ਨੋਬੇਲ ਅਮਨ ਪੁਰਸਕਾਰ
ਇਰਾਨ ਵਿਚ ਔਰਤਾਂ ਖਿਲਾਫ਼ ਜ਼ੁਲਮਾਂ ਤੇ ਮਨੁੱਖੀ ਹੱਕਾਂ ਦੀ ਉਲੰਘਣਾ ਵਿਰੁੱਧ ਅਤੇ ਸਾਰਿਆਂ ਲਈ ਆਜ਼ਾਦੀ ਦੇ ਹੱਕ ਵਿਚ ਆਪਣੀ ਜਾਨ ਨੂੰ ਦਾਅ ’ਤੇ ਲਾ ਕੇ ਜੂਝਣ ਵਾਲੀ ਅਤੇ ਇਸ ਕਾਰਨ ਜੇਲ੍ਹ ਵਿਚ ਬੰਦ ਅੰਦੋਲਨਕਾਰੀ ਕਾਰਕੁਨ ਨਰਗਿਸ ਮੁਹੰਮਦੀ ਨੂੰ 2023 ਦੇ ਨੋਬੇਲ ਅਮਨ ਪੁਰਸਕਾਰ ਨਾਲ ਸਨਮਾਨਿਤ ਕਰ ਕੇ ਨਾਰਵੇਜੀਅਨ ਨੋਬੇਲ ਕਮੇਟੀ ਨੇ ਸਾਰੀ ਦੁਨੀਆ ਦਾ ਧਿਆਨ ਇਸ ਗੱਲ ਵੱਲ ਖਿੱਚਿਆ ਹੈ ਕਿ ਲਿੰਗ ਆਧਾਰਿਤ ਵਿਤਕਰਾ ਕਵਿੇਂ ਸੰਸਾਰ ਭਰ ਦੀਆਂ ਕਰੋੜਾਂ ਔਰਤਾਂ ਲਈ ਅੱਜ ਵੀ ਭਿਆਨਕ ਸੱਚਾਈ ਹੈ। ਇਹ ਪੱਖਪਾਤ ਕਈ ਮੁਲਕਾਂ ਵਿਚ ਜ਼ਿਆਦਾ ਉੱਘੜਵਾਂ ਹੈ, ਹਾਲਾਂਕਿ ਔਰਤਾਂ ਨੂੰ ਦਬਾਉਣ ਅਤੇ ਸਤਾਉਣ ਲਈ ਮਰਦਾਂ ਵੱਲੋਂ ਘੜੀਆਂ ਤੇ ਲਾਗੂ ਕੀਤੀਆਂ ਜਾਣ ਵਾਲੀਆਂ ਪ੍ਰਾਚੀਨ ਤੇ ਮੱਧਕਾਲੀਨ ਪਰੰਪਰਾਵਾਂ ਸਾਰੇ ਸਮਾਜਾਂ ਅਤੇ ਭਾਈਚਾਰਿਆਂ ਵਿਚ ਮੌਜੂਦ ਹਨ।
ਇਹ ਵੱਕਾਰੀ ਸਨਮਾਨ ਮਹਿਲਾ ਕਾਰਕੁਨ ਨੂੰ ਦੇਣਾ ਅਹਿਮ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਇਹ ਪੁਰਸਕਾਰ ਔਰਤਾਂ ਨੂੰ ਆਪਣੇ ਹੱਕਾਂ ਲਈ ਹੋਰ ਜ਼ੋਰਦਾਰ ਢੰਗ ਨਾਲ ਡਟਣ ਲਈ ਪ੍ਰੇਰੇਗਾ। ਦਿਲਚਸਪ ਗੱਲ ਹੈ ਕਿ ਨਰਗਿਸ ਮੁਹੰਮਦੀ ਆਪਣੀ ਹਮਵਤਨ ਤੇ ਮਨੁੱਖੀ ਹੱਕਾਂ ਦੀ ਕਾਰਕੁਨ ਸ਼ੀਰੀਂ ਅਬਾਦੀ ਤੋਂ ਪ੍ਰਭਾਵਿਤ ਹੈ ਜਿਸ ਨੇ ਵੀਹ ਸਾਲ ਪਹਿਲਾਂ 2003 ’ਚ ਇਹ ਪੁਰਸਕਾਰ ਜਿੱਤਿਆ ਸੀ। ਇਰਾਨ ਨੇ ਇਸ ਚੋਣ ਨੂੰ ‘ਕੁਝ ਯੂਰੋਪੀਅਨ ਮੁਲਕਾਂ ਦੀਆਂ ਦਖ਼ਲਅੰਦਾਜ਼ ਤੇ ਇਰਾਨ ਵਿਰੋਧੀ ਨੀਤੀਆਂ’ ਦਾ ਧੂੰਆਂ ਕਰਾਰ ਦੇ ਕੇ ਰੱਦ ਕਰ ਦਿੱਤਾ ਹੈ। ਇਰਾਨ ਹਕੂਮਤ ਨੇ ਨਰਗਿਸ ਨੂੰ 31 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ; ਉਸ ਨੂੰ 13 ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ ਪੰਜ ਕੇਸਾਂ ’ਚ ਦੋਸ਼ੀ ਕਰਾਰ ਦਿੱਤਾ ਹੈ। ਪਿਛਲੀ ਵਾਰ ਉਸ ਨੂੰ 2022 ਵਿਚ ਉਦੋਂ ਜੇਲ੍ਹ ਵਿਚ ਸੁੱਟਿਆ ਗਿਆ, ਜਦੋਂ ਉਸ ਨੇ ਮਾਸ਼ਾ ਅਮੀਨੀ ਦੀ ਪੁਲੀਸ ਹਿਰਾਸਤ ਵਿਚ ਹੋਈ ਮੌਤ ਖਿਲਾਫ਼ ਦਲੇਰ ਔਰਤਾਂ ਵੱਲੋਂ ਵਿੱਢੇ ਗਏ ਦੇਸ਼ ਵਿਆਪੀ ਅੰਦੋਲਨ ਦੀ ਅਗਵਾਈ ਕੀਤੀ। ਮਾਸ਼ਾ ਅਮੀਨੀ ਨੂੰ ਇਰਾਨ ਦੀਆਂ ਔਰਤਾਂ ਦੇ ਲਬਿਾਸ ਤੇ ਵਿਹਾਰ ’ਤੇ ਨਿਗਾਹਬਾਨੀ ਕਰਨ ਵਾਲੀ ‘ਨੈਤਿਕ ਪੁਲੀਸ’ ਨੇ ਹਿਜਾਬ ਨਾ ਪਹਨਿਣ ਕਰ ਕੇ ਗ੍ਰਿਫ਼ਤਾਰ ਕੀਤਾ ਸੀ।
ਔਰਤਾਂ ਨੂੰ ਹਰ ਦੇਸ਼ ’ਚ ਹੱਕਾਂ ਲਈ ਸੰਘਰਸ਼ ਕਰਨਾ ਪਿਆ। ਯੂਰੋਪ ਦੇ ਦੇਸ਼ਾਂ ਵਿਚ ਵੀ ਔਰਤਾਂ ਬਹੁਤ ਔਖੇ ਸਮਿਆਂ ’ਚੋਂ ਲੰਘੀਆਂ ਅਤੇ ਆਜ਼ਾਦ ਖ਼ਿਆਲ ਰੱਖਣ ਵਾਲੀਆਂ ਔਰਤਾਂ ’ਤੇ ਜ਼ੁਲਮ ਹੋਏ; ਕਈਆਂ ਨੂੰ ਜ਼ਿੰਦਾ ਜਲਾਇਆ ਗਿਆ। ਇਰਾਨ ਦੀਆਂ ਔਰਤਾਂ ਨੇ ਆਪਣੇ ਅਧਿਕਾਰ ਪ੍ਰਾਪਤ ਕਰਨ ਲਈ ਕਈ ਲੜਾਈਆਂ ਲੜੀਆਂ ਹਨ। ਉਹ ਇਰਾਨ ਦੇ ਅਮਰੀਕਾ ਪੱਖੀ ਤਾਨਾਸ਼ਾਹ ਰਜ਼ਾ ਸ਼ਾਹ ਪਹਿਲਵੀ ਦੇ ਵਿਰੁੱਧ ਵੀ ਲੜੀਆਂ ਸਨ ਅਤੇ ਹੁਣ ਧਰਮ ਆਧਾਰਿਤ ਸ਼ਾਸਨ ਦੁਆਰਾ ਪਾਬੰਦੀਆਂ ਲਗਾਉਣ ਵਿਰੁੱਧ ਵੀ ਲੜ ਰਹੀਆਂ ਹਨ। ਬਹੁਤੇ ਸਮਾਜਾਂ ਵਿਚ ਸਾਂਝੀ ਗੱਲ ਇਹ ਹੈ ਕਿ ਮਰਦ ਪ੍ਰਧਾਨ ਸੋਚ ਤੇ ਧਾਰਮਿਕ ਕੱਟੜਤਾ ਮਿਲ ਕੇ ਚੱਲਦੀਆਂ ਹਨ। ਧਰਮ ਆਧਾਰਿਤ ਕੱਟੜਪੰਥੀ ਜਥੇਬੰਦੀਆਂ ਤੇ ਹਕੂਮਤਾਂ ਮਰਦ ਪ੍ਰਧਾਨ ਸੋਚ ਦੀਆਂ ਨਿਗਾਹਬਾਨ ਵੀ ਹਨ। ਔਰਤਾਂ ਨੂੰ ਕਈ ਪੱਧਰਾਂ ’ਤੇ ਲੜਾਈ ਲੜਨੀ ਪੈਂਦੀ ਹੈ, ਪਰਿਵਾਰਕ ਤੇ ਧਾਰਮਿਕ ਪੱਧਰ ’ਤੇ, ਸਮਾਜਿਕ ਤੇ ਸਭਿਆਚਾਰਕ ਪੱਧਰ ’ਤੇ, ਆਰਥਿਕ ਤੇ ਜਿਸਮਾਨੀ ਪੱਧਰ ’ਤੇ। ਨਰਗਿਸ ਮੁਹੰਮਦੀ ਵਰਗੀਆਂ ਔਰਤਾਂ ਨਾਰੀ ਹੱਕਾਂ ਦੀਆਂ ਝੰਡਾਬਰਦਾਰ ਹਨ। ਜਮਹੂਰੀ ਤਾਕਤਾਂ ਨੂੰ ਅਜਿਹੀਆਂ ਦਲੇਰ ਔਰਤਾਂ ਦੀ ਹਮਾਇਤ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।