ਪ੍ਰਧਾਨਗੀ ਲਈ ਤਿੰਨ ਧੜਿਆਂ ਦੇ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼
ਕੁਲਦੀਪ ਸਿੰਘ
ਚੰਡੀਗੜ੍ਹ, 23 ਸਤੰਬਰ
ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੀ 5 ਅਕਤੂਬਰ ਨੂੰ ਹੋਣ ਜਾ ਰਹੀ ਚੋਣ ਵਾਸਤੇ ਅੱਜ ਵੱਖ-ਵੱਖ ਅਹੁਦਿਆਂ ਲਈ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਗਏ ਜਿਨ੍ਹਾਂ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਤਿੰਨ ਉਮੀਦਵਾਰ ਖੜ੍ਹੇ ਹੋਏ ਹਨ। ਸਾਫ਼ ਹੈ ਕਿ ਇਸ ਵਾਰ ਪੂਟਾ ਦੀ ਚੋਣ ਤਿੰਨ ਧੜਿਆਂ ਵੱਲੋਂ ਲੜੀ ਜਾ ਰਹੀ ਹੈ।ਰਿਟਰਨਿੰਗ ਅਫ਼ਸਰ ਵਿਜੇ ਨਾਗਪਾਲ ਵੱਲੋਂ ਜਾਰੀ ਲਿਸਟ ਵਿੱਚ ਦੱਸਿਆ ਗਿਆ ਕਿ ਪ੍ਰਧਾਨਗੀ ਦੇ ਲਈ ਬਾਇਓਕੈਮਿਸਟਰੀ ਵਿਭਾਗ ਤੋਂ ਅਮਰਜੀਤ ਸਿੰਘ ਨੌਰਾ, ਹਿੰਦੀ ਵਿਭਾਗ ਤੋਂ ਅਸ਼ੋਕ ਕੁਮਾਰ ਅਤੇ ਯੂ.ਆਈ.ਐੱਲ.ਐੱਸ. ਵਿਭਾਗ ਤੋਂ ਰਤਨ ਸਿੰਘ ਨੇ ਕਾਗਜ਼ ਭਰੇ। ਮੀਤ ਪ੍ਰਧਾਨ ਦੇ ਅਹੁਦੇ ਲਈ ਹਰਮੇਲ ਸਿੰਘ, ਤਨਜ਼ੀਰ ਕੌਰ, ਸੁਮਨ ਸੁੰਮੀ, ਸਕੱਤਰ ਦੇ ਲਈ ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ, ਐੱਮ.ਸੀ. ਸਿੱਧੂ, ਡਾ. ਮਿਤੁੰਜਯ ਕੁਮਾਰ, ਜੁਆਇੰਟ ਸਕੱਤਰ ਦੇ ਅਹੁਦੇ ਲਈ ਮਾਧੁਰੀ ਰਿਸ਼ੀ, ਸੁਰਿੰਦਰਪਾਲ ਸਿੰਘ, ਵਿਨੋਦ ਕੁਮਾਰ, ਖਜ਼ਾਨਚੀ ਦੇ ਅਹੁਦੇ ਲਈ ਜਗੇਤ ਸਿੰਘ, ਨੀਰਜ ਅਗਰਵਾਲ, ਵਿਸ਼ਾਲ ਸ਼ਰਮਾ ਨੇ ਨਾਮਜ਼ਦਗੀ ਕਾਗਜ਼ ਭਰੇ। ਇਸ ਤੋਂ ਇਲਾਵਾ ਗਰੁੱਪ-1 (4 ਸੀਟਾਂ) ਲਈ ਦੀਪਤੀ ਗੁਪਤਾ, ਕੁਮੂਲ ਅੱਬੀ, ਗੌਰਵ ਕਲੋਤਰਾ, ਗੌਤਮ ਬਹਿਲ, ਨੀਲਮ ਪੌਲ, ਨਿਰੂਪਮਾ ਛੋਹਦਾ, ਨਿਤਿਨ ਅਰੋੜਾ, ਪ੍ਰਿਯਾਤੋਸ਼ ਸ਼ਰਮਾ, ਸੁਧੀਰ ਮਹਿਰਾ ਨੇ ਕਾਗਜ਼ ਭਰੇ। ਗਰੁੱਪ-2 (4 ਸੀਟਾਂ) ਲਈ ਅਤੁਲ ਦੱਤਾ, ਕਵਿਤਾ ਤਨੇਜਾ, ਮਮਤਾ ਗੁਪਤਾ, ਨਵੀਨ ਕੌਸ਼ਲ, ਨਵਦੀਪ ਗੋਇਲ, ਐੱਮ.ਸੀ. ਸਿੱਧੂ, ਪਪੀਆ ਮੁਖਰਜੀ, ਰਾਜੀਵ ਕੁਮਾਰ, ਸਰਿਤਾ ਪਿੱਪਲ ਨੇ ਕਾਗਜ਼ ਭਰੇ। ਗਰੁੱਪ-3 (4 ਸੀਟਾਂ) ਲਈ ਅਨੁਪਮ ਬਾਹਰੀ, ਅਰੁਣ ਕੇ. ਗਰਗ, ਦੀਪਕ ਗੁਪਤਾ, ਜਗਜੀਤ ਸਿੰਘ, ਮਿੰਟੋ ਰਤਨ, ਨਰੇਸ਼ ਕੁਮਾਰ, ਪ੍ਰਸਾਂਤਾ ਨੰਦਾ, ਵਿਰੇਂਦਰ ਕੁਮਾਰ, ਵਿਵੇਕ ਪਾਹਵਾ ਨੇ ਕਾਗਜ਼ ਭਰੇ। ਗਰੁੱਪ-4 (1 ਸੀਟ) ਲਈ ਕੇਸ਼ਵ ਮਲਹੋਤਰਾ, ਗਰੁੱਪ-5 (1 ਸੀਟ) ਲਈ ਪ੍ਰਵੀਨ ਕੁਮਾਰ ਨੇ ਕਾਗਜ਼ ਭਰੇ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਭਲਕੇ 24 ਸਤੰਬਰ ਤੱਕ ਕਾਗਜ਼ ਵਾਪਿਸ ਲਏ ਜਾ ਸਕਦੇ ਹਨ ਅਤੇ ਉਮੀਦਵਾਰਾਂ ਦੀ ਫਾਈਨਲ ਲਿਸਟ ਵੀ 24 ਸਤੰਬਰ ਨੂੰ ਹੀ ਲਗਾ ਦਿੱਤੀ ਜਾਵੇਗੀ। ਇਸ ਉਪਰੰਤ 5 ਅਕਤੂਬਰ ਨੂੰ ਸਵੇਰੇ 8.30 ਵਜੇ ਤੋਂ ਦੁਪਹਿਰ 2 ਵਜੇ ਤੱਕ ਪੀ.ਯੂ. ਦੇ ਲਾੱਅ ਆਡੀਟੋਰੀਅਮ ਵਿੱਚ ਵੋਟਿੰਗ ਕਰਵਾਈ ਜਾਵੇਗੀ ਅਤੇ ਉਸੇ ਦਿਨ ਨਤੀਜਾ ਐਲਾਨੇ ਜਾਣਗੇ।
ਸੁਪਿੰਦਰ ਕੌਰ ਸਣੇ 5 ਮਹਿਲਾ ਅਹੁਦੇਦਾਰਾਂ ਵੱਲੋਂ ਚੋਣ ਲੜਨ ਤੋਂ ਇਨਕਾਰ
ਪੂਟਾ ਦੇ ਇਸੇ ਕਾਰਜਕਾਲ ਦੌਰਾਨ ਪ੍ਰਧਾਨ ਰਹੇ ਪ੍ਰੋ. ਸੁਪਿੰਦਰ ਕੌਰ ਸਮੇਤ ਉਨ੍ਹਾਂ ਦੇ ਧੜੇ ਦੀਆਂ ਕੁੱਲ 5 ਮਹਿਲਾ ਅਹੁਦੇਦਾਰਾਂ ਨੇ ਇਸ ਵਾਰ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਨੇ ਰਵਾਇਤ ਮੁਤਾਬਕ ਕਾਰਜਕਾਰਨੀ ਵਿੱਚ ਵੀ ਆਪਣਾ ਨਾਮ ਸ਼ਾਮਲ ਕਰਨ ਤੋਂ ਇਨਕਾਰ ਕੀਤਾ ਹੈ। ਇਨ੍ਹਾਂ ਵਿੱਚ ਡਾ. ਸਰਵਨਰਿੰਦਰ ਕੌਰ, ਡਾ. ਵਿਜੇਤਾ ਚੱਢਾ, ਡਾ. ਅੰਮ੍ਰਿਤਪਾਲ ਕੌਰ ਅਤੇ ਡਾ. ਸੁਮਨ ਸੁੰਮੀ ਦੇ ਨਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਡਾ. ਮਾਧੁਰੀ ਰਿਸ਼ੀ ਆਪਣਾ ਪੁਰਾਣਾ ਧੜਾ ਛੱਡ ਕੇ ਦੂਸਰੇ ਧੜੇ ਵਿੱਚ ਚੋਣ ਲੜ ਰਹੇ ਹਨ। ਚੋਣ ਨਾ ਲੜਨ ਦਾ ਕਾਰਨ ਦੱਸਦਿਆਂ ਪ੍ਰੋ. ਸੁਪਿੰਦਰ ਕੌਰ ਨੇ ਕਿਹਾ ਕਿ ਉਹ ਲਗਾਤਾਰ 6 ਸਾਲ ਆਪਣੇ ਧੜੇ ਵਿੱਚ ਰਹਿ ਕੇ ਇਮਾਨਦਾਰੀ ਨਾਲ ਕੰਮ ਕਰਦੇ ਰਹੇ ਹਨ।