ਪੰਜ ਵਿਧਾਨ ਸਭਾ ਹਲਕਿਆਂ ’ਚ 17 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ
ਪ੍ਰਭੂ ਦਿਆਲ/ਜਗਤਾਰ ਸਮਾਲਸਰ
ਸਿਰਸਾ/ ਏਲਨਾਬਾਦ, 11 ਸਤੰਬਰ
ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ’ਚ ਅੱਜ ਆਜ਼ਾਦ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ 17 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ‘ਆਪ’ ਦੇ ਰਾਣੀਆਂ ਹਲਕੇ ਤੋਂ ਉਮੀਦਵਾਰ ਹੈਪੀ ਰਾਣੀਆਂ ਵੱਲੋਂ ਰਾਣੀਆਂ ਤੋਂ ਸਿਰਸਾ ਤੱਕ ਰੋਡ ਸ਼ੋਅ ਕੀਤਾ ਗਿਆ। ਜ਼ਿਲ੍ਹਾ ਚੋਣ ਅਫ਼ਸਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਹੈ ਕਿ ਹਰਿਆਣਾ ਵਿਧਾਨ ਸਭਾ ਆਮ ਚੋਣ ਲਈ ਬੁੱਧਵਾਰ ਨੂੰ ਜ਼ਿਲ੍ਹੇ ਵਿੱਚ 17 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਡੱਬਵਾਲੀ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਸੰਜੀਵ ਕੁਮਾਰ, ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਸਿੰਘ, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੇਟਿਕ) ਦੇ ਕੁਲਵੀਰ ਸਿੰਘ, ਕਾਲਾਂਵਾਲੀ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਜਿੰਦਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਸ਼ੀਸ਼ਪਾਲ ਸਿੰਘ ਕੇਹਰਵਾਲਾ ਅਤੇ ਕਾਂਗਰਸ ਦੇ ਹੀ ਕਵਰਿੰਗ ਉਮੀਦਵਾਰ ਰਾਜੀਵ ਕੁਮਾਰ ਵੱਲੋਂ ਨਾਮਜ਼ਦਗੀ ਪੱਦਰ ਦਾਖ਼ਲ ਕੀਤੇ ਗਏ ਹਨ। ਰਾਣੀਆਂ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਗਗਨਦੀਪ, ਆਮ ਆਦਮੀ ਪਾਰਟੀ ਦੇ ਹੈਪੀ ਸਿੰਘ ਤੇ ਮਨਜੀਤ ਕੌਰ, ਏਲਨਾਬਾਦ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਿਕਰਮ ਪਾਲ, ਹੱਲੋਪਾ ਤੋਂ ਮਯੰਕ ਗਿੰਦਰਾ, ਸਿਰਸਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਪ੍ਰਦੀਪ ਕੁਮਾਰ, ਆਜ਼ਾਦ ਉਮੀਦਵਾਰ ਓਮ ਪ੍ਰਕਾਸ਼, ਆਜ਼ਾਦ ਉਮੀਦਵਾਰ ਦਰਵੇਸ਼ ਸਵਾਮੀ, ਆਜ਼ਾਦ ਉਮੀਦਵਾਰ ਸੁਖਪ੍ਰੀਤ ਸਿੰਘ, ਆਜ਼ਾਦ ਉਮੀਦਵਾਰ ਯੋਗੇਸ਼ ਓਧ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਉਮੀਦਵਾਰ ਆਪਣੇ ਨਾਮਜ਼ਦਗੀ ਫਾਰਮ 12 ਸਤੰਬਰ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ।
25 ਹਜ਼ਾਰ ਵੋਟਰ ਪਹਿਲੀ ਵਾਰ ਪਾਉਣਗੇ ਵੋਟ
ਸਿਰਸਾ ਜ਼ਿਲ੍ਹੇ ਦੀਆਂ ਪੰਜਾਂ ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ’ਚ ਐਤਕੀਂ 25 ਹਜ਼ਾਰ 138 ਨੌਜਵਾਨ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਜ਼ਿਲ੍ਹਾ ਸਿਰਸਾ ਦੇ 10 ਲੱਖ 6 ਹਜ਼ਾਰ 115 ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿੱਚੋਂ 5 ਲੱਖ 31 ਹਜ਼ਾਰ 180 ਪੁਰਸ਼ ਅਤੇ 4 ਲੱਖ 74 ਹਜ਼ਾਰ 908 ਮਹਿਲਾ ਵੋਟਰਾਂ ਤੋਂ ਇਲਾਵਾ 27 ਟਰਾਂਸਜੈਂਡਰ ਵੋਟਰ ਸ਼ਾਮਲ ਹਨ। ਇਨ੍ਹਾਂ ਵਿੱਚੋਂ 25 ਹਜ਼ਾਰ 138 ਨੌਜਵਾਨ ਵੋਟਰ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਜ਼ਿਲ੍ਹਾ ਚੋਣ ਅਫ਼ਸਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 996 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚ ਕਾਲਾਂਵਾਲੀ ਵਿਧਾਨ ਸਭਾ ਹਲਕੇ ’ਚ 187, ਡੱਬਵਾਲੀ ਵਿਧਾਨ ਸਭਾ ਹਲਕੇ ’ਚ 213, ਰਾਣੀਆਂ ਵਿਧਾਨ ਸਭਾ ਹਲਕੇ ’ਚ 188, ਸਿਰਸਾ ਵਿਧਾਨ ਸਭਾ ਹਲਕੇ ਵਿੱਚ 216 ਤੇ ਏਲਨਾਬਾਦ ਵਿੱਚ 192 ਪੋਲਿੰਗ ਸਟੇਸ਼ਨ ਸ਼ਾਮਲ ਹਨ।