ਨੌਰਡੀਓ ਓਪਨ: ਨਡਾਲ ਨੇ ਲਿਓ ਬੋਰਗ ਨੂੰ ਹਰਾਇਆ
ਬਸਤਾਡ (ਸਵੀਡਨ), 17 ਜੁਲਾਈ
ਓਲੰਪਿਕ ਦੀ ਤਿਆਰੀ ਕਰ ਰਹੇ ਰਾਫੇਲ ਨਡਾਲ ਨੇ ਨੌਰਡੀਆ ਓਪਨ ਟੈਨਿਸ ਟੂਰਨਾਮੈਂਟ ਦੇ ਸਿੰਗਲਜ਼ ਵਰਗ ਦੇ ਪਹਿਲੇ ਗੇੜ ’ਚ ਸਵੀਡਨ ਦੇ ਲਿਓ ਬੋਰਗ ਨੂੰ ਸਿੱਧੇ ਸੈੱਟਾਂ ’ਚ 6-3, 6-4 ਨਾਲ ਹਰਾ ਦਿੱਤਾ। ਲਿਓ ਸਵੀਡਨ ਦੇ ਮਹਾਨ ਖਿਡਾਰੀ ਬਜੋਰਨ ਬੋਰਗ ਦਾ ਪੁੱਤਰ ਹੈ। ਨਡਾਲ ਨੇ ਮੈਚ ਮਗਰੋਂ ਕਿਹਾ, ‘‘ਖੇਡ ਦੇ ਮਹਾਨ ਖਿਡਾਰੀਆਂ ’ਚੋਂ ਇੱਕ ਦੇ ਪੁੱਤਰ ਖ਼ਿਲਾਫ਼ ਖੇਡਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ। ਮੈਂ ਉਸ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।’’ ਨਡਾਲ ਨੇ ਇੱਥੇ 2005 ਵਿੱਚ 19 ਸਾਲ ਦੀ ਉਮਰ ਵਿੱਚ ਖ਼ਿਤਾਬ ਜਿੱਤਿਆ ਸੀ। ਉਸ ਤੋਂ ਬਾਅਦ ਉਹ ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ। ਨਡਾਲ ਓਲੰਪਿਕ ਦੀ ਤਿਆਰੀ ਦੇ ਹਿੱਸੇ ਵਜੋਂ ਇਸ ਟੂਰਨਾਮੈਂਟ ’ਚ ਹਿੱਸਾ ਲੈ ਰਿਹਾ ਹੈ। -ਪੀਟੀਆਈ
ਨਾਗਲ ਤੇ ਜ਼ੇਵਿਕੀ ਦੀ ਜੋੜੀ ਹਾਰੀ
ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਅਤੇ ਉਸ ਦੇ ਜੋੜੀਦਾਰ ਪੋਲੈਂਡ ਦੇ ਕੈਰੋਲ ਜ਼ੇਵਿਕੀ ਨੂੰ ਇੱਥੇ ਨੌਰਡੀਆ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਵਿੱਚ ਸਿੱਧੇ ਸੈੱਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਮੰਗਲਵਾਰ ਨੂੰ 59 ਮਿੰਟ ਤੱਕ ਚੱਲੇ ਮੈਚ ’ਚ ਨਾਗਲ ਅਤੇ ਜ਼ੇਵਿਕੀ ਦੀ ਜੋੜੀ ਨੂੰ ਅਲੈਗਜ਼ੈਂਡਰ ਮੂਲਰ ਅਤੇ ਲੂਕਾ ਵਾਨ ਐਸਚੇ ਦੀ ਫਰਾਂਸੀਸੀ ਜੋੜੀ ਤੋਂ 3-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਰੈਂਕਿੰਗ ’ਚ 68ਵੇਂ ਸਥਾਨ ’ਤੇ ਕਾਬਜ਼ ਨਾਗਲ ਦਾ ਸਿੰਗਲਜ਼ ਵਰਗ ਵਿੱਚ ਅਗਲਾ ਮੁਕਾਬਲਾ ਵਿਸ਼ਵ ਦੇ 36ਵੇਂ ਨੰਬਰ ਦੇ ਖਿਡਾਰੀ ਅਰਜਨਟੀਨਾ ਦੇ ਮਾਰੀਆਨੋ ਨਾਵੋਨ ਨਾਲ ਹੋਵੇਗਾ। ਇਸ ਦੌਰਾਨ ਜਰਮਨੀ ਵਿੱਚ ਹੈਮਬਰਗ ਓਪਨ ’ਚ ਜੈਕਬ ਸ਼ਨੈਟਰ ਅਤੇ ਮਾਰਕ ਵਾਲਨਰ ਦੀ ਜਰਮਨ ਜੋੜੀ ਖ਼ਿਲਾਫ਼ ਰੋਹਨ ਬੋਪੰਨਾ ਅਤੇ ਐੱਨ ਸ੍ਰੀਰਾਮ ਬਾਲਾਜੀ ਦਾ ਪੁਰਸ਼ ਡਬਲਜ਼ ਦੇ ਪਹਿਲੇ ਗੇੜ ਦਾ ਮੁਕਾਬਲਾ ਵੀਰਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਬੋਪੰਨਾ ਅਤੇ ਬਾਲਾਜੀ ਪੈਰਿਸ ਓਲੰਪਿਕ ਵਿੱਚ ਵੀ ਹਿੱਸਾ ਲੈ ਰਹੇ ਹਨ।