ਤਕਨੀਕੀ ਖ਼ਰਾਬੀ ਕਾਰਨ ਬੀਤੇ ਕੱਲ੍ਹ ਨਾ ਹੋ ਸਕੀਆਂ ਨਾਮਜ਼ਦਗੀਆਂ ਦਾਖ਼ਲ
ਯਮੁਨਾਨਗਰ (ਪੱਤਰ ਪ੍ਰੇਰਕ):
ਭਾਜਪਾ ਦੇ ਵਿਧਾਇਕ ਅਤੇ ਯਮੁਨਾਨਗਰ ਤੋਂ ਭਾਜਪਾ ਉਮੀਦਵਾਰ ਘਣਸ਼ਿਆਮ ਦਾਸ ਅਰੋੜਾ ਨੇ ਅੱਜ ਯਮੁਨਾਨਗਰ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੇ ਗਏ ਰੋਡ ਸ਼ੋਅ ਤੋਂ ਬਾਅਦ ਤੀਸਰੀ ਵਾਰ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਅਤੇ ਰਿਟਰਨਿੰਗ ਅਫ਼ਸਰ ਕੋਲ ਆਪਣੀ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਘਣਸ਼ਿਆਮ ਦਾਸ ਅਰੋੜਾ ਕੱਲ੍ਹ ਵੀ ਨਾਮਜ਼ਦਗੀ ਦਾਖ਼ਲ ਕਰਨ ਲਈ ਗਏ ਸਨ ਪਰ ਤਕਨੀਕੀ ਖ਼ਰਾਬੀ ਕਾਰਨ ਉਹ ਨਾਮਜ਼ਦਗੀ ਦਾਖ਼ਲ ਨਹੀਂ ਕਰ ਸਕੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਉਹ ਵਿਕਾਸ ਦੇ ਮੁੱਦੇ ’ਤੇ ਚੋਣ ਲੜ ਰਹੇ ਹਨ, ਉਹ ਬਾਕੀ ਉਮੀਦਵਾਰਾਂ ਨੂੰ ਵੀ ਕਮਜ਼ੋਰ ਨਹੀਂ ਮੰਨ ਰਹੇ ਹਨ ਪਰ ਭਾਜਪਾ ਹਮੇਸ਼ਾ ਵਰਕਰਾਂ ਦੀ ਮਦਦ ਨਾਲ ਚੋਣ ਲੜਦੀ ਹੈ। ਨਾਰਾਜ਼ ਹੋਏ ਵਰਕਰ ਵੀ ਆਪੋ ਆਪਣੀਆਂ ਨਾਰਾਜ਼ਗੀਆਂ ਦੂਰ ਕਰਕੇ ਇਕੱਠੇ ਹੋ ਕੇ ਚੋਣ ਲੜਦੇ ਹਨ। ਘਣਸ਼ਿਆਮ ਦਾਸ ਅਰੋੜਾ ਨੇ ਦਾਅਵਾ ਕੀਤਾ ਕਿ ਉਹ ਬਾਕੀ ਸਾਰੇ ਉਮੀਦਵਾਰਾਂ ਨਾਲੋਂ ਵੱਧ ਵੋਟਾਂ ਲੈ ਕੇ ਜਿੱਤਣਗੇ ਅਤੇ ਯਮੁਨਾਨਗਰ ਦਾ ਵਿਕਾਸ ਕਰਵਾਉਣਗੇ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਯਮੁਨਾਨਗਰ ਵਿੱਚ ਕਈ ਵਿਕਾਸ ਕਾਰਜ ਕਰਵਾਏ ਹਨ ਅਤੇ ਅਗਲੇ 5 ਸਾਲਾਂ ਵਿੱਚ ਉਹ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਕਰਵਾਉਣਗੇ