ਚੰਡੀਗੜ੍ਹ ਵਿੱਚ ਦੋ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਆਤਿਸ਼ ਗੁਪਤਾ
ਚੰਡੀਗੜ੍ਹ, 13 ਮਈ
ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਪੰਜ਼ਵੇ ਦਿਨ ਬਹੁਜਨ ਸਮਾਜ ਪਾਰਟੀ (ਬਸਪਾ) ਉਮੀਦਵਾਰ ਸਣੇ ਦੋ ਜਣਿਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਅੱਜ ਬਸਪਾ ਦੀ ਡਾ. ਰੀਤੂ ਸਿੰਘ ਅਤੇ ਆਜ਼ਾਦ ਉਮੀਦਵਾਰ ਵਜੋਂ ਪਿਆਰ ਚੰਦ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਤੋਂ ਇਲਾਵਾ ‘ਪੋਰਸ ਦਾ ਪੰਜਾਬ’ ਪਾਰਟੀ ਦੇ ਮਹੰਤ ਰਵੀਕਾਂਤ ਮੁਨੀ ਉਦਾਸੀ ਰੱਥ ’ਤੇ ਸਵਾਰ ਹੋ ਕੇ ਦਰਜਨਾਂ ਸਾਧੂ-ਸੰਤਾਂ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ ਸਨ, ਪਰ ਕਾਗਜ਼ਾ ਵਿੱਚ ਕੁਝ ਘਾਟ ਹੋਣ ਕਰ ਕੇ ਦਾਖਲ ਨਹੀਂ ਹੋ ਸਕੇ। ਉਨ੍ਹਾਂ ਵੱਲੋਂ 14 ਮਈ ਦਿਨ ਮੰਗਲਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ 14 ਮਈ ਦਿਨ ਮੰਗਲਵਾਰ ਆਖਰੀ ਦਿਨ ਹੈ। ਇਸ ਦਿਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। 15 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 17 ਮਈ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਸ ਤੋਂ ਬਾਅਦ 17 ਮਈ ਨੂੰ ਸ਼ਾਮ 4 ਵਜੇ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕੀਤਾ ਜਾਵੇਗਾ। ਚੰਡੀਗੜ੍ਹ ਵਿੱਚ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਵੱਲੋਂ 14 ਮਈ ਦਿਨ ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਮਨੀਸ਼ ਤਿਵਾੜੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸੈਕਟਰ-17 ਵਿੱਚ ਇਕੱਠ ਕੀਤਾ ਜਾਵੇਗਾ। ਉਸ ਤੋਂ ਬਾਅਦ ਪੈਦਨ ਮਾਰਚ ਕਰਦੇ ਹੋਏ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ।
ਕੁਰਾਲੀ (ਮਿਹਰ ਸਿੰਘ): ਸਥਾਨਕ ਸ਼ਹਿਰ ਦੇ ਨੌਜਵਾਨ ਦੀਪਕ ਸ਼ਰਮਾ (ਦੀਪੂ ਕੁਰਾਲੀ) ਨੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਆਜ਼ਾਜ ਤੌਰ ’ਤੇ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ। ਦੀਪੂ ਕੁਰਾਲੀ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਦੀਪੂ ਕੁਰਾਲੀ ਚੋਣ ਲੜ ਕੇ ਹਲਕੇ ਦੇ ਨੌਜਵਾਨਾਂ ਦੀ ਆਵਾਜ਼ ਬਣਨ ਦਾ ਟੀਚੇ ਨਾਲ ਮੈਦਾਨ ਵਿੱਚ ਨਿੱਤਰਿਆ ਹੈ।
ਫਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਸੱਤਵੇਂ ਦਿਨ ਲੋਕ ਸਭਾ ਚੋਣ ਹਲਕਾ ਫਤਿਹਗੜ੍ਹ ਸਾਹਿਬ ਤੋਂ ਅੱਜ ਛੇ ਉਮੀਦਵਾਰਾਂ ਨੇ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ, ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੀ ਪਤਨੀ ਅਰਵਿੰਦਰ ਕੌਰ, ਸ਼ਿਵ ਸੇਨਾ (ਸ਼ਿੰਦੇ ਗਰੁੱਪ) ਦੇ ਉਮੀਦਵਾਰ ਹਰਗੋਬਿੰਦ ਸਿੰਘ ਬਿੱਟੂ, ਲੋਕ ਰਾਜ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਮੰਗਲੀ, ਆਜ਼ਾਦ ਉਮੀਦਵਾਰ ਪ੍ਰਕਾਸ਼ ਪੀਟਰ ਤੇ ਰੁਲਦਾ ਸਿੰਘ ਨੇ ਆਪਣੇ ਕਾਗਜ਼ ਦਾਖਲ ਕੀਤੇ।
ਰਿਤੂ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ਼
ਚੰਡੀਗੜ੍ਹ ( ਕੁਲਦੀਪ ਸਿੰਘ): ਲੋਕ ਸਭਾ ਚੋਣਾਂ ਲਈ ਸੰਸਦੀ ਹਲਕਾ ਚੰਡੀਗੜ੍ਹ ਤੋਂ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਡਾ. ਰਿਤੂ ਸਿੰਘ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਸੈਕਟਰ 24 ਸਥਿਤ ਚੋਣ ਦਫ਼ਤਰ ਤੋਂ ਉਮੀਦਵਾਰ ਡਾ. ਰਿਤੂ ਸਿੰਘ ਆਪਣੇ ਸੈਂਕੜੇ ਸਮਰਥਕਾਂ ਸਮੇਤ ਸਕੂਟਰਾਂ, ਮੋਟਰਸਾਈਕਲਾਂ ਅਤੇ ਕਾਰਾਂ ’ਤੇ ਪਾਰਟੀ ਦੇ ਝੰਡੇ ਅਤੇ ਹੱਥਾਂ ’ਚ ਫੜ ਕੇ ਵੱਡੇ ਰੋਡ ਸ਼ੋਅ ਦੀ ਸ਼ਕਲ ਵਿੱਚ ਸੈਕਟਰ 17 ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਪਹੁੰਚੇ। ਨਾਮਜ਼ਦਗੀ ਭਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰਿਤੂ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੇ ਨਾਲ-ਨਾਲ ਚੰਡੀਗੜ੍ਹ ਸ਼ਹਿਰ ਵਿੱਚ ਵੀ ਕਈ ਭਖਦੇ ਮਸਲੇ ਹਨ। ਇੱਥੋਂ ਦੀ ਜਨਤਾ ਦੂਸ਼ਣਬਾਜ਼ੀਆਂ ਨਹੀਂ ਬਲਕਿ ਕੰਮ ਚਾਹੁੰਦੀ ਹੈ। ਇਨ੍ਹਾਂ ਚੋਣਾਂ ਦੇ ਪ੍ਰਚਾਰ ਵਿੱਚ ਵੀ ਭਾਜਪਾ ਅਤੇ ਕਾਂਗਰਸ ਪਾਰਟੀਆਂ ਇੱਕ ਦੂਜੇ ਉਤੇ ਦੂਸ਼ਣਬਾਜ਼ੀ ਹੀ ਕਰ ਰਹੀਆਂ ਹਨ ਜਦਕਿ ਸ਼ਹਿਰ ਦੇ ਮਸਲੇ ਇਨ੍ਹਾਂ ਦੀ ਜ਼ੁਬਾਨ ’ਤੇ ਹੀ ਨਹੀਂ ਆਉਂਦੇ।
ਸਿੰਗਲਾ ਵੱਲੋਂ ਰੋਡ ਸ਼ੋਅ ਕੱਢਣ ਮਗਰੋਂ ਨਾਮਜ਼ਦਗੀ ਦਾਖਲ
ਰੂਪਨਗਰ (ਜਗਮੋਹਨ ਸਿੰਘ): ਅੱਜ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ ਸ਼ਹਿਰ ਵਿੱਚ ਰੋਡ ਸ਼ੋਅ ਕੱਢਣ ਉਪਰੰਤ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਪੁਰਾਣੇ ਬੱਸ ਅੱਡੇ ਨੇੜਿਉਂ ਸ਼ੁਰੂ ਹੋਇਆ ਰੋਡ ਸ਼ੋਅ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਕਚਹਿਰੀ ਕੰਪਲੈਕਸ ਪੁੱਜਿਆ, ਜਿਸ ਦੌਰਾਨ ਬਿਹਾਰ ਯੂਥ ਕਾਂਗਰਸ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ, ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ, ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ, ਅਮਰਜੀਤ ਸਿੰਘ ਭੁੱਲਰ, ਸਾਬਕਾ ਜ਼਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਣੀ, ਰਾਜੇਸ਼ਵਰ ਲਾਲੀ, ਬਲਾਕ ਪ੍ਰਧਾਨ ਚਰਨਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।