ਇਮਰਾਨ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ
ਇਸਲਾਮਾਬਾਦ, 11 ਜੁਲਾਈ
ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਅੱਜ ਹੱਤਕ ਦੇ ਇੱਕ ਮਾਮਲੇ ’ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਗ਼ੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਈਸੀਪੀ ਨੇ ਇਸੇ ਅਪਰਾਧ ਲਈ ਸਾਬਕਾ ਸੂਚਨਾ ਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਖ਼ਿਲਾਫ਼ ਵੀ ਗ਼ੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਈਸੀਪੀ ਨੇ ਪਿਛਲੇ ਸਾਲ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਖਾਨ ਅਤੇ ਪਾਰਟੀ ਦੇ ਸਾਬਕਾ ਆਗੂਆਂ ਚੌਧਰੀ ਤੇ ਅਸਦ ਉਮਰ ਖ਼ਿਲਾਫ਼ ਈਸੀਪੀ ਤੇ ਮੁੱਖ ਚੋਣ ਕਮਿਸ਼ਨ (ਸੀਈਸੀ) ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਭਾਸ਼ਾ ਵਰਤਣ ਦੇ ਮਾਮਲੇ ’ਚ ਹੱਤਕ ਦੀ ਕਾਰਵਾਈ ਸ਼ੁਰੂ ਕੀਤੀ ਸੀ। ਖਾਨ ਤੇ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਹੁਕਮ ਈਸੀਪੀ ਦੇ ਮੈਂਬਰ ਨਿਸਾਰ ਦੁਰਾਨੀ ਦੀ ਪ੍ਰਧਾਨਗੀ ਵਾਲੇ ਚਾਰ ਮੈਂਬਰੀ ਬੈਂਚ ਨੇ ਪਾਸ ਕੀਤਾ ਜਦੋਂ ਦੋਵੇਂ ਪੀਟੀਆਈ ਆਗੂ ਕਈ ਚਿਤਾਵਨੀਆਂ ਦੇ ਬਾਵਜੂਦ ਅੱਜ ਉਨ੍ਹਾਂ ਸਾਹਮਣੇ ਪੇਸ਼ ਨਾ ਹੋਏ। ਉਮਰ ਨੂੰ ਹਾਲਾਂਕਿ ਰਾਹਤ ਦੇ ਦਿੱਤੀ ਗਈ। ਇਸ ਮਗਰੋਂ ਚੋਣ ਕਮਿਸ਼ਨ ਨੇ ਸੁਣਵਾਈ 25 ਜੁਲਾਈ ਤੱਕ ਮੁਲਤਵੀ ਕਰ ਦਿੱਤੀ। -ਪੀਟੀਆਈ
ਲਾਹੌਰ ਦੀ ਅਦਾਲਤ ਨੇ ਪਰਵੇਜ਼ ਇਲਾਹੀ ਨੂੰ ਜ਼ਮਾਨਤ ਦਿੱਤੀ
ਲਾਹੌਰ: ਇੱਥੋਂ ਦੀ ਅਦਾਲਤ ਨੇ ਇਮਰਾਨ ਖ਼ਾਨ ਦੀ ਪਾਕਿਤਸਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਪ੍ਰਧਾਨ ਚੌਧਰੀ ਪਰਵੇਜ਼ ਇਲਾਹੀ ਨੂੰ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਅੱਜ ਜ਼ਮਾਨਤ ਦੇ ਦਿੱਤੀ ਹੈ। ਦੇਸ਼ ਦੀ ਚੋਟੀ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਵਿੱਤੀ ਮਾਮਲਿਆਂ ਦੀ ਅਦਾਲਤ ਦੇ ਜੱਜ ਅਸਲਮ ਗੌਂਡਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਜ਼ਮਾਨਤ ਅਰਜ਼ੀ ’ਤੇ ਇਹ ਆਦੇਸ਼ ਜਾਰੀ ਕੀਤਾ। -ਪੀਟੀਆਈ