ਨੂਹ ਹਿੰਸਾ: ‘ਆਪ’ ਵੱਲੋਂ ਗੁਰਸੇਵ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ
ਪੱਤਰ ਪ੍ਰੇਰਕ
ਟੋਹਾਣਾ, 4 ਅਗਸਤ
ਆਮ ਆਦਮੀ ਪਾਰਟੀ ਨੇ ਨੂਹ ਹਿੰਸਾ ਵਿੱਚ ਮਾਰੇ ਗਏ ਪਿੰਡ ਫਤਹਿਪੁਰੀ ਦੇ ਹੋਮ ਗਾਰਡ ਦੇ ਜਵਾਨ ਗੁਰਸੇਵ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਮਾਲੀ ਮਦਦ ਅਤੇ ਗੁਰਸੇਵ ਸਿੰਘ ਨੂੰ ‘ਸ਼ਹੀਦ’ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ‘ਆਪ’ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ, ਸਾਬਕਾ ਵਿਧਾਇਕ ਕਾ. ਹਰਪਾਲ ਸਿੰਘ, ਸੂਬਾ ਯੂਥ ਪ੍ਰਧਾਨ ਮੁਨੀਸ਼ ਯਾਦਵ, ਸੁਨੀਲ ਸਿਹਾਗ ਬਲਾਕ ਪ੍ਰਧਾਨ, ਗੁਰਦੀਪ ਬਰਾੜ, ਸੁਖਵਿੰਦਰ ਸਿੰਘ ਸੂਬਾ ਸੰਯੁਕਤ ਸਕੱਤਰ ਆਦਿ ਗੁਰਸੇਵ ਸਿੰਘ ਦੇ ਪਰਿਵਾਰ ਨਾਲ ਅਫਸੋਸ ਕਰਨ ਲਈ ਫਤਹਿਪੁਰੀ ਪੁੱਜੇ।
ਗੁਰਸੇਵ ਸਿੰਘ ਦੇ ਬਜ਼ੁਰਗ ਪਿਤਾ ਸੈਂਸੀ ਸਿੰਘ, ਮਾਤਾ ਸੁਖਪਾਲ ਕੌਰ, ਵਿਧਵਾ ਗੁਰਿੰਦਰ ਕੌਰ ਨੇ ਦੋਸ਼ ਲਾਇਆ ਕਿ ਹਾਲੇ ਤੱਕ ਸ਼ਹੀਦ ਹੋਏ ਗੁਰਸੇਵ ਸਿੰਘ ਦੀ ਪੋਸਟਮਾਰਟ ਰਿਪੋਰਟ ਨਹੀਂ ਦਿੱਤੀ ਗਈ। ਸਰਕਾਰ ਵੱਲੋਂ ਸਹਾਇਤਾ ਰਾਸ਼ੀ ਨਾ ਐਲਾਨੇ ਜਾਣ ’ਤੇ ਅਨੁਰਾਗ ਢਾਂਡਾ ਨੇ ਮੰਗ ਕੀਤੀ ਗੁਰਸੇਵ ਸਿੰਘ ਨੂੰ ਸ਼ਹੀਦ ਦਾ ਦਰਜਾ ਤੇ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ। ਢਾਂਡਾ ਨੇ ਕਿਹਾ ਕਿ ਨੂਹ ਦੀ ਹਿੰਸਾ ਲਈ ਮੁੱਖ ਮੰਤਰੀ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੂਹ ਹਿੰਸਾ ’ਤੇ ਡੀਜੀਪੀ ਵੱਲੋਂ ‘ਸਿੱਟ’ ਬਣਾਉਣ ਦੇ ਦਾਅਵੇ ਨੂੰ ਮੁੱਖ ਮੰਤਰੀ ਨੇ ਮੁਲੋਂ ਰੱਦ ਕਰ ਦਿੱਤਾ ਹੈ। ਸੂਬੇ ਦੇ ਸ਼ਹਿਰਾਂ ਵਿੱਚ ਹਿੰਸਾ ਦੇ ਸਮਰਥਨ ਦਾ ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਨੂਹ ਹਿੰਸਾ ਸਰਕਾਰੀ ਸੁਰੱਖਿਆ ਛੱਤਰੀ ਪ੍ਰਾਪਤ ਸੰਗਠਨਾਂ ਵੱਲੋਂ ਕੀਤਾ ਕਾਰਨਾਮਾ ਹੈ। ਢਾਂਡਾ ਨੇ ਮੰਗ ਕੀਤੀ ਕਿ ਧਾਰਮਿਕ ਜਲੂਸ ਵਾਲੇ ਦਿਨ ਤੋਂ ਪਹਿਲਾਂ ਨੂਹ ਪੁਲੀਸ ਨੂੰ ਵੀਆਈਪੀ ਡਿਊਟੀ ’ਤੇ ਜ਼ਿਲ੍ਹੇ ਤੋਂ ਬਾਹਰ ਭੇਜਣ ਅਤੇ ਐੱਸਪੀ ਨੂੰ ਇੱਕ ਦਿਨ ਪਹਿਲਾਂ ਛੁੱਟੀ ’ਤੇ ਭੇਜਣ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ। ਢਾਂਡਾ ਨੇ ਕਿਹਾ ਕਿ ਹੋਮਗਾਰਡ ਦੇ ਜਵਾਨਾਂ ਨੂੰ ਜ਼ਿਲ੍ਹੇ ਤੋਂ ਬਾਹਰ ਭੇਜਣਾ ਤੇ ਹਿੰਸਾ ਦਾ ਸ਼ਿਕਾਰ ਪੀੜਤ ਪਰਿਵਾਰ ਦੀ ਸਾਰ ਨਾ ਲੈਣਾ ਸੂਬਾ ਸਰਕਾਰ ਆਪਣੇ ਫ਼ਰਜ਼ ਤੋਂ ਪਿੱਛੇ ਹੱਟ ਰਹੀ ਹੈ।
‘ਆਪ’ ਆਗੂ ਢਾਂਡਾ ਨੇ ਕਿਹਾ ਕਿ ਸ਼ਹੀਦ ਗੁਰਸੇਵ ਦੇ ਪਰਿਵਾਰ ਦੀ ਮਦਦ ਨਾ ਕਰਨ ’ਤੇ ਪਾਰਟੀ ਨੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਸੂਬਾ ਸਰਕਾਰ ਸੰਵਿਧਾਨਿਕ ਫ਼ਰਜ਼ਾਂ ਤੋਂ ਪਿੱਛੇ ਹਟ ਕੇ ਸੂਬੇ ਵਿੱਚ ਜਾਤੀ ਹਿੰਸਾ ਨੂੰ ਹਵਾ ਦੇ ਕੇ ਭਾਜਪਾ ਲਈ ਵੋਟਾਂ ਦੀ ਰਾਜਨੀਤੀ ਦਾ ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ।