For the best experience, open
https://m.punjabitribuneonline.com
on your mobile browser.
Advertisement

ਨੂਹ: ਸ਼ੋਭਾ ਯਾਤਰਾ ਅੱਜ; ਸੁਰੱਖਿਆ ਵਧਾਈ

06:48 AM Aug 28, 2023 IST
ਨੂਹ  ਸ਼ੋਭਾ ਯਾਤਰਾ ਅੱਜ  ਸੁਰੱਖਿਆ ਵਧਾਈ
ਗੁਰੂਗ੍ਰਾਮ-ਨੂਹ ਸਰਹੱਦ ’ਤੇ ਵਾਹਨਾਂ ਦੀ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਨੂਹ(ਹਰਿਆਣਾ), 27 ਅਗਸਤ
ਸਰਵ ਜਾਤੀਯ ਹਿੰਦੂ ਮਹਾਪੰਚਾਇਤ ਵੱਲੋਂ ਸੋਮਵਾਰ ਨੂੰ ਦਿੱਤੇ ‘ਸ਼ੋਭਾ ਯਾਤਰਾ’ ਦੇ ਸੱਦੇ ਦੇ ਮੱਦੇਨਜ਼ਰ ਹਰਿਆਣਾ ਦੇ ਨੂਹ ਤੇ ਹੋਰਨਾਂ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਪ੍ਰਸ਼ਾਸਨ ਹਾਲਾਂਕਿ ਸ਼ੋਭਾ ਯਾਤਰਾ ਕੱਢਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਚੁੱਕਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸੰਵੇਦਨਸ਼ੀਲ ਥਾਵਾਂ ’ਤੇ ਨੀਮ ਫੌਜੀ ਬਲਾਂ ਸਣੇ ਸੁਰੱਖਿਆ ਅਮਲੇ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਸਖ਼ਤ ਚੌਕਸੀ ਵਰਤਣ ਲਈ ਕਿਹਾ ਹੈ। ਅੰਤਰਰਾਜੀ ਤੇ ਅੰਤਰ-ਜ਼ਿਲ੍ਹਿਆਂ ਦੀਆਂ ਸਰਹੱਦਾਂ ’ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਧਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪੰਚਕੂਲਾ ਵਿਚ ਕਿਹਾ ਕਿ ਅਮਨ ਤੇ ਕਾਨੂੰਨ ਦੀ ਬਹਾਲੀ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੂਹ ਹਿੰਸਾ ਦੇ ਹਵਾਲੇ ਨਾਲ ਕਿਹਾ ਕਿ ‘ਸ਼ੋਭਾ ਯਾਤਰਾ’ ਕੱਢਣ ਲਈ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ, ‘‘ਲੋਕ ‘ਯਾਤਰਾ’ ਦੀ ਥਾਂ ‘ਜਲ ਅਭਿਸ਼ੇਕ’ ਲਈ ਆਪਣੇ ਇਲਾਕਿਆਂ ਵਿਚਲੇ ਮੰਦਿਰਾਂ ’ਚ ਜਾ ਸਕਦੇ ਹਨ।’’ ਭਲਕੇ ਸਾਉਣ ਦੇ ਪਵਿੱਤਰ ਮਹੀਨੇ ਦਾ ਆਖਰੀ ਸੋਮਵਾਰ ਹੈ। ਵਧੀਕ ਡੀਜੀਪੀ (ਅਮਨ ਤੇ ਕਾਨੂੰਨ) ਮਮਤਾ ਸਿੰਘ ਨੇ ਅੱਜ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲੀਸ ਤਰਜਮਾਨ ਮੁਤਾਬਕ ਨੂਹ ਵਿੱਚ ਹੀ ਹਰਿਆਣਾ ਪੁਲੀਸ ਦੇ 1900 ਜਵਾਨ ਤੇ ਨੀਮ ਫੌਜੀ ਬਲਾਂ ਦੀਆਂ 24 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਕਿਸੇ ਵੀ ਬਾਹਰਲੇ ਵਿਅਕਤੀ ਨੂੰ ਨੂਹ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਜ਼ਿਲ੍ਹੇ ’ਚ ਦਾਖਲ ਹੋਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਤੇ ਮਲਹਾਰ ਮੰਦਰ ਨੂੰ ਜਾਂਦਾ ਰਾਹ ਵੀ ਬੰਦ ਕਰ ਦਿੱਤਾ ਗਿਆ ਹੈ। ਤਰਜਮਾਨ ਨੇ ਕਿਹਾ ਕਿ ਕੇਐੱਮਪੀ ਐਕਸਪ੍ਰੈੱਸਵੇਅ ਤੇ ਦਿੱੱਲੀ-ਮੁੰਬਈ ਐਕਸਪ੍ਰੈੱਸਵੇਅ ਹਾਲਾਂਕਿ ਪਹਿਲਾਂ ਵੀ ਖੁੱਲ੍ਹੇ ਰਹਿਣਗੇ। ਇਸ ਦੌਰਾਨ ਨੂਹ ਜ਼ਿਲ੍ਹਾ ਪ੍ਰਸ਼ਾਸਨ ਨੇ ਇਹਤਿਆਤੀ ਉਪਰਾਲੇ ਵਜੋਂ ਭਲਕੇ ਸਾਰੀਆਂ ਸਿੱਖਿਆ ਸੰਸਥਾਵਾਂ ਤੇ ਬੈਂਕਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਇਸੇ ਤਰ੍ਹਾਂ ਫਿਰਕੂ ਤੌਰ ’ਤੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਤੇ ਐੱਸਐੱਮਐੱਸ ਸੇਵਾਵਾਂ ਦੇ ਨਾਲ ਪਾਬੰਦੀ ਦੇ ਹੋਰ ਹੁਕਮ ਲਾਗੂ ਰਹਿਣਗੇ। ਇਲਾਕੇ ਵਿਚ ਚਾਰ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠ ਨੂੰ ਰੋਕਣ ਲਈ ਧਾਰਾ 144 ਵੀ ਲਾਗੂ ਹੈ। ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੇ ਲੰਘੇ ਦਿਨ ਕਿਹਾ ਸੀ ਕਿ ਸਥਾਨਕ ਪ੍ਰਸ਼ਾਸਨ ਨੇ ਜੀ-20 ਸ਼ੇਰਪਾ ਸਮੂਹ ਦੀ ਨੂਹ ਵਿੱਚ 3 ਤੋਂ 7 ਸਤੰਬਰ ਲਈ ਤਜਵੀਜ਼ਤ ਮੀਟਿੰਗ ਅਤੇ 31 ਜੁਲਾਈ ਨੂੰ ਭੜਕੀ ਹਿੰਸਾ ਮਗਰੋਂ ਅਮਨ ਤੇ ਕਾਨੂੰਨ ਬਣਾਈ ਰੱਖਣ ਦੇ ਇਰਾਦੇ ਨਾਲ ਯਾਤਰਾ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ। ਸੂਬਾ ਸਰਕਾਰ 26 ਤੋਂ 28 ਅਗਸਤ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ। ਨੂਹ ਦੇ ਡਿਪਟੀ ਕਮਿਸ਼ਨਰ ਧੀਰੇਂਦਰ ਖਾਦਗਾਟਾ ਤੇ ਐੱਸਪੀ ਨਰੇਂਦਰ ਬਿਜਾਰਨੀਆ ਨੇ ਵੀ ਲੰਘੇ ਦਿਨ ਸ਼ਾਂਤੀ ਕਮੇਟੀਆਂ ਨਾਲ ਬੈਠਕ ਕੀਤੀ ਸੀ। ਪੁਲੀਸ ਮੁਖੀ ਸ਼ਤਰੂਜੀਤ ਕਪੂਰ ਪੰਜਾਬ, ਦਿੱਲੀ, ਯੂਪੀ, ਰਾਜਸਥਾਨ ਤੇ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕਰਕੇ ਕਿਸੇ ਵੀ ਹਾਲਾਤ ਨਾਲ ਸਿੱਝਣ ਲਈ ਸਹਿਯੋਗ ਬਾਰੇ ਚਰਚਾ ਕਰ ਚੁੱਕੇ ਹਨ। ਸਰਵ ਜਾਤੀਯ ਹਿੰਦੂ ਮਹਾਪੰਚਾਇਤ ਨੇ ਜੁਲਾਈ ਵਿੱਚ ਫਿਰਕੂ ਝੜਪਾਂ ਕਰਕੇ ਅਧੂਰੀ ਰਹੀ ਬ੍ਰਿਜ ਮੰਡਲ ਸ਼ੋਭਾ ਯਾਤਰਾ 28 ਅਗਸਤ ਨੂੰ ਨੂਹ ਵਿੱਚ ਪੂਰੀ ਕਰਨ ਦਾ ਸੱਦਾ ਦਿੱਤਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਪਿਛਲੇ ਦਿਨੀਂ ਸ਼ੋਭਾ ਯਾਤਰਾ ਕੱਢਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਅਜਿਹੇ ਧਾਰਮਿਕ ਸਮਾਗਮਾਂ ਲਈ ਕਿਸੇ ਇਜਾਜ਼ਤ ਦੀ ਲੋੜ ਨਹੀਂ ਹੈ।
ਇਸ ਦੌਰਾਨ ਨੂਹ ਹਿੰਸਾ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਫਿਰੋਜ਼ਪੁਰ ਝਿਰਕਾ ਦੇ ਵਿਧਾਇਕ ਮੱਮਨ ਖ਼ਾਨ ਨੂੰ ਨੋਟਿਸ ਭੇਜਿਆ ਗਿਆ ਹੈ। ਵਿਧਾਇਕ ਨੂੰ 30 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਹੈ। ਕੁਝ ਹਿੰਦੂ ਜਥੇਬੰਦੀਆਂ ਨੇ ਕਾਂਗਰਸੀ ਵਿਧਾਇਕ ’ਤੇ ਭੜਕਾਊ ਬਿਆਨਬਾਜ਼ੀ ਦਾ ਦੋਸ਼ ਲਾਇਆ ਸੀ। ਨੂਹ ਹਿੰਸਾ ਵਿਚ ਦੋ ਹੋਮ ਗਾਰਡਾਂ ਤੇ ਇਕ ਮੌਲਵੀ ਸਣੇ 6 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। -ਪੀਟੀਆਈ

Advertisement

ਹਰਿਆਣਾ ਸੁਰੱਖਿਅਤ, ਕਿਸੇ ਨੂੰ ਫ਼ਿਕਰ ਕਰਨ ਦੀ ਲੋੜ ਨਹੀਂ: ਖੱਟਰ

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਕਿ ਹਰਿਆਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਕਿਸੇ ਨੂੰ ਵੀ ਫ਼ਿਕਰ ਕਰਨ ਦੀ ਲੋੜ ਨਹੀਂ ਹੈ। ਖੱਟਰ ਨੇ ਇਹ ਟਿੱਪਣੀ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਮਾਨ ਦੇ ਉਸ ਦੇ ਦਾਅਵੇ ਦੇ ਸੰਦਰਭ ਵਿੱਚ ਕੀਤੀ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਭਾਜਪਾ ਸ਼ਾਸਿਤ ਰਾਜਾਂ- ਮਨੀਪੁਰ ਤੇ ਹਰਿਆਣਾ ਦੇ ਰਾਜਪਾਲ ਉਥੇ ਅਮਨ ਤੇ ਕਾਨੂੰਨ ਦੇ ਹਾਲਾਤ ਨੂੰ ਲੈ ਕੇ ‘ਚੁੱਪ’ ਹਨ। ਮੁੱਖ ਮੰਤਰੀ ਖੱਟਰ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਹਰਿਆਣਾ ਸੁਰੱਖਿਅਤ ਹੈ ਤੇ ਕਿਸੇ ਨੂੰ ਇਸ ਬਾਰੇ ਫਿਕਰ ਕਰਨ ਦੀ ਲੋੜ ਨਹੀਂ। ਜੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਗੱਲ ਹੋਈ ਹੈ ਤਾਂ ਇਹ ਪੰਜਾਬ ਲਈ ਸੀ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×