ਬਲਾਕ ਖੰਨਾ ਵਿੱਚ ਸਰਪੰਚੀ ਲਈ 10 ਅਤੇ ਪੰਚੀ ਲਈ 28 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ
ਜੋਗਿੰਦਰ ਸਿੰਘ ਓਬਰਾਏ
ਖੰਨਾ, 7 ਅਕਤੂਬਰ
ਬਲਾਕ ਖੰਨਾ ਦੇ 67 ਪਿੰਡਾਂ ਵਿੱਚੋਂ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰਾਂ ’ਤੇ ਇਤਰਾਜ਼ਾਂ ਦੀ ਪੜਤਾਲ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ। ਚੋਣ ਅਧਿਕਾਰੀ ਅਨੁਸਾਰ 10 ਸਰਪੰਚ ਅਤੇ 28 ਪੰਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਤਰੁੱਟੀਆਂ ਕਾਰਨ ਰੱਦ ਕਰ ਦਿੱਤੇ ਗਏ ਹਨ। ਬਲਾਕ ਖੰਨਾ ਦੇ ਪਿੰਡਾਂ ਨੂੰ 7 ਕਲੱਸਟਰਾਂ ਵਿੱਚ ਵੰਡਿਆ ਗਿਆ ਹੈ। ਜਾਣਕਾਰੀ ਮੁਤਾਬਕ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਸਰਪੰਚੀ ਲਈ ਖੜ੍ਹੇ 6 ਵਿੱਚੋਂ 5 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋ ਗਈਆਂ ਹਨ। ਹੁਣ ਸਰਪੰਚ ਦੇ ਅਹੁਦੇ ਲਈ ਸਿਰਫ਼ ਇੱਕ ਹੀ ਉਮੀਦਵਾਰ ਅੰਮ੍ਰਿਤ ਸਿੰਘ ਬਚਿਆ ਹੈ ਜਿਸ ਕਾਰਨ ਉਹ ਬਿਨਾਂ ਮੁਕਾਬਲਾ ਸਰਪੰਚ ਬਣ ਗਏ ਹਨ। ਇਸੇ ਤਰ੍ਹਾਂ ਇਸ ਪਿੰਡ ਦੇ ਪੰਚੀ ਲਈ ਖੜ੍ਹੇ 16 ਵਿੱਚੋਂ 11 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਹਨ, ਜਿਸ ਕਾਰਨ ਪਿੰਡ ਵੱਲੋਂ ਹਰ ਤਰ੍ਹਾਂ ਦੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਵਿਰੋਧੀ ਧਿਰਾਂ ਨੇ ਇਕਜੁੱਟ ਹੋ ਕੇ ਐੱਸਡੀਐੱਮ ਨੂੰ ਮਿਲਣ ਦਾ ਫੈਸਲਾ ਕੀਤਾ ਅਤੇ ਮੰਗ ਕੀਤੀ ਕਿ ਉਮੀਦਵਾਰਾਂ ਦੇ ਕਾਗਜ਼ਾਂ ਦੀ ਮੁੜ ਪੜਤਾਲ ਕਰ ਕੇ ਰੱਦ ਕੀਤੇ ਉਮੀਦਵਾਰਾਂ ਬਹਾਲ ਕੀਤੇ ਜਾਣ ਅਤੇ ਪਿੰਡ ਵਾਸੀਆਂ ਨੂੰ ਆਪਣੀ ਮਰਜ਼ੀ ਦੀ ਪੰਚਾਇਤ ਚੁਣਨ ਦਾ ਮੌਕਾ ਦਿੱਤਾ ਜਾਵੇ।
ਇਸੇ ਤਰ੍ਹਾਂ ਅੱਜ ਬਲਾਕ ਖੰਨਾ ਪੈਂਦੇ 67 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਵਿੱਚ 269 ਸਰਪੰਚ ਅਤੇ 928 ਪੰਚ ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ, ਜਿਨ੍ਹਾਂ ਵਿੱਚੋਂ ਕਾਗਜ਼ਾਂ ਦੀ ਪੜਤਾਲ ਉਪਰੰਤ ਅੱਜ 10 ਸਰਪੰਚ ਅਤੇ 28 ਪੰਚਾਂ ਦੇ ਕਾਗਜ਼ ਰੱਦ ਕੀਤੇ ਗਏ। ਹੁਣ ਮੈਦਾਨ ਵਿੱਚ 259 ਸਰਪੰਚ ਅਤੇ 900 ਪੰਚ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਨੂੰ ਸਬੰਧਤ ਅਧਿਕਾਰੀਆਂ ਵੱਲੋਂ ਚੋਣ ਨਿਸ਼ਾਨ ਅਲਾਟ ਕੀਤੇ ਗਏ। ਬਲਾਕ ਦੋਰਾਹਾ ਅਧੀਨ ਪੈਂਦੇ 62 ਪਿੰਡਾਂ ਦੀਆਂ ਚੋਣਾਂ ਵਿੱਚ 240 ਸਰਪੰਚ ਅਤੇ 906 ਪੰਚ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ ਕਾਗਜ਼ਾਂ ਦੀ ਪੜਤਾਲ ਉਪਰੰਤ 1 ਸਰਪੰਚ ਅਤੇ 2 ਪੰਚ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ। ਹੁਣ ਮੈਦਾਨ ਵਿੱਚ 239 ਸਰਪੰਚ ਅਤੇ 904 ਪੰਚ ਉਮੀਦਵਾਰ ਰਹਿ ਗਏ, ਜਿਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ।