ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ
ਸਤਵਿੰਦਰ ਬਸਰਾ
ਲੁਧਿਆਣਾ, 19 ਫਰਵਰੀ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਵਾਸਤੇ ਡਾ. ਲਖਵਿੰਦਰ ਸਿੰਘ ਜੌਹਲ, ਡਾ ਸ਼ਿੰਦਰਪਾਲ ਸਿੰਘ ਤੇ ਡਾ. ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਅੱਜ ਪੰਜਾਬੀ ਭਵਨ ਲੁਧਿਆਣਾ ਵਿਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਡਾ. ਲਖਵਿੰਦਰ ਸਿੰਘ ਜੌਹਲ ਨੇ ਪ੍ਰਧਾਨ, ਡਾ. ਸ਼ਿੰਦਰਪਾਲ ਸਿੰਘ ਨੇ ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਗੁਰਇਕਬਾਲ ਸਿੰਘ ਨੇ ਕਾਗ਼ਜ਼ ਦਾਖ਼ਲ ਕੀਤੇ ਹਨ।
ਡਾ. ਜੌਹਲ ਨੇ ਦੱਸਿਆ ਕਿ ਮੀਤ ਪ੍ਰਧਾਨ ਲਈ ਡਾ. ਭਗਵੰਤ ਸਿੰਘ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਮਦਨ ਵੀਰਾ ਤੇ ਡਾ. ਇਕਬਾਲ ਸਿੰਘ ਗੋਂਦਾਰਾ (ਪੰਜਾਬੋਂ ਬਾਹਰ) ਤੋਂ ਇਲਾਵਾ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਲਈ ਗੁਰਵਿੰਦਰ ਸਿੰਘ ਅਮਨ ਰਾਜਪੁਰਾ, ਦੀਪ ਜਗਦੀਪ ਸਿੰਘ ਲੁਧਿਆਣਾ, ਕੇ ਸਾਧੂ ਸਿੰਘ ਮੁੱਲਾਂਪੁਰ, ਸਹਿਜਪ੍ਰੀਤ ਸਿੰਘ ਮਾਂਗਟ ਲੁਧਿਆਣਾ, ਬਲਜੀਤ ਪਰਮਾਰ (ਮੁੰਬਈ), ਹਰਦੀਪ ਢਿੱਲੋਂ ਅਬੋਹਰ, ਡਾ.ਸਰਘੀ ਅੰਮ੍ਰਿਤਸਰ, ਪਰਮਜੀਤ ਕੌਰ ਮਹਿਕ ਲੁਧਿਆਣਾ, ਜਗਦੀਸ਼ ਰਾਏ ਕੁੱਲਰੀਆਂ ਮਾਨਸਾ, ਹਰਵਿੰਦਰ ਸਿੰਘ ਗੁਲਾਬਾਸੀ ਚੰਡੀਗੜ੍ਹ, ਡਾ. ਨਾਇਬ ਸਿੰਘ ਮੰਡੇਰ ਰਤੀਆ ਹਰਿਆਣਾ (ਪੰਜਾਬੋਂ ਬਾਹਰ), ਰੋਜ਼ੀ ਸਿੰਘ ਫ਼ਤਹਿਗੜ੍ਹ ਚੂੜੀਆਂ, ਕਰਮਜੀਤ ਸਿੰਘ ਕੁੱਟੀ ਐਡਵੋਕੇਟ ਬਠਿੰਡਾ, ਡਾ.ਨਰੇਸ਼ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਇਸੇ ਦੌਰਾਨ ਡਾ. ਸਰਬਜੀਤ ਸਿੰਘ, ਡਾ. ਪਾਲ ਕੌਰ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਟੀਮ ਵੱਲੋਂ ਅੱਜ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ। ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਪ੍ਰੋ. ਸੁਰਜੀਤ ਜੱਜ, ਡਾ. ਕੁਲਦੀਪ ਸਿੰਘ ਦੀਪ, ਹਰਮੀਤ ਵਿਦਿਆਰਥੀ ਅਤੇ ਰਮੇਸ਼ ਯਾਦਵ ਦੀ ਅਗਵਾਈ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਸਾਲ 2024-26 ਲਈ 3 ਮਾਰਚ ਨੂੰ ਹੋਣ ਵਾਲੀ ਚੋਣ ਲੜਨ ਵਾਸਤੇ ਡਾ. ਸਰਬਜੀਤ ਸਿੰਘ (ਪ੍ਰਧਾਨ), ਡਾ. ਪਾਲ ਕੌਰ (ਸੀਨੀਅਰ ਮੀਤ ਪ੍ਰਧਾਨ), ਡਾ. ਗੁਲਜ਼ਾਰ ਸਿੰਘ ਪੰਧੇਰ (ਜਨਰਲ ਸਕੱਤਰ), ਪੰਜ ਮੀਤ ਪ੍ਰਧਾਨਾਂ ਲਈ ਜਸਪਾਲ ਮਾਨਖੇੜਾ, ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਭੁਪਿੰਦਰ ਸਿੰਘ ਸੰਧੂ, ਡਾ. ਹਰਵਿੰਦਰ ਸਿੰਘ (ਸਿਰਸਾ) ਅਤੇ ਡਾ. ਅਰਵਿੰਦਰ ਕੌਰ ਕਾਕੜਾ, ਜਸਵੀਰ ਝੱਜ ਅਤੇ ਪ੍ਰਬੰਧਕੀ ਬੋਰਡ ਦੇ 15 ਮੈਂਬਰਾਂ ਨੇ ਪੂਰੇ ਪੈਨਲ ਵੱਲੋਂ ਸਾਂਝੀ ਇਕੱਤਰਤਾ ਵਿੱਚ ਕਾਗਜ਼ ਦਾਖਲ ਕੀਤੇ। ਇਹ ਇਕੱਤਰਤਾ ਡਾ. ਅਨੂਪ ਸਿੰਘ ਬਟਾਲਾ ਦੀ ਪ੍ਰਧਾਨਗੀ ਹੇਠ ਹੋਈ।