ਨੋਇਡਾ ਤੇ ਗੁਰੂਗ੍ਰਾਮ ਨੇ ਫਰੀਦਾਬਾਦ ਨੂੰ ਪਛਾੜਿਆ: ਵਿਜੈ ਪ੍ਰਤਾਪ ਸਿੰਘ
ਕੁਲਵਿੰਦਰ ਕੌਰ
ਫਰੀਦਾਬਾਦ, 27 ਸਤੰਬਰ
ਬੜਖਲ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਨੇ ਭਾਜਪਾ ਦੀ ਦਸ ਸਾਲ ਦੀ ਸਰਕਾਰ ਨੂੰ ਫਰੀਦਾਬਾਦ ਲਈ ਘਾਟੇ ਵਾਲਾ ਸੌਦਾ ਕਰਾਰ ਦਿੰਦਿਆਂ ਕਿਹਾ ਕਿ ਐੱਨਸੀਆਰ ਦੇ ਸ਼ਹਿਰਾਂ ਗੁਰੂਗ੍ਰਾਮ ਅਤੇ ਨੋਇਡਾ ਤੋਂ ਵੀ ਫਰੀਦਾਬਾਦ ਪਿੱਛੇ ਰਹਿ ਗਿਆ ਹੈ। ਜ਼ਿਲ੍ਹੇ ਵਿੱਚ ਨਵੀਆਂ ਸਨਅਤਾਂ ਨਹੀਂ ਆਈਆਂ ਤੇ ਨੌਜਵਾਨਾਂ ਨੂੰ ਦੋਵਾਂ ਸ਼ਹਿਰਾਂ ਵਿੱਚ ਨੌਕਰੀਆਂ ਕਰਨ ਜਾਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਹਿਰ ਪਾਰ ਭੂ ਮਾਫੀਆ ਦਾ ਰਾਜ ਹੈ।
ਉਨ੍ਹਾਂ ਕਿਹਾ ਕਿ ਜਦੋਂ ਹੁੱਡਾ ਸਰਕਾਰ ਨੇ ਸੱਤਾ ਛੱਡੀ ਤਾਂ ਹਰਿਆਣਾ ਸਿਰ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ ਪਰ ਅੱਜ ਸੂਬੇ ਸਿਰ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਨਗਰ ਨਿਗਮ ਦਾ ਹਰ ਸਾਲ 2.5 ਹਜ਼ਾਰ ਕਰੋੜ ਦਾ ਬਜਟ ਹੈ ਪਰ ਸ਼ਹਿਰ ਦੀ ਹਾਲਤ ਖਸਤਾ ਹੈ। ਉਨ੍ਹਾਂ ਐੱਸਜੀਐੱਮ ਨਗਰ ਦੇ ਡੀ ਬਲਾਕ ਅਤੇ ਸੀ ਬਲਾਕ ਵਿੱਚ ਲੋਕਾਂ ਨਾਲ ਮਿਲਣੀ ਕੀਤੀ। ਉਨ੍ਹਾਂ ਕਿਹਾ ਕਿ ਰੇਲਵੇ ਲਾਈਨ ਹੇਠਾਂ ਇੱਕ ਹੋਰ ਅੰਡਰਪਾਸ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਬੀਕੇ ਚੌਕ, ਐਨਆਈਟੀ 3 ਦੇ ਬੀ ਬਲਾਕ, ਐੱਨਆਈਟੀ 5 ਦੇ ਐੱਲ ਬਲਾਕ, ਆਦਰਸ਼ ਕਲੋਨੀ ਅਤੇ ਸੈਨਿਕ ਕਲੋਨੀ ਦੇ ਐੱਚ ਬਲਾਕ ਸਣੇ ਅਰਾਵਲੀ ਵਿਹਾਰ ਅਤੇ ਸ਼ਿਵ ਦੁਰਗਾ ਵਿਹਾਰ ਦੇ ਦੌਰੇ ਕੀਤੇ।
ਨੁੱਕੜ ਮੀਟਿੰਗਾਂ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਨੇ ਅਜਿਹਾ ਉਮੀਦਵਾਰ ਖੜ੍ਹਾ ਕੀਤਾ ਜਿਸ ਨੂੰ ਆਪਣੇ ਵਿਧਾਨ ਸਭਾ ਹਲਕੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਭਾਜਪਾ ਨੂੰ ਆਪਣਾ ਰਿਪੋਰਟ ਕਾਰਡ ਜਾਰੀ ਕਰਨ ਲਈ ਕਿਹਾ। ਉਨ੍ਹਾਂ ਅੱਜ ਐੱਸਜੀਐਮ ਨਗਰ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਪਤਨੀ ਵੈਨੁਕਾ ਪ੍ਰਤਾਪ ਖੁੱਲਰ ਸਣੇ ਮੱਥਾ ਵੀ ਟੇਕਿਆ।