For the best experience, open
https://m.punjabitribuneonline.com
on your mobile browser.
Advertisement

ਮਨੀਸ਼ ਤਿਵਾੜੀ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

08:49 AM May 15, 2024 IST
ਮਨੀਸ਼ ਤਿਵਾੜੀ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ
ਆਪਣੇ ਸਮਰਥਕਾਂ ਨਾਲ ਨਾਮਜ਼ਦਗੀ ਭਰਨ ਲਈ ਜਾਂਦੇ ਹੋਏ ਮਨੀਸ਼ ਤਿਵਾੜੀ। -ਫੋਟੋ: ਵਿੱਕੀ ਘਾਰੂ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 14 ਮਈ
ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅਖੀਰਲੇ ਦਿਨ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਸ੍ਰੀ ਤਿਵਾੜੀ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸ, ‘ਆਪ’ ਅਤੇ ਸਮਾਜਵਾਦੀ ਪਾਰਟੀ ਦੇ ਵਰਕਰ ਮੌਜੂਦ ਰਹੇ, ਜੋ ਕਿ ਪੈਦਲ ਮਾਰਚ ਕਰਦੇ ਹੋਏ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚੇ। ਸ੍ਰੀ ਤਿਵਾੜੀ ਦੇਸ਼ ਦੇ ਸੰਵਿਧਾਨ ਦੀ ਰਾਖੀ ਕਰਨ ਦੇ ਆਪਣੇ ਸੰਕਲਪ ਦੇ ਨਾਲ ਭਾਰਤ ਦੇ ਸੰਵਿਧਾਨ ਦੀ ਕਾਪੀ ਵੀ ਨਾਲ ਲੈ ਕੇ ਪਹੁੰਚੇ ਸਨ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ, ‘ਆਪ’ ਚੰਡੀਗੜ੍ਹ ਦੇ ਸਹਿ-ਇੰਚਾਰਜ ਐੱਸਐੱਸ ਆਹਲੂਵਾਲੀਆ, ਚੰਦਰਮੁਖੀ ਸ਼ਰਮਾ, ਮੇਅਰ ਕੁਲਦੀਪ ਕੁਮਾਰ, ਸਪਾ ਚੰਡੀਗੜ੍ਹ ਦੇ ਪ੍ਰਧਾਨ ਵਿਕਰਮ ਯਾਦਵ ਵੀ ਮੌਜੂਦ ਰਹੇ। ਸ੍ਰੀ ਤਿਵਾੜੀ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਜਿਸ ਸੰਵਿਧਾਨ ਨੇ ਦੇਸ਼ ਦੇ ਲੋਕਾਂ ਨੂੰ ਆਪਣੇ ਨੁਮਾਇੰਦੇ ਤੇ ਸਰਕਾਰ ਚੁਣਨ ਦੀ ਆਜ਼ਾਦੀ ਦਿੱਤੀ ਹੈ, ਉਸੇ ਸੰਵਿਧਾਨ ਨੂੰ ਭਾਜਪਾ ਵੱਲੋਂ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਿਸੇ ਨੂੰ ਵੀ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸੇ ਦੌਰਾਨ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਕੁੱਲ 27 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਅੱਜ ਨਾਮਜ਼ਦਗੀਆਂ ਭਰਨ ਦੇ ਆਖੀਰਲੇ ਦਿਨ 20 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ 15 ਮਈ ਨੂੰ ਸਵੇਰੇ 11 ਵਜੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 17 ਮਈ ਨੂੰ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। 17 ਮਈ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ।

Advertisement

ਤਿਵਾੜੀ ਦੀ ਸੰਪਤੀ 20 ਸਾਲਾਂ ਵਿੱਚ ਤਕਰੀਬਨ 30 ਗੁਣਾ ਵਧੀ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਦਾ ਨਾਂ ਹੀ ਨਹੀਂ ਬਲਕਿ ਉਨ੍ਹਾਂ ਦੀ ਸੰਪਤੀ ਵੀ ਵੱਡੀ ਹੈ। ਇਸ ਸੰਪਤੀ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਛੜੱਪੇ ਮਾਰ ਕੇ ਵਾਧਾ ਹੋਇਆ ਹੈ। ਇਹ ਖੁਲਾਸਾ ਲੋਕ ਸਭਾ ਚੋਣਾਂ ਦੌਰਾਨ ਮਨੀਸ਼ ਤਿਵਾੜੀ ਵੱਲੋਂ ਭਰੀਆਂ ਨਾਮਜ਼ਦਗੀਆਂ ਵਿੱਚ ਹੋਇਆ ਹੈ। ਸ੍ਰੀ ਤਿਵਾੜੀ ਸਾਲ 2004 ਵਿੱਚ ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਲੜੇ ਸਨ, ਉਸ ਸਮੇਂ ਉਨ੍ਹਾਂ ਦੀ ਪਰਿਵਾਰਕ ਚਲ ਤੇ ਅਚਲ ਸੰਪਤੀ 1.08 ਕਰੋੜ ਰੁਪਏ ਸੀ। ਜੋ ਕਿ ਅੱਜ ਵੱਧ ਕੇ 29.67 ਕਰੋੜ ਰੁਪਏ ਦੀ ਹੋ ਗਈ ਹੈ। ਇਸ ਤਰ੍ਹਾਂ ਉਨ੍ਹਾਂ ਦੇ 20 ਸਾਲਾਂ ਦੇ ਸਿਆਸੀ ਜੀਵਨ ਦੌਰਾਨ ਸੰਪਤੀ ਵਿੱਚ 30 ਗੁਣਾ ਵਾਧਾ ਹੋਇਆ ਹੈ। ਸ੍ਰੀ ਤਿਵਾੜੀ ਦੀ ਸਾਲ 2009 ਵਿੱਚ ਸੰਪਤੀ 2.99 ਕਰੋੜ ਰੁਪਏ ਸੀ, ਜੋ ਕਿ 2019 ਵਿੱਚ ਵੱਧ ਕੇ 15.46 ਕਰੋੜ ਰੁਪਏ ਹੋ ਗਈ ਹੈ। ਇਸ ਤਰ੍ਹਾਂ 10 ਸਾਲਾਂ ਦੌਰਾਨ ਸ੍ਰੀ ਤਿਵਾੜੀ ਦੀ ਸੰਪਤੀ ਵਿੱਚ ਕਰੀਬ 12.50 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸ੍ਰੀ ਤਿਵਾੜੀ ਵੱਲੋਂ ਭਰੇ ਨਾਮਜ਼ਦਗੀ ਪੱਤਰਾਂ ਅਨੁਸਾਰ ਮੌਜੂਦਾ ਸਮੇਂ ਉਨ੍ਹਾਂ ਵਿਰੁੱਧ ਕੋਈ ਵੀ ਕਾਨੂੰਨੀ ਕੇਸ ਨਹੀਂ ਚੱਲ ਰਿਹਾ ਹੈ ਤੇ ਉਨ੍ਹਾਂ ਕੋਲ ਚਾਰ ਕਾਰਾਂ ਹਨ। ਸ੍ਰੀ ਤਿਵਾੜੀ ਦੀ ਪਤਨੀ ਕੋਲ 2 ਕਿੱਲੋ ਦੇ ਕਰੀਬ ਸੋਨੇ ਦੇ ਗਹਿਣੇ ਹਨ। ਇਸ ਤੋਂ ਇਲਾਵਾ ਸ੍ਰੀ ਤਿਵਾੜੀ ਕੋਲ ਚੰਡੀਗੜ੍ਹ ਵਿੱਚ ਕੋਠੀ ਤੇ ਪਲਾਟ ਅਤੇ ਦਿੱਲੀ ਵਿੱਚ ਫਲੈਟ ਵੀ ਹਨ। ਹਾਲਾਂਕਿ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਵੀ ਕੋਈ ਘੱਟ ਨਹੀਂ ਹਨ। ਉਨ੍ਹਾਂ ਦੇ ਪਰਿਵਾਰ ਦੀ ਚੱਲ ਤੇ ਅਚੱਲ ਸੰਪਤੀ 90 ਕਰੋੜ ਰੁਪਏ ਦੇ ਕਰੀਬ ਹੈ।

ਗੋਬਿੰਦਗੜ੍ਹ ਦੇ ਚੌਧਰੀ ਮੇਘ ਰਾਜ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ

ਐਸ.ਏ.ਐਸ.ਨਗਰ(ਮੁਹਾਲੀ)(ਖੇਤਰੀ ਪ੍ਰਤੀਨਿਧ): ਨੇੜਲੇ ਪਿੰਡ ਗੋਬਿੰਦਗੜ੍ਹ ਦੇ ਵਸਨੀਕ ਚੌਧਰੀ ਮੇਘ ਰਾਜ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਹੈ। ਇਸ ਤੋਂ ਪਹਿਲਾਂ ਉਹ ਭਾਜਪਾ ਦੇ ਕਿਸਾਨ ਸੈੱਲ ਦੇ ਸਰਕਲ ਦੇ ਆਗੂ ਰਹੇ ਹਨ ਤੇ ਪਾਰਟੀ ਤੋਂ ਅਸਤੀਫ਼ਾ ਦੇਣ ਮਗਰੋਂ ਖ਼ੁਦ ਚੋਣ ਮੈਦਾਨ ਵਿੱਚ ਕੁੱਦੇ ਹਨ।ਪਿੰਡ ਢੇਲਪੁਰ, ਗੋਬਿੰਦਗੜ੍ਹ, ਗੁਡਾਣਾ, ਧੀਰਪੁਰ, ਬਠਲਾਣਾ ਆਦਿ ਵਿਖੇ ਚੋਣ ਪ੍ਰਚਾਰ ਕਰਨ ਮਗਰੋਂ ਸਨੇਟਾ ਵਿੱਚ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਬੇਰੁਜ਼ਗਾਰਾਂ ਦੇ ਮੁੱਦੇ ਉਭਾਰਨ ਲਈ ਉਹ ਚੋਣ ਮੈਦਾਨ ਵਿੱਚ ਆਏ ਹਨ।

ਸੁਭਾਸ਼ ਸ਼ਰਮਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਡਾ. ਸੁਭਾਸ਼ ਸਰਮਾ ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਰੋਡ ਸ਼ੋਅ ਕੱਢਦੇ ਹੋਏ।

ਰੂਪਨਗਰ (ਜਗਮੋਹਨ ਸਿੰਘ): ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਅੱਜ ਜ਼ਿਲ੍ਹਾ ਚੋਣ ਅਫ਼ਸਰ ਪ੍ਰੀਤੀ ਯਾਦਵ ਅੱਗੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸਮੇਤ ਪੰਜਾਬ ਭਾਜਪਾ ਦੇ ਕਈ ਸੀਨੀਅਰ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਨਾਮਜ਼ਦਗੀ ਭਰਨ ਤੋਂ ਬਾਅਦ ਭਾਜਪਾ ਵਰਕਰਾਂ ਨੇ ਡਾ. ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਰਾਮਲੀਲਾ ਗਰਾਊਂਡ ਤੱਕ ਵਿਸ਼ਾਲ ਰੋਡ ਸ਼ੋਅ ਕੱਢਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੀ ਹਾਰ ਮੰਨ ਲਈ ਹੈ ਅਤੇ ਉਹ ਹੁਣ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਇਸ ਮੌਕੇ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਚੋਣ ਇੰਚਾਰਜ ਹਲਕਾ ਸ੍ਰੀ ਆਨੰਦਪੁਰ ਸਾਹਿਬ , ਸੁਖਵਿੰਦਰ ਸਿੰਘ ਗੋਲਡੀ, ਰਮਨ ਜਿੰਦਲ, ਅਮਨਪ੍ਰੀਤ ਸਿੰਘ ਕਾਬੜਵਾਲ, ਅਜੇ ਨਿਸ਼ਚਿਲ ਆਦਿ ਸਮੇਤ ਵੱਖ ਵੱਖ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਆਗੂ ਅਤੇ ਭਾਜਪਾ ਵਰਕਰ ਹਾਜ਼ਰ ਸਨ।

ਆਖਰੀ ਦਿਨ ਨੌਂ ਉਮੀਦਵਾਰਾਂ ਨੇ ਭਰੀ ਨਾਮਜ਼ਦਗੀ

ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਲੋਕ ਸਭਾ ਚੋਣ ਹਲਕਾ ਫਤਹਿਗੜ੍ਹ ਸਾਹਿਬ (ਰਿਜ਼ਰਵ) ਤੋਂ ਅੱਜ 9 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰ ਸਿੰਘ, ਉਨ੍ਹਾਂ ਦੇ ਕਵਰਿੰਗ ਕੈਂਡੀਡੇਟ ਵਜੋਂ ਉਨ੍ਹਾਂ ਦੇ ਬੇਟੇ ਕਾਮਿਲ ਅਮਰ ਸਿੰਘ, ਭਾਜਪਾ ਦੇ ਗੇਜਾ ਰਾਮ ਅਤੇ ਉਨ੍ਹਾ ਦੇ ਕਵਰਿੰਗ ਕੈਂਡੀਡੇਟ ਵਜੋਂ ਉਨ੍ਹਾਂ ਦੀ ਪਤਨੀ ਲਤਾ ਦੇਵੀ, ਬਸਪਾ ਦੇ ਕਵਰਿੰਗ ਉਮੀਦਵਾਰ ਗੁਰਪ੍ਰੀਤ ਸਿੰਘ, ਸੱਚੋ ਸੱਚ ਪਾਰਟੀ ਦੇ ਉਮੀਦਵਾਰ ਵਜੋਂ ਕਮਲਜੀਤ ਕੌਰ, ਪੰਜਾਬ ਨੈਸ਼ਨਲ ਪਾਰਟੀ ਤੋਂ ਨਾਇਬ ਸਿੰਘ, ਆਜ਼ਾਦ ਉਮੀਦਵਾਰ ਸੁੱਖ ਰਾਮ ਅਤੇ ਨਿਰਮਲ ਸਿੰਘ ਨੇ ਆਪਣੇ ਕਾਗਜ਼ ਦਾਖਲ ਕੀਤੇ।

Advertisement
Author Image

sukhwinder singh

View all posts

Advertisement
Advertisement
×