ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ’ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ

07:41 AM Sep 27, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 26 ਸਤੰਬਰ
ਪੰਜਾਬ ਵਿਚ ਪੰਚਾਇਤੀ ਚੋਣਾਂ ਲਈ ਭਲਕੇ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅਮਲ ਸ਼ੁਰੂ ਹੋ ਜਾਵੇਗਾ। ਡਿਪਟੀ ਕਮਿਸ਼ਨਰਾਂ ਨੇ ਅੱਜ ਚੋਣਾਂ ਦੀ ਤਿਆਰੀ ਨੂੰ ਅੰਤਿਮ ਛੋਹਾਂ ਦਿੱਤੀਆਂ। ਸੂਬੇ ਵਿਚ ਸਰਪੰਚਾਂ ਦੇ ਰਾਖਵੇਂਕਰਨ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਸਾਰੇ ਜ਼ਿਲ੍ਹਿਆਂ ਵਿਚ ਨੋਟੀਫ਼ਿਕੇਸ਼ਨ ਜਾਰੀ ਹੋ ਗਏ ਹਨ। ਡਿਪਟੀ ਕਮਿਸ਼ਨਰਾਂ ਵੱਲੋਂ ਪੰਚਾਇਤੀ ਚੋਣਾਂ ਲਈ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕਰ ਦਿੱਤੇ ਗਏ ਹਨ।
ਪੰਜਾਬ ਰਾਜ ਚੋਣ ਕਮਿਸ਼ਨ ਨੇ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤਾਂ ਵਾਲਾ 99 ਪੰਨਿਆਂ ਦਾ ਕਿਤਾਬਚਾ ਜਾਰੀ ਕੀਤਾ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ 4 ਅਕਤੂਬਰ ਤੱਕ ਚੱਲੇਗੀ। ਪੰਜਾਬ ਦੀਆਂ 13,237 ਪੰਚਾਇਤਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਹੋਣੇ ਹਨ ਜਿਨ੍ਹਾਂ ’ਚੋਂ 13,237 ਸਰਪੰਚ ਅਤੇ 84,437 ਪੰਚ ਚੁਣੇ ਜਾਣਗੇ। ਵੋਟਾਂ ਲਈ 19,110 ਪੋਲਿੰਗ ਬੂਥ ਬਣਾਏ ਜਾਣਗੇ।
ਪੰਚਾਇਤ ਚੋਣਾਂ ਲਈ ਐੱਸਡੀਐੱਮਜ਼ ਨੂੰ ਨੋਡਲ ਅਫ਼ਸਰ ਲਗਾਇਆ ਹੈ, ਜਿਨ੍ਹਾਂ ਨਾਮਜ਼ਦਗੀ ਪੱਤਰ ਲੈਣ ਲਈ ਸਬੰਧਤ ਸਥਾਨ ਵੀ ਨਿਸ਼ਚਿਤ ਕਰ ਦਿੱਤੇ ਹਨ। ਹਰ ਬਲਾਕ ਲਈ ਵੱਖਰਾ ਸਥਾਨ ਹੋਵੇਗਾ ਜਿੱਥੇ ਰਿਟਰਨਿੰਗ ਅਫ਼ਸਰ ਮੌਜੂਦ ਰਹਿਣਗੇ। ਚੋਣਾਂ ਲੜਨ ਦੇ ਚਾਹਵਾਨਾਂ ਵੱਲੋਂ ਸਿਆਸੀ ਗਤੀਵਿਧੀਆਂ ਵਧਾ ਦਿੱਤੀਆਂ ਗਈਆਂ ਹਨ ਅਤੇ ਉਹ ‘ਕੋਈ ਬਕਾਇਆ ਨਹੀਂ’ ਦਾ ਸਰਟੀਫਿਕੇਟ ਲੈਣ ਲਈ ਭੱਜ-ਨੱਠ ਵਿਚ ਪੈ ਗਏ ਹਨ।
ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਉਮੀਦਵਾਰਾਂ ਨੂੰ ਆਪਣੀ ਸੰਪਤੀ ਅਤੇ ਆਮਦਨ ਦੇ ਵੇਰਵੇ ਵੀ ਨਸ਼ਰ ਕਰਨੇ ਪੈਣਗੇ।

Advertisement

ਟੱਪਰੀਆਂ ’ਚ ਪੰਚਾਇਤ ਅਤੇ ਹਰੀਗੜ੍ਹ ’ਚ ਸਰਪੰਚ ਦੀ ਸਰਬਸੰਮਤੀ ਨਾਲ ਚੋਣ

ਬੇਸ਼ੱਕ ਨਾਮਜ਼ਦਗੀਆਂ ਭਰਨ ਦਾ ਅਮਲ ਭਲਕੇ ਸ਼ੁਰੂ ਹੋਵੇਗਾ ਪ੍ਰੰਤੂ ਪਿੰਡਾਂ ਵਿਚ ਸਰਬਸੰਮਤੀ ਬਣਾਏ ਜਾਣ ਦਾ ਮਹੂਰਤ ਅੱਜ ਹੋ ਚੁੱਕਾ ਹੈ। ਪਤਾ ਲੱਗਾ ਹੈ ਕਿ ਮਾਛੀਵਾੜਾ ਬਲਾਕ ਦੇ ਪਿੰਡ ਟੱਪਰੀਆਂ ਵਿਚ ਲੋਕਾਂ ਨੇ ਪੂਰੀ ਪੰਚਾਇਤ ਸਰਬਸੰਮਤੀ ਨਾਲ ਚੁਣ ਲਈ ਹੈ। ਪਿੰਡ ਦਾ ਸਰਪੰਚ ਗੁਰਬਚਨ ਸਿੰਘ ਨੂੰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਬਰਨਾਲਾ ਦੇ ਪਿੰਡ ਹਰੀਗੜ੍ਹ ਵਿਚ ਵੀ ਸਰਬਸੰਮਤੀ ਨਾਲ ਹਰਦੀਪ ਗਿੱਲ ਨੂੰ ਸਰਪੰਚ ਚੁਣੇ ਜਾਣ ਦੀ ਖ਼ਬਰ ਮਿਲੀ ਹੈ। ਹਾਲਾਂਕਿ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣ ਦਾ ਅਮਲ ਮੁਕੰਮਲ ਹੋਣ ਮਗਰੋਂ ਹੀ ਸਰਬਸੰਮਤੀ ਵਾਲੀਆਂ ਪੰਚਾਇਤਾਂ ਦਾ ਪਤਾ ਲੱਗ ਸਕੇਗਾ ਪ੍ਰੰਤੂ ਗ਼ੈਰਰਸਮੀ ਤੌਰ ’ਤੇ ਐਲਾਨ ਹੋਣੇ ਸ਼ੁਰੂ ਹੋ ਗਏ ਹਨ।

Advertisement
Advertisement