ਰਿਹਾਇਸ਼ੀ ਪਲਾਟਾਂ ਦੀਆਂ ਰਜਿਸਟਰੀਆਂ ਲਈ ਐੱਨਓਸੀ ਦਾ ਰੇੜਕਾ ਬਰਕਰਾਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਅਕਤੂਬਰ
ਸਰਕਾਰ ਵੱਲੋਂ ਲੋਕਾਂ ਨੂੰ ਰਿਹਾਇਸ਼ੀ ਪਲਾਟਾਂ ਲਈ ਐੱਨਓਸੀ ਤੋਂ ਰਾਹਤ ਦਿਵਾਉਣ ਦੇ ਕੀਤੇ ਐਲਾਨ ਮਗਰੋਂ ਇਹ ਰੇੜਕਾ ਜਾਰੀ ਹੈ। ਸਰਕਾਰ ਦੇ ਐੱਨਓਸੀ ਦੀ ਸ਼ਰਤ ਦੇ ਖਾਤਮੇ ਦੇ ਐਲਾਨ ਨਾਲ ਲੋਕਾਂ ’ਚ ਖੁਸ਼ੀ ਦਾ ਮਾਹੌਲ ਸੀ ਪਰ ਹਾਲੇ ਤੱਕ ਇਹ ਹੁਕਮ ਲਾਗੂ ਨਾ ਹੋਣ ਕਰਕੇ ਸਰਕਾਰ ਨੂੰ ਕੋਸਿਆ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 3 ਅਗਸਤ 2021 ਨੂੰ ਪਟੀਸ਼ਨ ਉੱਤੇ ਸੁਣਵਾਈ ਬਾਅਦ ਪੰਜਾਬ ਵਿੱਚ ਬਿਨਾਂ ਪ੍ਰਵਾਨਗੀ ਵਾਲੀਆਂ ਜ਼ਮੀਨਾਂ ਦੀ ਖਰੀਦੋ-ਫਰੋਖਤ ’ਤੇ ਪਾਬੰਦੀ ਲਾਉਣ ਲਈ ਜ਼ਮੀਨ-ਜਾਇਦਾਦ ਦੀ ਰਜਿਸਟਰੇਸ਼ਨ ਲਈ ਵੱਖ-ਵੱਖ ਵਿਭਾਗਾਂ ਤੋਂ ਐੱਨਓਸੀ ਲੈਣੀ ਲਾਜ਼ਮੀ ਹੋ ਗਈ ਸੀ। ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੇ ਸੂਬੇ ਦੇ ਨਵੇਂ ਵਿੱਤ ਕਮਿਸ਼ਨਰ (ਮਾਲ) ਅਨੁਰਾਗ ਵਰਮਾ ਨਾਲ ਅੱਜ ਮੁਲਾਕਾਤ ਕੀਤੀ। ਇਸ ਮੌਕੇ ਸਰਕਾਰ ਵੱਲੋਂ ਲੋਕਾਂ ਨੂੰ ਰਿਹਾਇਸ਼ੀ ਪਲਾਟਾਂ ਲਈ ਐੱਨਓਸੀ ਤੋਂ ਰਾਹਤ ਦਿਵਾਉਣ ਦੇ ਕੀਤੇ ਗਏ ਐਲਾਨ ਨੂੰ ਅਮਲੀਜਾਮਾ ਪਹਿਨਾਉਣ ਤੋਂ ਇਲਾਵਾ ਹੋਰ ਮੁੱਦਿਆਂ ’ਤੇ ਵਿਚਾਰਾਂ ਹੋਈਆਂ। ਜਥੇਬੰਦੀ ਸੂਬਾ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੇ ਮੰਨਿਆ ਕਿ ਰਿਹਾਇਸ਼ੀ ਪਲਾਟਾਂ ਦੀਆਂ ਰਜਿਸਟਰੀਆਂ ਲਈ ਐੱਨਓਸੀ ਦਾ ਰੇੜਕਾ ਖ਼ਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਪਹਿਲਾਂ ਧਿਆਨ ਵਿਚ ਹੈ ਅਤੇ ਅੱਜ ਸੂਬੇ ਦੇ ਨਵੇਂ ਵਿੱਤ ਕਮਿਸ਼ਨਰ (ਮਾਲ) ਅਨੁਰਾਗ ਵਰਮਾ ਦੇ ਧਿਆਨ ਵਿਚ ਲਿਆਂਦਾ ਗਿਆ।