ਨੂਹ ਹਿੰਸਾ: ਸ਼ਹੀਦ ਗੁਰਸੇਵ ਸਿੰਘ ਨੂੰ ਸ਼ਰਧਾਂਜਲੀਆਂ ਭੇੇਟ
ਗੁਰਦੀਪ ਸਿੰਘ ਭੱਟੀ
ਟੋਹਾਣਾ, 10 ਅਗਸਤ
ਨੂਹ ਹਿੰਸਾ ਦੌਰਾਨ ਸ਼ਹੀਦ ਹੋਏ ਹੋਮਗਾਰਡ ਜਵਾਨ ਗੁਰਸੇਵ ਸਿੰਘ ਫ਼ਤਹਿਪੁਰੀ ਨੂੰ ਅੱਜ ਪਿੰਡ ਫ਼ਤਹਿਪੁਰੀ ਦੇ ਗੁਰਦੁਆਰੇ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਭੋਗ ਸਮਾਗਮ ਵਿੱਚ ਪੁਲੀਸ ਅਧਿਕਾਰੀਆਂ ਦੀ ਗ਼ੈਰਹਾਜ਼ਰੀ ਤੇ ਸੂਬਾ ਸਰਕਾਰ ਵੱਲੋਂ ਸ਼ਹੀਦ ਦੇ ਪੀੜਤ ਪਰਿਵਾਰ ਲਈ ਸਹਾਇਤਾ ਰਾਸ਼ੀ ਦਾ ਐਲਾਨ ਨਾ ਹੋਣ ਤੋਂ ਇਲਾਵਾ ਚੇਅਰਮੈਨ ਸੁਭਾਸ਼ ਬਰਾਲਾ ਤੇ ਜਜਪਾ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਵੱਲੋਂ ਸਹਾਇਤਾ ਰਾਸ਼ੀ ’ਤੇ ਚੁੱਪੀ ਵੱਟਣ ਦੀ ਕਾਫ਼ੀ ਚਰਚਾ ਹੁੰਦੀ ਰਹੀ।
ਇਸ ਦੌਰਾਨ ਉਨ੍ਹਾਂ ਦੀ ਮੌਜੂਦਗੀ ਵਿੱਚ ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਤੇ ਕਾਂਗਰਸੀ ਆਗੂ ਜੈਪਾਲ ਲਾਲੀ ਨੇ ਪੁਲੀਸ ਦੀ ਗ਼ੈਰਹਾਜ਼ਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਇਕ ਕਰੋੜ ਦੀ ਸਹਾਇਤਾ ਰਾਸ਼ੀ ਤੇ ਬੱਚਿਆਂ ਨੂੰ ਬਾਲਗ ਹੋਣ ਤੱਕ ਸਿੱਖਿਆ ਦੇ ਖਰਚਾ ਸਰਕਾਰ ਦੇਵੇ। ਉਨ੍ਹਾਂ ਸ਼ਹੀਦ ਦੀ ਵਿਧਵਾ ਲਈ ਨੌਕਰੀ ਦੀ ਵੀ ਮੰਗ ਕੀਤੀ। ਕਿਸਾਨ ਜੱਥੇਬੰਦੀਆਂ, ਆਮ ਆਦਮੀ ਪਾਰਟੀ ਦੇ ਆਗੂਆਂ, ਸੁਖਵਿੰਦਰ ਗਿੱਲ, ਜੁਗਿੰਦਰ ਸਿੰਘ ਨੇ ਸੱਤਾਧਾਰੀਆਂ ਦੀ ਹਾਜ਼ਰੀ ਵਿੱਚ ਭਾਜਪਾ ’ਤੇ ਜਾਤੀ ਹਿੰਸਾ ਦੌਰਾਨ ਸਮਾਜ ਨੂੰ ਵੰਡਣ ਦੇ ਦੋਸ਼ ਲਾਏ। ਉਨ੍ਹਛਾਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਨਾ ਐਲਾਨੇ ਜਾਣ ਤੇ ਐੱਸਪੀ ਫਤਿਹਾਬਾਦ ਤੇ ਡੀਸੀ ਫਤਿਹਾਬਾਦ ਵੱਲੋਂ ਕੋਈ ਨੁਮਾਇੰਦਾ ਨਾ ਭੇਜਣ ਦੀ ਵੀ ਨਿਖੇਧੀ ਕੀਤੀ। ਭੋਗ ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਕਾਫ਼ੀ ਲੋਕ ਆਏ ਹੋਏ ਸਨ। ਪਿੰਡ ਦੇ ਨੰਬਰਦਾਰ ਨਾਹਰ ਸਿੰਘ ਵੱਲੋਂ ਸੰਗਤਾਂ ਦੇ ਬੈਠਣ ਲਈ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਿੱਖ ਪ੍ਰਚਾਰ ਮਿਸ਼ਨ ਤੋਂ ਆਏ ਭਾਈ ਇੰਦਰਪਾਲ ਸਿੰਘ ਨੇ ਸ਼ਹੀਦ ਗੁਰਸੇਵ ਦੀ ਕੁਰਬਾਨੀ ਬਾਰੇ ਦੱਸਿਆ। ਗੁਰਦੁਆਰੇ ਦੇ ਗ੍ਰੰਥੀ ਬਿਕਰਮ ਸਿੰਘ ਨੇ ਅਰਦਾਸ ਕੀਤੀ।
ਨੰਬਰਦਾਰ ਨਾਹਰ ਸਿੰਘ ਨੇ ਸਟੇਜ ਸੰਭਾਲੀ ਤੇ ਸ਼ਹੀਦ ਗੁਰਸੇਵ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ। ਮਗਰੋਂ ਸੰਗਤ ਵੱਲੋਂ ਪੀੜਤ ਪਰਿਵਾਰ ਲਈ ਇਕ ਕਰੋੜ ਰੁਪਏ ਦੀ ਰਾਸ਼ੀ, ਵਿਧਵਾ ਲਈ ਸਰਕਾਰੀ ਨੌਕਰੀ, ਬਜ਼ੁਰਗ ਮਾਤਾ-ਪਿਤਾ ਲਈ ਮੈੈਡੀਕਲ ਸਹਾਇਤਾ ਤੇ ਬੱਚਿਆਂ ਲਈ ਮੁਫ਼ਤ ਸਿੱਖਿਆ ਲਈ ਜੈਕਾਰਿਆਂ ਦੀ ਗੂੰਜ ਨਾਲ ਮਤਾ ਪਾਸ ਕੀਤਾ ਗਿਆ।