ਵਿਧਾਇਕਾ ਦੇ ਪਿੰਡ ਵਿੱਚ ਸਿਰਫ ‘ਆਪ’ ਉਮੀਦਵਾਰ ਦੀ ਨਾਮਜ਼ਦਗੀ ਮਨਜ਼ੂਰ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 6 ਅਕਤੂਬਰ
ਪ੍ਰਸ਼ਾਸਨ ਵੱਲੋਂ ਪੰਚਾਇਤੀ ਚੋਣਾਂ ਲਈ ਉਮੀਦਵਾਰਾਂ ਦੀ ਜਾਰੀ ਸੂਚੀ ਅਨੁਸਾਰ ਬਲਾਕ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ’ਚ ‘ਆਪ’ ਪੱਖੀ ਸਰਪੰਚੀ ਦੇ ਉਮੀਦਵਾਰ ਨੂੰ ਛੱਡ ਕੇ ਬਾਕੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ। ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਰੋਹ ’ਚ ਆਏ ਉਮੀਦਵਾਰਾਂ ਦੇ ਸਮਰਥਕਾਂ ਨੇ ਅੱਜ ਤਲਵੰਡੀ ਸਾਬੋ-ਮਾਨਸਾ-ਸਰਦੂਲਗੜ੍ਹ ਹਾਈਵੇਅ ਜਾਮ ਕਰ ਕੇ ਪੰਜਾਬ ਸਰਕਾਰ ਅਤੇ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਪਿੰਡ ਜਗਾ ਰਾਮ ਤੀਰਥ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦਾ ਪਿੰਡ ਹੈ ਜਿੱਥੋਂ ਸਰਪੰਚੀ (ਜਨਰਲ ਔਰਤ) ਲਈ ਕਵਰਿੰਗ ਉਮੀਦਵਾਰਾਂ ਸਮੇਤ ਕੁੱਲ ਪੰਜ ਨਾਮਜ਼ਦਗੀਆਂ ਭਰੀਆਂ ਗਈਆਂ ਸਨ। ਕਾਗਜ਼ਾਂ ਦੀ ਜਾਂਚ ਮਗਰੋਂ ਬੀਤੀ ਦੇਰ ਸ਼ਾਮ ਪ੍ਰਸ਼ਾਸਨ ਵੱਲੋਂ ਜਦੋਂ ਯੋਗ ਤੇ ਅਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਤਾਂ ਉਸ ਮੁਤਾਬਿਕ ਉਕਤ ਪਿੰਡ ’ਚ ‘ਆਪ’ ਪੱਖੀ ਉਮੀਦਵਾਰ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋ ਗਏ। ਇਸੇ ਰੋਹ ਵਿੱਚ ਅਯੋਗ ਕਰਾਰ ਦਿੱਤੇ ਉਮੀਦਵਾਰਾਂ ਨੇ ਅੱਜ ਸਾਬਕਾ ਸਰਪੰਚ ਮੇਜਰ ਸਿੰਘ ਅਤੇ ਬਿੱਟੂ ਸੰਧੂ ਦੀ ਅਗਵਾਈ ਹੇਠ ਤਲਵੰਡੀ ਸਾਬੋ-ਮਾਨਸਾ-ਸਰਦੂਲਗੜ੍ਹ ਹਾਈਵੇਅ ਜਾਮ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਦੇ ਨਾਲ-ਨਾਲ ਵਿਧਾਇਕਾ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ।
ਇਸ ਮਗਰੋਂ ਧਰਨੇ ਵਾਲੀ ਥਾਂ ਪਹੁੰਚੇ ਡੀਐੱਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਅਤੇ ਨਾਇਬ ਤਹਿਸੀਲਦਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀਆਂ ਨੇ ਵਿਧਾਇਕਾ ਦੀ ਸ਼ਹਿ ’ਤੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੇ ਦੋਸ਼ ਅਤੇ ਕਾਗਜ਼ ਬਹਾਲ ਕਰਵਾ ਕੇ ਪੰਚਾਇਤੀ ਚੋਣ ਕਰਵਾਉਣ ਦੀ ਮੰਗ ਕੀਤੀ।
ਬਾਅਦ ਦੁਪਹਿਰ ਐੱਸਡੀਐੱਮ ਤਲਵੰਡੀ ਸਾਬੋ ਹਰਵਿੰਦਰ ਸਿੰਘ ਜੱਸਲ ਮੌਕੇ ’ਤੇ ਪੁੱਜੇ। ਉਨ੍ਹਾਂ ਵੱਲੋਂ ਉਮੀਦਵਾਰਾਂ ਦੀ ਲਿਖਤੀ ਸ਼ਿਕਾਇਤ ਡੀਸੀ ਬਠਿੰਡਾ ਕੋਲ ਭੇਜ ਕੇ ਤਿੰਨ ਦਿਨਾਂ ’ਚ ਕਿਸੇ ਸਮਰੱਥ ਅਧਿਕਾਰੀ ਤੋਂ ਨਿਰਪੱਖ ਜਾਂਚ ਕਰਵਾ ਕੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।