ਬੇਕਰ, ਹੱਸਾਬਿਸ ਤੇ ਜੰਪਰ ਨੂੰ ਰਸਾਇਣ ਵਿਗਿਆਨ ਦਾ ਨੋਬੇਲ
ਸਟਾਕਹੋਮ, 9 ਅਕਤੂਬਰ
ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ ਇਸ ਸਾਲ ਡੇਵਿਡ ਬੇਕਰ, ਡੈਮਿਸ ਹੱਸਾਬਿਸ ਤੇ ਜੌਹਨ ਜੰਪਰ ਨੂੰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਪ੍ਰੋਟੀਨ ’ਤੇ ਉਨ੍ਹਾਂ ਦੀ ਖੋਜ ਲਈ ਦਿੱਤਾ ਗਿਆ ਹੈ। ਰੌਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਦੇ ਜਨਰਲ ਸਕੱਤਰ ਹੈਂਸ ਅਨੇਗਰੇਨ ਨੇ ਅੱਜ ਉਨ੍ਹਾਂ ਦੇ ਨਾਵਾਂ ਦਾ ਐਲਾਨ ਕੀਤਾ। ਬੇਕਰ ਸਿਆਟਲ ’ਚ ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿੱਚ ਜਦਕਿ ਹੱਸਾਬਿਸ ਤੇ ਜੰਪਰ ਗੂਗਲ ਡੀਪਮਾਈਂਡ ’ਚ ਕੰਮ ਕਰਦੇ ਹਨ। ਨੋਬੇਲ ਕਮੇਟੀ ਨੇ ਕਿਹਾ ਕਿ 2003 ’ਚ ਬੇਕਰ ਨੇ ਨਵਾਂ ਪ੍ਰੋਟੀਨ ਡਿਜ਼ਾਈਨ ਕੀਤਾ ਅਤੇ ਉਦੋਂ ਤੋਂ ਉਨ੍ਹਾਂ ਦੇ ਖੋਜ ਸਮੂਹ ਨੇ ਇੱਕ ਤੋਂ ਬਾਅਦ ਇੱਕ ਕਲਪਨਾਸ਼ੀਲ ਪ੍ਰੋਟੀਨ ਦਾ ਨਿਰਮਾਣ ਕੀਤਾ ਹੈ, ਜਿਨ੍ਹਾਂ ’ਚ ਅਜਿਹੇ ਪ੍ਰੋਟੀਨ ਵੀ ਸ਼ਾਮਲ ਹਨ, ਜਿਨ੍ਹਾਂ ਦੀ ਵਰਤੋਂ ਫਾਰਮਾਸਿਊਟੀਕਲ, ਟੀਕੇ, ਨੈਨੋਮਟੀਰੀਅਲ ਤੇ ਛੋਟੇ ਸੈਂਸਰ ਵਜੋਂ ਕੀਤੀ ਜਾ ਸਕਦੀ ਹੈ। ਕਮੇਟੀ ਨੇ ਕਿਹਾ ਕਿ ਹੱਸਾਬਿਸ ਤੇ ਜੰਪਰ ਨੇ ਇੱਕ ਮਸਨੂਈ ਬੌਧਿਕਤਾ (ਏਆਈ) ਮਾਡਲ ਬਣਾਇਆ ਜੋ ਖੋਜੀਆਂ ਵੱਲੋਂ ਪਛਾਣੇ ਗਏ ਤਕਰੀਬਨ 20 ਕਰੋੜ ਪ੍ਰੋਟੀਨ ਦੀ ਸੰਰਚਨਾ ਦੀ ਭਵਿੱਖਬਾਣੀ ਕਰਨ ਦੇ ਸਮਰੱਥ ਹੈ। -ਏਪੀ