ਨੂਹ ਹਿੰਸਾ: ਹਾਈ ਕੋਰਟ ਦੇ ਚੀਫ ਜਸਟਿਸ ਕਰਨਗੇ ‘ਨਾਜਾਇਜ਼’ ਉਸਾਰੀਆਂ ਢਾਹੁਣ ਬਾਰੇ ਸੁਣਵਾਈ
ਚੰਡੀਗੜ੍ਹ, 11 ਅਗਸਤ
ਹਰਿਆਣਾ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਸ ਗੱਲ ਤੋਂ ਇਨਕਾਰ ਕੀਤਾ ਕਿ ਹਿੰਸਾ ਗ੍ਰਸਤ ਨੂਹ ਵਿਚ ਉਸਾਰੀਆਂ ਢਾਹੁਣ ਵੇਲੇ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਤੇ ਇਹ ‘ਨਸਲਕੁਸ਼ੀ’ ਵਰਗਾ ਕਦਮ ਸੀ। ਬੈਂਚ ਨੇ ਕੇਸ ਉਤੇ ਸੁਣਵਾਈ ਕਰਦਿਆਂ ਇਸ ਨੂੰ ਚੀਫ ਜਸਟਿਸ ਦੀ ਅਦਾਲਤ ਵਿਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਸੋਮਵਾਰ ਮੁਸਲਿਮ ਬਹੁਗਿਣਤੀ ਵਾਲੇ ਨੂਹ ਵਿਚ ‘ਗੈਰਕਾਨੂੰਨੀ ਢੰਗ ਨਾਲ ਉਸਾਰੀਆਂ ਇਮਾਰਤਾਂ’ ਨੂੰ ਢਾਹੁਣ ਦੀ ਕਾਰਵਾਈ ਉਤੇ ਰੋਕ ਲਾ ਦਿੱਤੀ ਸੀ। ਅਦਾਲਤ ਨੇ ਸਵਾਲ ਉਠਾਇਆ ਸੀ ਕਿ ਕੀ ਫ਼ਿਰਕੂ ਹਿੰਸਾ ਤੋਂ ਬਾਅਦ ਇਕ ਭਾਈਚਾਰੇ ਵਿਸ਼ੇਸ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਰਿਆਣਾ ਦੇ ਵਧੀਕ ਐਡਵੋਕੇਟ ਜਨਰਲ ਦੀਪਕ ਸੱਭਰਵਾਲ ਨੇ ਜਸਟਿਸ ਅਰੁਣ ਪੱਲੀ ਤੇ ਜਗਮੋਹਨ ਬਾਂਸਲ ਦੇ ਬੈਂਚ ਨੂੰ ਦੱਸਿਆ ਕਿ ਉਸਾਰੀਆਂ ਢਾਹੁਣ ਤੋਂ ਪਹਿਲਾਂ ਪੂਰੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਲਈ ਸਾਰੇ ਬਰਾਬਰ ਹਨ। ਅਗਲੀ ਸੁਣਵਾਈ ਵੇਲੇ ਰਾਜ ਸਰਕਾਰ ਅਦਾਲਤ ਵਿਚ ਲਿਖਤੀ ਜਵਾਬ ਦਾਇਰ ਕਰੇਗੀ। ਸੱਭਰਵਾਲ ਨੇ ਦੱਸਿਆ ਕਿ ਅਦਾਲਤ ਨੇ ਕੇਸ ਅੱਗੇ ਪਾ ਦਿੱਤਾ ਹੈ ਤੇ ਮਾਮਲਾ ਚੀਫ ਜਸਟਿਸ ਦੇ ਫਸਟ ਡਿਵੀਜ਼ਨ ਬੈਂਚ ਵੱਲੋਂ ਸੁਣਿਆ ਜਾਵੇਗਾ। ਇਸੇ ਦੌਰਾਨ ਸੁਪਰੀਮ ਕੋਰਟ ਨੇ ਨੂਹ ਹਿੰਸਾ ਮਾਮਲੇ ਵਿਚ ਪਟੀਸ਼ਨਕਰਤਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਇਕੱਠੇ ਕੀਤੇ ਗਏ ਸਬੂਤ ਸਬੰਧਤ ਨੋਡਲ ਅਫਸਰਾਂ ਨੂੰ ਦੇਣ ਜਿਨ੍ਹਾਂ ਨੂੰ ਤਹਿਸੀਨ ਪੂਨਾਵਾਲਾ ਜੱਜਮੈਂਟ ਤਹਿਤ ਨਿਯੁਕਤ ਕੀਤਾ ਗਿਆ ਹੈ। ਸੁਪਰੀਮ ਕੋਰਟ ਅੱਜ ਨੂਹ ਹਿੰਸਾ ਮਾਮਲੇ ਉਤੇ ਸੁਣਵਾਈ ਕਰ ਰਿਹਾ ਸੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 18 ਅਗਸਤ ਨੂੰ ਤੈਅ ਕੀਤੀ ਹੈ। -ਪੀਟੀਆਈ/ਏਐੱਨਆਈ
ਮੋਬਾਈਲ ਇੰਟਰਨੈੱਟ ’ਤੇ ਪਾਬੰਦੀ ਭਲਕ ਤੱਕ ਵਧੀ
ਹਰਿਆਣਾ ਸਰਕਾਰ ਨੇ ਨੂਹ ਵਿਚ ਮੋਬਾਈਲ ਇੰਟਰਨੈੱਟ ਤੇ ਐੱਸਐਮਐੱਸ ਸੇਵਾਵਾਂ ਉਤੇ ਪਾਬੰਦੀ ਐਤਵਾਰ ਤੱਕ ਵਧਾ ਦਿੱਤੀ ਹੈ। ਨੂਹ ਵਿਚ ਸਥਿਤੀ ਅਜੇ ਵੀ ‘ਗੰਭੀਰ ਤੇ ਤਣਾਅਪੂਰਨ’ ਹੈ। ਹਿੰਸਾ ਦੇ ਮਾਮਲਿਆਂ ਵਿਚ ਹੁਣ ਤੱਕ 393 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 118 ਨੂੰ ਇਹਤਿਆਤ ਵਜੋਂ ਹਿਰਾਸਤ ਵਿਚ ਲਿਆ ਗਿਆ ਹੈ। ਗ੍ਰਹਿ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ’ਚ 160 ਕੇਸ ਦਰਜ ਹੋਏ ਹਨ। -ਪੀਟੀਆਈ
‘ਭੜਕਾਊ’ ਪੋਸਟਾਂ ਦੇ ਮਾਮਲੇਵਿੱਚ ਟੀਵੀ ਚੈਨਲ ਦਾ ਸੰਪਾਦਕ ਗ੍ਰਿਫ਼ਤਾਰ
ਗੁਰੂਗ੍ਰਾਮ: ਨੂਹ ’ਚ ਹੋਈ ਫ਼ਿਰਕੂ ਹਿੰਸਾ ਨਾਲ ਸਬੰਧਤ ਕਥਿਤ ਭੜਕਾਊ ਪੋਸਟਾਂ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੇ ਦੋਸ਼ ਹੇਠ ਸੁਦਰਸ਼ਨ ਨਿਊਜ਼ ਦੇ ਸੰਪਾਦਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟੀਵੀ ਚੈਨਲ ਦੇ ਪ੍ਰਬੰਧਕੀ ਸੰਪਾਦਕ ਮੁਕੇਸ਼ ਕੁਮਾਰ ਨੂੰ ਗੁਰੂਗ੍ਰਾਮ ਸਾਈਬਰ ਸਟੇਸ਼ਨ ਦੀ ਪੁਲੀਸ ਨੇ ਹਿਰਾਸਤ ਵਿਚ ਲਿਆ। ਨੂਹ ਵਿਚ ਹੋਈ ਹਿੰਸਾ ’ਚ ਛੇ ਜਣੇ ਮਾਰੇ ਗਏ ਸਨ। -ਪੀਟੀਆਈ