For the best experience, open
https://m.punjabitribuneonline.com
on your mobile browser.
Advertisement

ਐੱਚਐੱਸਜੀਐੱਮਸੀ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਭਲਕ ਤੋਂ

07:18 AM Dec 19, 2024 IST
ਐੱਚਐੱਸਜੀਐੱਮਸੀ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਭਲਕ ਤੋਂ
Advertisement

ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ/ਸ਼ਾਹਬਾਦ, 18 ਦਸੰਬਰ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਹੁਣ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ 20 ਦਸੰਬਰ ਤੋਂ ਸ਼ੁਰੂ ਹੋਣਗੀਆਂ ਅਤੇ ਨਾਮਜ਼ਦਗੀਆਂ ਦੀ ਆਖ਼ਰੀ ਮਿਤੀ 28 ਦਸੰਬਰ ਹੋਵੇਗੀ। ਉਮੀਦਵਾਰ 30-31 ਦਸੰਬਰ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ ਅਤੇ ਚੋਣ ਕਮਿਸ਼ਨ 2 ਜਨਵਰੀ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕਰੇਗਾ। 19 ਜਨਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਨਤੀਜੇ ਵੀ ਐਲਾਨੇ ਜਾਣਗੇ।
ਹਰਿਆਣਾ ਦੇ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐਚ.ਐਸ.ਭੱਲਾ ਨੇ ਕਿਹਾ ਕਿ ਸਿੱਖ ਵੋਟਰਾਂ ਕੋਲ ਵੋਟਿੰਗ ਲਈ ਫਾਰਮ ਜਮ੍ਹਾਂ ਕਰਵਾਉਣ ਲਈ ਅਜੇ 15 ਜਨਵਰੀ ਤੱਕ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪੂਰੇ ਹਰਿਆਣਾ ਵਿੱਚ 3 ਲੱਖ ਤੋਂ ਵੱਧ ਵੋਟਾਂ ਬਣ ਚੁੱਕੀਆਂ ਹਨ। ਭੱਲਾ ਨੇ ਦੱਸਿਆ ਕਿ ਪਹਿਲਾਂ ਸ਼ਹਿਰੀ ਵੋਟਰ ਆਪਣੇ ਫਾਰਮ ਨਗਰ ਪਾਲਿਕਾ ਅਤੇ ਪੇਂਡੂ ਵੋਟਰ ਆਪਣੇ ਫਾਰਮ ਤਹਿਸੀਲ ਦਫ਼ਤਰ ਵਿੱਚ ਜਮ੍ਹਾਂ ਕਰਵਾਉਂਦੇ ਸਨ, ਪਰ ਹੁਣ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੋਟਰ ਆਪਣੇ ਫਾਰਮ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਹੀ ਜਮ੍ਹਾਂ ਕਰਵਾ ਸਕਣਗੇ। ਉਨ੍ਹਾਂ ਦੱਸਿਆ ਕਿ ਜਿਹੜੇ ਵੀ ਸਿੱਖ ਵੋਟਰਾਂ ਨੇ ਅਜੇ ਤੱਕ ਚੋਣਾਂ ਲਈ ਆਪਣੀ ਵੋਟ ਨਹੀਂ ਬਣਵਾਈ, ਉਹ ਫਾਰਮ ਜਮ੍ਹਾਂ ਕਰਵਾ ਕੇ ਆਪਣੀ ਵੋਟ ਬਣਵਾ ਸਕਦੇ ਹਨ।

Advertisement

ਨਰਾਇਣਗੜ੍ਹ (ਪੱਤਰ ਪ੍ਰੇਰਕ):

Advertisement

ਰਿਟਰਨਿੰਗ ਅਫਸਰ ਕਮ ਉਪ ਮੰਡਲ ਅਫਸਰ (ਨਾਗਰਿਕ) ਨਰਾਇਣਗੜ੍ਹ ਸ਼ਾਸ਼ਵਤ ਸਾਂਗਵਾਨ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਰਡ ਨੰਬਰ 3 ਦੇ ਮੈਂਬਰਾਂ ਦੀ ਚੋਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 20 ਤੋਂ 28 ਦਸੰਬਰ ਤੱਕ ਉਮੀਦਵਾਰ ਰਿਟਰਨਿੰਗ ਅਫ਼ਸਰ ਜਾਂ ਬੀਡੀਪੀਓ ਨਰਾਇਣਗੜ੍ਹ ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਭਰ ਸਕਦੇ ਹਨ। ਨਾਮਜ਼ਦਗੀਆਂ ਦੀ ਪੜਤਾਲ 30 ਦਸੰਬਰ ਨੂੰ ਹੋਵੇਗੀ। ਰਿਟਰਨਿੰਗ ਅਫਸਰ ਦੇ ਫੈਸਲੇ ਵਿਰੁੱਧ ਡਿਪਟੀ ਕਮਿਸ਼ਨਰ ਸਾਹਮਣੇ ਪੇਸ਼ ਹੋਣ ਲਈ ਦੀ ਮਿਤੀ 31 ਦਸੰਬਰ ਹੈ। ਡਿਪਟੀ ਕਮਿਸ਼ਨਰ ਵੱਲੋਂ ਫੈਸਲੇ ਲਈ ਪਹਿਲੀ ਜਨਵਰੀ, 2025 ਹੈ। ਅਗਲੇ ਸਾਲ 19 ਜਨਵਰੀ ਨੂੰ ਸਵੇਰੇ ਅੱਠ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 19 ਜਨਵਰੀ 2025 ਨੂੰ ਹੀ ਚੋਣਾਂ ਦੀ ਸਮਾਪਤੀ ਤੋਂ ਤੁਰੰਤ ਬਾਅਦ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ ਹੋਵੇਗੀ।

ਹੁਣ ਤੱਕ ਇੱਕ ਉਮੀਦਵਾਰ ਦਾ ਨਾਂਅ ਆਇਆ ਸਾਹਮਣੇ

ਐੱਚਐੱਸਜੀਐੱਮਸੀ ਦੇ ਸਾਬਕਾ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਸ਼ਾਹਬਾਦ ਵਾਰਡ-13 ਦੀਆਂ ਚੋਣਾਂ ਵਿੱਚ ਹੁਣ ਤੱਕ ਖੁੱਲ੍ਹ ਕੇ ਮੈਦਾਨ ਵਿੱਚ ਆ ਚੁੱਕੇ ਹਨ। ਉਹ ਇਸ ਸੀਟ ਤੋਂ ਚੋਣ ਲੜਨਗੇ। ਸ਼ਾਹਬਾਦ ਵਿੱਚ ਐੱਚਐੱਸਜੀਐੱਮਸੀ ਦਾ ਮੁੱਖ ਚੋਣ ਮੁੱਦਾ ਮੀਰੀ ਪੀਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਮੈਡੀਕਲ ਕਾਲਜ ਸ਼ੁਰੂ ਕਰਵਾਉਣਾ ਅਤੇ ਸਿੱਖਾਂ ਦੀ ਪੁਰਾਣੀ ਮੰਗ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਗੇਟ ਦੀ ਉਸਾਰੀ ਨੂੰ ਪੂਰਾ ਕਰਵਾਉਣਾ ਹੋਵੇਗਾ। ਸ਼ਾਹਬਾਦ ਦੀ ਸਿੱਖ ਸੰਗਤ ਦੀਆਂ ਇਹ ਦੋਵੇਂ ਮੰਗਾਂ ਬਹੁਤ ਪੁਰਾਣੀਆਂ ਹਨ, ਪਰ ਸਰਕਾਰਾਂ ਅਤੇ ਸਿੱਖ ਆਗੂਆਂ ਨੇ ਅਜੇ ਤੱਕ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕਿਆ। ਇਸ ਵੇਲੇ ਮੀਰੀ ਪੀਰੀ ਸੰਸਥਾਨ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਕੋਲ ਹੈ ਅਤੇ ਇੱਥੋਂ ਦੇ ਟਰੱਸਟੀ ਵੀ ਅਕਾਲੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਨ। ਵੋਟਰਾਂ ਨੂੰ ਲੁਭਾਉਣ ਲਈ ਉਹ ਹੁਣ ਇਹ ਬਿਆਨ ਦੇ ਰਹੇ ਹਨ ਕਿ ਮੈਡੀਕਲ ਕਾਲਜ ਜਲਦੀ ਹੀ ਸ਼ੁਰੂ ਹੋ ਜਾਵੇਗਾ, ਜਦੋਂਕਿ ਮਾਹਿਰ ਡਾ. ਗੁਨਤਾਸ ਸਿੰਘ ਗਿੱਲ ਨੇ ਦੱਸਿਆ ਕਿ ਐੱਮਸੀਆਈ ਵਿੱਚ 100 ਐਮਬੀਬੀਐਸ ਸੀਟਾਂ ਲਈ ਅਪਲਾਈ ਕਰਨ ਤੋਂ ਪਹਿਲਾਂ 480 ਬਿਸਤਰਿਆਂ ਵਾਲਾ ਹਸਪਤਾਲ ਚਾਲੂ ਹੋਣਾ ਚਾਹੀਦਾ ਹੈ। ਜਦੋਂ ਕਿ 19 ਵਿਭਾਗਾਂ ਸਮੇਤ ਕਈ ਫਾਰਮੈਲਟੀਆਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਹਸਪਤਾਲ ਘੱਟੋ-ਘੱਟ 50 ਐੱਮਬੀਬੀਐੱਸ ਸੀਟਾਂ ਲਈ ਅਪਲਾਈ ਕਰ ਸਕਦਾ ਹੈ। ਦੂਜੇ ਪਾਸੇ ਬਰਾੜਾ ਰੋਡ ’ਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਗੇਟ ਦੀ ਉਸਾਰੀ ਵੀ ਪਿਛਲੇ 4 ਸਾਲਾਂ ਤੋਂ ਲਟਕ ਰਹੀ ਹੈ। ਇਸ ਗੇਟ ‘ਤੇ ਹੁਣ ਤੱਕ 1 ਕਰੋੜ 55 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜਦਕਿ ਇਸ ਦੇ ਬਿਲਕੁਲ ਨੇੜੇ ਸਥਿਤ ਸ੍ਰੀ ਗੁਰੂਦੇਵ ਨਿਵਾਸ ਕੁਟੀਆ ਦਾ ਗੇਟ ਸਿਰਫ 22 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ। ਸ਼ਾਹਬਾਦ ਵਿੱਚ ਸਿੱਖ ਵੋਟਰਾਂ ਨੂੰ ਇਨ੍ਹਾਂ ਦੋ ਮੁੱਖ ਮੰਗਾਂ ’ਤੇ ਸੰਤੁਸ਼ਟ ਕਰਨ ਵਾਲਾ ਉਮੀਦਵਾਰ ਹੀ ਆਪਣੀ ਜਿੱਤ ਦਰਜ ਕਰੇਗਾ।

Advertisement
Author Image

joginder kumar

View all posts

Advertisement