਿੱਲੀ ’ਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਰਹੀ
ਨਵੀਂ ਦਿੱਲੀ: ਦਿੱਲੀ ’ਚ ਅੱਜ ਸਵੇਰੇ ਧੁੰਆਂਖੀ ਧੁੰਦ ਛਾਈ ਰਹੀ ਅਤੇ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ’ਚ ਸ਼ਾਮਲ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਅੱਜ ਸਵੇਰੇ ਕੌਮੀ ਰਾਜਧਾਨੀ ’ਚ ਏਕਿਊਆਈ 369 ਦਰਜ ਕੀਤਾ ਗਿਆ ਜੋ ਬੀਤੇ ਦਿਨ ਦਰਜ ਕੀਤੇ ਗਏ ਏਕਿਊਆਈ 290 ਤੋਂ ਕਾਫੀ ਵੱਧ ਹੈ। ਕੁਝ ਨਿਗਰਾਨੀ ਕੇਂਦਰਾਂ ’ਚ ਏਕਿਊਆਈ 400 ਤੋਂ ਵੱਧ ਦਰਜ ਕੀਤਾ ਗਿਆ ਜੋ ‘ਗੰਭੀਰ’ ਸ਼੍ਰੇਣੀ ਨੂੰ ਦਰਸਾਉਂਦਾ ਹੈ। -ਪੀਟੀਆਈ