ਨੂਹ ਹਿੰਸਾ: ਹਿੰਦੂ ਸੰਗਠਨਾਂ ਤੇ ਸੰਤ ਸਮਾਜ ਵੱਲੋਂ ਪ੍ਰਦਰਸ਼ਨ
ਦਵਿੰਦਰ ਸਿੰਘ
ਯਮੁਨਾਨਗਰ, 2 ਅਗਸਤ
ਨੂਹ ਜ਼ਿਲ੍ਹੇ ਵਿੱਚ ਹੋਈ ਹਿੰਸਾ ਦੇ ਮਾਮਲੇ ’ਚ ਅੱਜ ਹਿੰਦੂ ਅਤੇ ਸੰਤ ਸਮਾਜ ਦੇ ਸੰਗਠਨਾਂ ਨੇ ਮਿਨੀ ਸਕੱਤਰੇਤ ਸਾਹਮਣੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੰਗਾਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਪੀੜਤਾਂ ਨੂੰ ਉਚਿਤ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਸੀ। ਮਿਨੀ ਸਕੱਤਰੇਤ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਮੌਕੇ ਪੁਲੀਸ ਅਧਿਕਾਰੀਆਂ ਅਤੇ ਹਿੰਦੂ ਜਥੇਬੰਦੀਆਂ ਦੇ ਵਰਕਰਾਂ ਦਰਮਿਆਨ ਜ਼ਬਰਦਸਤ ਬਹਿਸ ਹੋਈ। ਇਸ ਮੌਕੇ ਜ਼ਿਲ੍ਹੇ ਦੇ ਉਪ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਆਪਣੇ ਦਫ਼ਤਰ ਵਿੱਚ ਨਹੀਂ ਹਨ, ਜਿਸ ਕਰ ਕੇ ਤਹਿਸੀਲਦਾਰ ਨੂੰ ਮੰਗ ਪੱਤਰ ਦੇਣ ਲਈ ਬੁਲਾਇਆ ਗਿਆ ਪਰ ਹਿੰਦੂ ਸੰਗਠਨਾਂ ਦੇ ਵਰਕਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ’ਤੇ ਅੜੇ ਹੋਏ ਸਨ। ਇਸੇ ਦੌਰਾਨ ਵਰਕਰਾਂ ਨੇ ਉੱਥੇ ਬੈਠ ਕੇ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੈ ਸ੍ਰੀਰਾਮ ਦੇ ਨਾਅਰੇ ਲਗਾਏ। ਉਧਰ ਕੁਝ ਸਮੇਂ ਬਾਅਦ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਆ ਕੇ ਹਿੰਦੂ ਜਥੇਬੰਦੀਆਂ ਦੇ ਵਰਕਰਾਂ ਤੋਂ ਮੰਗ ਪੱਤਰ ਲਿਆ। ਸੰਤ ਸਮਾਜ ਦੇ ਰਾਹੁਲ ਮੁਨੀ, ਚੇਤਨਾਨੰਦ, ਦਵਿਿਆਪੁਰੂ ਦਾਸ, ਗੋਪਾਲ ਦਾਸ ਅਤੇ ਉਦੈਵੀਰ ਸ਼ਾਸਤਰੀ ਨੇ ਆਪਣੇ ਸਾਂਝੇ ਬਿਆਨ ਵਿਚ ਕਿਹਾ ਕਿ ਸੋਮਵਾਰ ਨੂੰ ਨੂਹ ਵਿਚ ਬ੍ਰਿਜਮੰਡਲ ਯਾਤਰਾ ’ਤੇ ਹਮਲਾ ਕਰਨ ਅਤੇ ਅੱਗ ਲਗਾਉਣ ਵਾਲੇ ਦੰਗਾਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਦੇਸ਼ ਵਿੱਚ ਖੇਤੀਬਾੜੀ, ਸੱਭਿਆਚਾਰ ਅਤੇ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ ਪਰ 31 ਜੁਲਾਈ ਨੂੰ ਕੁਝ ਦੰਗਾਕਾਰੀਆਂ ਨੇ ਨੂਹ ਜ਼ਿਲ੍ਹੇ ਦੇ ਮੇਵਾਤ ਇਲਾਕੇ ਨੂੰ ਫਿਰਕਾਪ੍ਰਸਤੀ ਦੀ ਅੱਗ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੀ ਘਟਨਾ ਇੱਕ ਯੋਜਨਾਬੱਧ ਤਰੀਕੇ ਨਾਲ ਹੋਈ ਹੈ, ਜਿਸ ਦੀ ਹਰ ਨਾਗਰਿਕ ਸਖ਼ਤ ਨਿਖੇਧੀ ਕਰਦਾ ਹੈ।