Punjab News: ਨਗਰ ਨਿਗਮ ਤੇ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਮੁਕੰਮਲ
ਚਰਨਜੀਤ ਭੁੱਲਰ
ਚੰਡੀਗੜ੍ਹ, 12 ਦਸੰਬਰ
ਪੰਜਾਬ ਵਿਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਅੱਜ ਕਰੀਬ ਅੱਧੀ ਦਰਜਨ ਥਾਵਾਂ ’ਤੇ ਤਣਾਅ ਭਰੇ ਮਾਹੌਲ ਦਰਮਿਆਨ ਮੁਕੰਮਲ ਹੋ ਗਿਆ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਭਲਕੇ ਹੋਵੇਗੀ। ਸੂਬੇ ਵਿਚ ਪੰਜ ਨਗਰ ਨਿਗਮਾਂ, 44 ਨਗਰ ਕੌਂਸਲਾਂ/ਨਗਰ ਪੰਚਾਇਤਾਂ ਤੋਂ ਇਲਾਵਾ 49 ਵਾਰਡਾਂ ਦੀ ਉਪ ਚੋਣ ਲਈ 21 ਦਸੰਬਰ ਨੂੰ ਵੋਟਾਂ ਪੈਣਗੀਆਂ। ਪਟਿਆਲਾ ਅਤੇ ਮੋਗਾ ਜ਼ਿਲ੍ਹੇ ’ਚ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਕਾਗ਼ਜ਼ ਦਾਖਲ ਕੀਤੇ ਜਾਣ ਤੋਂ ਰੋਕਣ ਨੂੰ ਲੈ ਕੇ ਰੋਸ ਮੁਜ਼ਾਹਰੇ ਹੋਏ। ਮੱਖੂ ਵਿਚ ‘ਆਪ’ ਤੇ ਕਾਂਗਰਸੀ ਵਰਕਰਾਂ ਦਰਮਿਆਨ ਝੜਪ ’ਚ ਇੱਕ ਆਗੂ ਜ਼ਖ਼ਮੀ ਹੋ ਗਿਆ। ਪੰਜ ਨਗਰ ਨਿਗਮਾਂ ’ਚੋਂ ਫਗਵਾੜਾ ਲਈ 219, ਜਲੰਧਰ 448, ਲੁਧਿਆਣਾ 682, ਪਟਿਆਲਾ 173 ਅਤੇ ਅੰਮ੍ਰਿਤਸਰ ਲਈ 709 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਨਾਮਜ਼ਦਗੀਆਂ ਦੇ ਆਖ਼ਰੀ ਦਿਨ ਅੱਜ ਪੰਜ ਨਗਰ ਨਿਗਮਾਂ ਲਈ 2231 ਉਮੀਦਵਾਰਾਂ ਨੇ ਕਾਗਜ਼ ਭਰੇ। ਪੰਜ ਨਗਰ ਨਿਗਮਾਂ ਤੇ 44 ਨਗਰ ਕੌਂਸਲਾਂ ਲਈ ਕੁੱਲ 4489 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ। ਪੰਜਾਬ ’ਚ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ 9 ਦਸੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਕੱਲ੍ਹ ਤੱਕ 170 ਕਾਗ਼ਜ਼ ਦਾਖਲ ਹੋਏ ਸਨ। ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਫਗਵਾੜਾ ਨਿਗਮ ਦੀ ਚੋਣ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਆਖ਼ਰੀ ਦਿਨ ਕੋਈ ਬਹੁਤੇ ਰੱਫੜ ਦਾ ਸਮਾਚਾਰ ਨਹੀਂ ਹੈ ਜਦੋਂ ਕਿ ਪਟਿਆਲਾ ਨਿਗਮ ਦੀ ਚੋਣ ਨੂੰ ਲੈ ਕੇ ਟਕਰਾਅ ਵਾਲੀ ਸਥਿਤੀ ਬਣੀ ਰਹੀ। ਅੱਜ ਆਖ਼ਰੀ ਦਿਨ ਕਈ ਸ਼ਹਿਰਾਂ ’ਚ ਕਾਗ਼ਜ਼ ਦਾਖਲ ਕੀਤੇ ਜਾਣ ਨੂੰ ਲੈ ਕੇ ਕਾਫ਼ੀ ਘੜਮੱਸ ਮਚਿਆ। ਪਟਿਆਲਾ ਨਗਰ ਨਿਗਮ ਦੀ ਚੋਣ ਲਈ ਕਾਗ਼ਜ਼ ਦਾਖਲ ਕਰਨ ਆਏ ਵਿਰੋਧੀ ਧਿਰਾਂ ਦੇ ਕਰੀਬ ਦੋ ਦਰਜਨ ਉਮੀਦਵਾਰਾਂ ਦੇ ਕਾਗ਼ਜ਼ ਪਾੜੇ ਜਾਣ ਦੀਆਂ ਰਿਪੋਰਟਾਂ ਹਨ। ਪੁਲੀਸ ਨੇ ਭਾਜਪਾ ਉਮੀਦਵਾਰ ਨਿਖਿਲ ਕੁਮਾਰ ਨੂੰ ਨਿਗਮ ਦਫ਼ਤਰ ਅੱਗਿਓਂ ਹਿਰਾਸਤ ’ਚ ਲੈ ਲਿਆ। ਭਾਜਪਾ ਉਮੀਦਵਾਰ ਵਰੁਣ ਜਿੰਦਲ ਅਤੇ ਸੁਨੀਲ ਕੁਮਾਰ ਦੇ ਕਾਗ਼ਜ਼ ਪਾੜੇ ਜਾਣ ਦਾ ਸਮਾਚਾਰ ਹੈ। ਸਾਬਕਾ ਸੰਸਦ ਮੈਂਬਰ ਪਰਨੀਤ ਕੌਰ, ਭਾਜਪਾ ਮਹਿਲਾ ਵਿੰਗ ਦੀ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਵਿਚ ਭਾਜਪਾ ਵਰਕਰਾਂ ਨੇ ਪਟਿਆਲਾ ਵਿਚ ਰੋਸ ਮੁਜ਼ਾਹਰਾ ਕੀਤਾ ਅਤੇ ਧਰਨਾ ਦਿੱਤਾ। ਇਨ੍ਹਾਂ ਆਗੂਆਂ ਨੇ ਦੋਸ਼ ਲਾਏ ਕਿ ਪੁਲੀਸ ਦੀ ਹਾਜ਼ਰੀ ਵਿਚ ਅਣਪਛਾਤੇ ਲੋਕ ਵਿਰੋਧੀ ਉਮੀਦਵਾਰਾਂ ਦੇ ਕਾਗ਼ਜ਼ ਖੋਹ ਕੇ ਪਾੜਦੇ ਰਹੇ ਜਾਂ ਫਿਰ ਭੱਜ ਜਾਂਦੇ ਸਨ। ਉਨ੍ਹਾਂ ਕਿਹਾ ਕਿ ਨਿਗਮ ਦਫ਼ਤਰ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਅਤੇ ਵਿਰੋਧੀਆਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ। ਇੱਕ ਵੀਡੀਓ ਵੀ ਜਨਤਕ ਕੀਤੀ ਗਈ ਜਿਸ ਵਿਚ ਇੱਕ ਉਮੀਦਵਾਰ ਤੋਂ ਅਣਪਛਾਤੇ ਸ਼ਰੇਆਮ ਫਾਈਲ ਖੋਹ ਕੇ ਫ਼ਰਾਰ ਹੋ ਰਹੇ ਹਨ। ਪਟਿਆਲਾ ਵਿਚ ਅੱਜ ਭਾਜਪਾ ਨਿਸ਼ਾਨੇ ’ਤੇ ਰਹੀ। ਪੁਲੀਸ ਨੇ ਇਸ ਮੌਕੇ ਖਿੱਚ ਧੂਹ ਵੀ ਕੀਤੀ ਅਤੇ ਪੀੜਤ ਉਮੀਦਵਾਰ ਅੱਜ ਚੀਕ ਚੀਕ ਕੇ ਬੋਲਦੇ ਰਹੇ। ਪਟਿਆਲਾ ਨਿਗਮ ਦੇ 60 ਵਾਰਡਾਂ ਲਈ ਕੁੱਲ 173 ਨਾਮਜ਼ਦਗੀਆਂ ਦਾਖਲ ਹੋਈਆਂ ਹਨ ਜਦੋਂ ਕਿ ਸਨੌਰ ਕੌਂਸਲ ਦੇ 15 ਵਾਰਡਾਂ ਲਈ 22 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਉਧਰ ਪੰਜਾਬ ਭਾਜਪਾ ਨੇ ਅੱਜ ਰਾਜਪਾਲ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਸਿਆਸੀ ਪੱਖਪਾਤ ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਚੋਣਾਂ ਹੋ ਰਹੀਆਂ ਹਨ ਅਤੇ ਪੁਲੀਸ ਵੱਲੋਂ ਝੂਠੇ ਕੇਸ ਦਰਜ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਸ਼ਿਕਾਇਤ ਵਿਚ ਇਹ ਵੀ ਲਿਖਿਆ ਹੈ ਕਿ ਵਿਰੋਧੀ ਉਮੀਦਵਾਰਾਂ ਨੂੰ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਸਮਾਣਾ ’ਚ ਅੱਜ ਕਾਂਗਰਸ ਉਮੀਦਵਾਰ ਸੋਮ ਪ੍ਰਕਾਸ਼ ਦੇ ਕਾਗ਼ਜ਼ ਇੱਕ ਅਣਪਛਾਤਾ ਵਿਅਕਤੀ ਖੋਹ ਕੇ ਭੱਜ ਗਿਆ। ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਇਲਜ਼ਾਮ ਲਾਏ ਕਿ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਚ ਦਾਖਲ ਹੋ ਕੇ ਕਾਂਗਰਸੀ ਉਮੀਦਵਾਰ ਤੋਂ ਫਾਈਲ ਖੋਹ ਲਈ ਗਈ। ਇਸ ਦੌਰਾਨ ਭਿੱਖੀਵਿੰਡ ਦੇ ਵਾਰਡ ਨੰਬਰ 13 ਵਾਸਤੇ ਕਾਗ਼ਜ਼ ਦਾਖਲ ਕਰਨ ਗਈ ਕਾਂਗਰਸੀ ਉਮੀਦਵਾਰ ਸੁਖਦੀਪ ਕੌਰ ਦੀ ਫਾਈਲ ਵੀ ਅਣਪਛਾਤੇ ਖੋਹ ਕੇ ਭੱਜ ਗਏ। ਜ਼ਿਲ੍ਹਾ ਮੋਗਾ ਵਿਚ ਅੱਜ ਕਾਫ਼ੀ ਟਕਰਾਅ ਵਾਲੀ ਸਥਿਤੀ ਬਣੀ ਰਹੀ ਜਿੱਥੇ ਵਿਰੋਧੀ ਉਮੀਦਵਾਰਾਂ ਨੂੰ ਕਾਗ਼ਜ਼ ਦਾਖਲ ਨਹੀਂ ਕਰਨ ਦਿੱਤੇ ਗਏ। ਨਗਰ ਕੌਂਸਲ ਬਾਘਾ ਪੁਰਾਣਾ ਲਈ 19 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਹਨ ਜਿਨ੍ਹਾਂ ’ਚੋਂ ਹਾਕਮ ਧਿਰ ਦੇ 15 ਅਤੇ ਚਾਰ ਆਜ਼ਾਦ ਉਮੀਦਵਾਰ ਹਨ। ਇਸ ਕੌਂਸਲ ਲਈ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦਾ ਕੋਈ ਵੀ ਉਮੀਦਵਾਰ ਕਾਗ਼ਜ਼ ਦਾਖਲ ਨਹੀਂ ਕਰ ਸਕਿਆ। ਇਸੇ ਤਰ੍ਹਾਂ ਨਗਰ ਕੌਂਸਲ ਧਰਮਕੋਟ ਦੇ ਸਿਰਫ਼ ਛੇ ਵਾਰਡਾਂ ’ਚ ਅਤੇ ਨਗਰ ਪੰਚਾਇਤ ਫ਼ਤਿਹਗੜ੍ਹ ਪੰਜਤੂਰ ’ਚ ਸਿਰਫ਼ ਤਿੰਨ ਵਾਰਡਾਂ ਵਿਚ ਕਾਂਗਰਸੀ ਉਮੀਦਵਾਰ ਕਾਗ਼ਜ਼ ਭਰ ਸਕੇ ਹਨ। ਧਰਮਕੋਟ ਵਿਚ ਕਾਂਗਰਸੀ ਵਰਕਰਾਂ ਨੇ ‘ਆਪ’ ਖ਼ਿਲਾਫ਼ ਅਤੇ ‘ਆਪ’ ਵਰਕਰਾਂ ਨੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਤਿੰਨ ਉਮੀਦਵਾਰ ਸਮੇਤ ਪੰਜ ਜਣਿਆਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਫ਼ਿਰੋਜ਼ਪੁਰ ਜ਼ਿਲ੍ਹੇ ਦੀ ਨਗਰ ਪੰਚਾਇਤ ਮੱਖੂ ਲਈ ਕਾਗ਼ਜ਼ ਦਾਖਲ ਕਰਨ ਦੇ ਆਖ਼ਰੀ ਦਿਨ ‘ਆਪ’ ਅਤੇ ਕਾਂਗਰਸੀ ਵਰਕਰਾਂ ਦਰਮਿਆਨ ਝੜਪ ਹੋ ਗਈ ਜਿਸ ਵਿਚ ਸਾਬਕਾ ਪ੍ਰਧਾਨ ਮਹਿੰਦਰ ਮਦਾਨ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ।
‘ਆਪ’ ਸਰਕਾਰ ਨੂੰ ਕੀਮਤ ਤਾਰਨੀ ਪਵੇਗੀ: ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅੱਜ ਨਿਗਮ ਚੋਣਾਂ ਵਿਚ ਕੀਤੀ ਗੁੰਡਾਗਰਦੀ ਦੀ ਕੀਮਤ ਤਾਰਨੀ ਪਵੇਗੀ। ਸਾਲ 2027 ਦੀਆਂ ਚੋਣਾਂ ਵਿਚ ਲੋਕ ‘ਆਪ’ ਸਰਕਾਰ ਨੂੰ ਇਸ ਦਾ ਜੁਆਬ ਦੇਣਗੇ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਨੇ ਪੁਲੀਸ ਨਾਲ ਰਲ ਕੇ ਕਾਂਗਰਸੀ ਉਮੀਦਵਾਰਾਂ ਨੂੰ ਕਾਗ਼ਜ਼ ਦਾਖਲ ਨਹੀਂ ਕਰਨ ਦਿੱਤੇ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਹੁਤੇ ਉਮੀਦਵਾਰਾਂ ਦੇ ਕਾਗ਼ਜ਼ ਹੀ ਪਾੜ ਦਿੱਤੇ ਜੋ ਕਿ ਜਮਹੂਰੀਅਤ ਦਾ ਸਿੱਧਾ ਘਾਣ ਹੈ।
ਚੋਣ ਪ੍ਰਕਿਰਿਆ ਦੀ ਵੀਡੀਓਗਰਾਫੀ ਕਰਨ ਦੇ ਹੁਕਮ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਨਗਰ ਨਿਗਮਾਂ ਅਤੇ ਕੌਂਸਲ ਚੋਣਾਂ ਦੀ ਪ੍ਰਕਿਰਿਆ ਦੀ ਵੀਡੀਓਗਰਾਫੀ ਦੇ ਹੁਕਮ ਸੁਣਾਏ ਹਨ। ਪਟਿਆਲਾ ਨਿਗਮ ’ਚ ਕਾਗ਼ਜ਼ ਨਾ ਦਾਖਲ ਕੀਤੇ ਜਾਣ ਨੂੰ ਲੈ ਕੇ ਪਾਈ ਗਈ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਸਟਿਸ ਸੁਰੇਸ਼ਵਰ ਠਾਕੁਰ ਦੀ ਅਗਵਾਈ ਵਾਲੇ ਬੈਂਚ ਨੇ ਪਹਿਲਾਂ ਹੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਤਹਿਤ ਚੋਣ ਪ੍ਰਕਿਰਿਆ ਦੀ ਵੀਡੀਓਗਰਾਫੀ ਕੀਤੀ ਜਾਣੀ ਹੈ। ਮੁੱਖ ਸਕੱਤਰ ਨੂੰ ਸਾਰੇ ਰਿਟਰਨਿੰਗ ਅਫ਼ਸਰਾਂ ਨੂੰ ਹੁਕਮਾਂ ਦੀ ਕਾਪੀ ਭੇਜਣ ਲਈ ਕਿਹਾ ਗਿਆ ਹੈ। ਭਾਜਪਾ ਦੇ ਐਡਵੋਕੇਟ ਐਨ.ਕੇ.ਵਰਮਾ ਦਾ ਕਹਿਣਾ ਸੀ ਕਿ ਹਾਈਕੋਰਟ ਨੇ ਵੀਡੀਓਗਰਾਫੀ ਕਰਾਏ ਜਾਣ ਤੋਂ ਇਲਾਵਾ ਚੋਣ ਕਮਿਸ਼ਨ ਨੂੰ ਭਾਜਪਾ ਵੱਲੋਂ ਕੀਤੀਆਂ ਸ਼ਿਕਾਇਤਾਂ ’ਤੇ ਐਕਸ਼ਨ ਲੈਣ ਲਈ ਵੀ ਕਿਹਾ ਹੈ।