ਨੂਹ ਹਿੰਸਾ: ਬਿੱਟੂ ਬਜਰੰਗੀ ਨੂੰ ਪੁਲੀਸ ਰਿਮਾਂਡ ’ਤੇ ਭੇਜਿਆ
ਪੱਤਰ ਪ੍ਰੇਰਕ
ਫਰੀਦਾਬਾਦ/ਗੁਰੂਗ੍ਰਾਮ, 16 ਅਗਸਤ
ਹਰਿਆਣਾ ਦੇ ਨੂਹ ਦੀ ਇਕ ਅਦਾਲਤ ਨੇ ਜ਼ਿਲ੍ਹੇ ’ਚ ਭੜਕੀ ਫਿਰਕੂ ਹਿੰਸਾ ਦੇ ਮਾਮਲੇ ’ਚ ਅੱਜ ਗਊ ਰੱਖਿਅਕ ਬਿੱਟੂ ਬਜਰੰਗੀ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਉਸ ਦੇ ਸਾਥੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲੀਸ ਅਨੁਸਾਰ ਏਐਸਪੀ ਊਸ਼ਾ ਕੁੰਡੂ ਦੀ ਸ਼ਿਕਾਇਤ ਦੇ ਆਧਾਰ ’ਤੇ ਬਜਰੰਗੀ ਉਰਫ ਰਾਜ ਕੁਮਾਰ ਖ਼ਿਲਾਫ਼ ਨੂਹ ਦੇ ਸਦਰ ਥਾਣੇ ਵਿੱਚ ਇੱਕ ਤਾਜ਼ਾ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਮੰਗਲਵਾਰ ਨੂੰ ਫਰੀਦਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਐੱਫਆਈਆਰ ਮੁਤਾਬਕ ਬਜਰੰਗੀ ਅਤੇ ਉਸ ਦੇ ਕੁਝ ਅਣਪਛਾਤੇ ਸਮਰਥਕਾਂ ਨੇ ਤਲਵਾਰ ਤੇ ਤ੍ਰਿਸ਼ੂਲ ਲੈ ਕੇ ਨਲਹਾਰ ਮੰਦਿਰ ਜਾਂਦੇ ਸਮੇਂ ਰੋਕੇ ਜਾਣ ’ਤੇ ਏਐੱਸਪੀ ਕੁੰਡੂ ਦੀ ਅਗਵਾਈ ਵਾਲੀ ਪੁਲੀਸ ਟੀਮ ਨਾਲ ਕਥਿਤ ਤੌਰ ’ਤੇ ਦੁਰਵਿਹਾਰ ਕੀਤਾ ਅਤੇ ਧਮਕੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਫਰੀਦਾਬਾਦ ਪੁਲੀਸ ਨੇ ਦੰਗਿਆਂ ਨਾਲ ਜੁੜੇ ਇੱਕ ਹੋਰ ਮਾਮਲੇ ਵਿੱਚ ਬਜਰੰਗੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਹਿੰਸਾ ਦੇ ਦੋ ਦਿਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਪਰ ਜਾਂਚ ਵਿਚ ਸ਼ਾਮਲ ਹੋਣ ਤੋਂ ਬਾਅਦ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਉਸ ’ਤੇ ਭੜਕਾਊ ਭਾਸ਼ਣ ਦੇਣ ਅਤੇ ਜਨਤਕ ਤੌਰ ’ਤੇ ਹਥਿਆਰ ਲਹਿਰਾਉਣ ਦਾ ਦੋਸ਼ ਹੈ। ਨੂਹ ਪੁਲੀਸ ਦੇ ਬੁਲਾਰੇ ਨੇ ਕਿਹਾ, “ਬਜਰੰਗੀ ਨੂੰ ਅੱਜ ਸ਼ਹਿਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਸੀਂ ਪੁੱਛ-ਪੜਤਾਲ ਲਈ ਉਸ ਨੂੰ ਇੱਕ ਦਿਨ ਦੀ ਹਿਰਾਸਤ ’ਚ ਲਿਆ ਹੈ। ਜਾਂਚ ਜਾਰੀ ਹੈ।’
ਬਜਰੰਗੀ ਦਾ ਬਜਰੰਗ ਦਲ ਨਾਲ ਕੋਈ ਸਬੰਧ ਨਹੀਂ: ਵਿਸ਼ਵ ਹਿੰਦੂ ਪਰਿਸ਼ਦ
ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਨੇ ਬਜਰੰਗੀ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਉਹ ਕਦੇ ਵੀ ਬਜਰੰਗ ਦਲ ਨਾਲ ਜੁੜਿਆ ਨਹੀਂ ਸੀ। ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਦਾ ਯੂਥ ਵਿੰਗ ਹੈ।