For the best experience, open
https://m.punjabitribuneonline.com
on your mobile browser.
Advertisement

ਨਾ ਵਾਰੰਟੀ, ਨਾ ਗਾਰੰਟੀ: ਖਿਡਾਰੀ ਹਰ ਵੀ ਜਾਂਦੇ ਨੇ..!

08:39 AM Apr 13, 2024 IST
ਨਾ ਵਾਰੰਟੀ  ਨਾ ਗਾਰੰਟੀ  ਖਿਡਾਰੀ ਹਰ ਵੀ ਜਾਂਦੇ ਨੇ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 12 ਅਪਰੈਲ
ਪੰਜਾਬ ਦੀ ਚੋਣ ਸਿਆਸਤ ਦੀ ਪਗਡੰਡੀ ਏਨੀ ਸਿੱਧੀ ਨਹੀਂ। ਚੋਣ ਦੰਗਲ ’ਚ ਕੁੱਦੇ ਸਿਆਸੀ ਖਿਡਾਰੀ ਕਦੇ ਜਿੱਤਦੇ ਵੀ ਰਹੇ ਹਨ ਅਤੇ ਕਦੇ ਚਿੱਤ ਵੀ ਹੋਏ ਹਨ। ਲੋਕ ਫ਼ਤਵਾ ਕਦੇ ਸਥਾਈ ਬੰਧਨ ਵਿਚ ਨਹੀਂ ਬੱਝਿਆ। ਜਿਹੜੇ ਆਪਣੇ ਆਪ ਨੂੰ ਚੋਣ ਪਿੜਾਂ ਦਾ ‘ਬੁਰਜ ਖ਼ਲੀਫ਼ਾ’ ਸਮਝਦੇ ਸਨ, ਉਨ੍ਹਾਂ ਨੂੰ ਲੋਕਾਂ ਨੇ ਇੱਕੋ ਝਟਕੇ ਧਰਤੀ ਹੀ ਨਹੀਂ ਦਿਖਾਈ ਬਲਕਿ ਦਿਨੇ ਤਾਰੇ ਵੀ ਦਿਖਾਏ ਹਨ। ਪੰਜਾਬ ਦੇ ਕਈ ਵੀਆਈਪੀ ਹਲਕੇ ਹਨ ਜਿੱਥੇ ਸਿਆਸੀ ਧੁਨੰਤਰਾਂ ਦੇ ਦੰਗਲ ਹੋਏ ਹਨ।
ਫ਼ਰੀਦਕੋਟ ਹਲਕਾ ਜਦੋਂ ਜਨਰਲ ਹੁੰਦਾ ਸੀ ਤਾਂ ਉਦੋਂ ਇੱਥੇ ਵੱਡਿਆਂ ਦੇ ਸਿਆਸੀ ਭੇੜ ਹੁੰਦੇ ਰਹੇ ਹਨ। 1977 ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਇੱਥੋਂ ਜਿੱਤੇ ਅਤੇ ਮਗਰੋਂ ਉਨ੍ਹਾਂ ਦਾ ਲੜਕਾ ਸੁਖਬੀਰ ਸਿੰਘ ਬਾਦਲ ਤਿੰਨ ਵਾਰ ਜਿੱਤਿਆ। ਸੁਖਬੀਰ ਬਾਦਲ ਨੇ 2004 ’ਚ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ ਨੂੰ ਹਰਾਇਆ ਅਤੇ 1996 ਵਿਚ ਹਰਚਰਨ ਬਰਾੜ ਦੀ ਪੁੱਤਰੀ ਕੰਵਲਜੀਤ ਕੌਰ ਉਰਫ਼ ਬਬਲੀ ਬਰਾੜ ਨੂੰ ਵੀ ਹਰਾਇਆ। ਸੁਖਬੀਰ ਨੇ 1998 ਵਿਚ ਜਗਮੀਤ ਬਰਾੜ ਨੂੰ ਵੀ ਚਿੱਤ ਕੀਤਾ। ਸਿਆਸੀ ਮਾਹੌਲ ਉਦੋਂ ਦਿਲਚਸਪ ਬਣਿਆ ਜਦੋਂ 1999 ਦੀ ਚੋਣ ਵਿਚ ਜਗਮੀਤ ਬਰਾੜ ਨੇ ਸੁਖਬੀਰ ਬਾਦਲ ਦੀ ਝੋਲੀ ਹਾਰ ਪਾ ਦਿੱਤੀ। 1989 ਵਿਚ ਫ਼ਰੀਦਕੋਟ ਤੋਂ ਹਰਚਰਨ ਬਰਾੜ ਖ਼ੁਦ ਵੀ ਹਾਰੇ ਹਨ। ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੂੰ ਖ਼ੁਦ, ਪੁੱਤਰੀ ਅਤੇ ਨੂੰਹ ਨੂੰ ਇਸ ਹਲਕੇ ਤੋਂ ਹਾਰ ਦੇਖਣੀ ਪਈ ਜਦੋਂ ਕਿ ਉਨ੍ਹਾਂ ਦੀ ਪਤਨੀ ਗੁਰਬਿੰਦਰ ਕੌਰ ਨੇ 1980 ਵਿਚ ਬਲਵੰਤ ਸਿੰਘ ਰਾਮੂਵਾਲੀਆ ਨੂੰ ਹਰਾਇਆ।
ਹੁਸ਼ਿਆਰਪੁਰ ਹਲਕੇ ਤੋਂ 1992 ਵਿਚ ਕਾਂਗਰਸ ਦੇ ਕਮਲ ਚੌਧਰੀ ਨੇ ਬਸਪਾ ਦੀ ਮੌਜੂਦਾ ਕੌਮੀ ਪ੍ਰਧਾਨ ਮਾਇਆਵਤੀ ਨੂੰ 25,005 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ ਜਦੋਂ ਕਿ 1996 ਵਿਚ ਬਾਬੂ ਕਾਂਸੀ ਰਾਮ ਨੇ ਕਮਲ ਚੌਧਰੀ ਨੂੰ ਹਰਾ ਕੇ ਹਿਸਾਬ ਬਰਾਬਰ ਕੀਤਾ। 1980 ਵਿਚ ਇੱਥੋਂ ਗਿਆਨੀ ਜ਼ੈਲ ਸਿੰਘ ਜਿੱਤੇ ਜੋ ਬਾਅਦ ਵਿਚ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚੇ। ਕਾਂਗਰਸ ਦੇ ਦਰਬਾਰਾ ਸਿੰਘ ਵੀ ਇੱਥੋਂ ਜਿੱਤੇ। ਜਲੰਧਰ ਦੇ ਲੋਕਾਂ ਨੇ 1989 ਅਤੇ ਫਿਰ 1998 ਵਿਚ ਆਈ.ਕੇ.ਗੁਜਰਾਲ ਨੂੰ ਚੋਣ ਜਿਤਾਇਆ ਜਦੋਂ ਕਿ ਇਨ੍ਹਾਂ ਲੋਕਾਂ ਨੇ ਹੀ ਉਨ੍ਹਾਂ ਦੇ ਪੁੱਤਰ ਨਰੇਸ਼ ਗੁਜਰਾਲ ਨੂੰ 2004 ਵਿਚ ਹਰਾਇਆ। ਜਲੰਧਰ ਹਲਕੇ ਤੋਂ ਹੀ ਮੇਜਰ ਜਨਰਲ ਰਾਜਿੰਦਰ ਸਿੰਘ ਸਪੈਰੋ ਦੋ ਵਾਰ 1980 ਅਤੇ 1985 ਵਿਚ ਚੋਣ ਜਿੱਤੇ ਅਤੇ ਸੰਤੋਖ ਚੌਧਰੀ ਵੀ ਦੋ ਵਾਰ ਇਸੇ ਹਲਕੇ ਤੋਂ ਜਿੱਤੇ ਹਨ। 2009 ਵਿਚ ਮਹਿੰਦਰ ਸਿੰਘ ਕੇ.ਪੀ ਨੇ ਗਾਇਕ ਹੰਸ ਰਾਜ ਨੂੰ ਹਰਾਇਆ ਸੀ। ਪਟਿਆਲਾ ਵੀਆਈਪੀ ਹਲਕਾ ਹੈ ਜਿੱਥੋਂ 1971 ਵਿਚ ਗੁਰਚਰਨ ਸਿੰਘ ਟੌਹੜਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਸੀ ਅਤੇ 1980 ਵਿਚ ਅਮਰਿੰਦਰ ਸਿੰਘ ਚੋਣ ਜਿੱਤ ਗਏ ਸਨ। 1998 ਵਿਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਅਮਰਿੰਦਰ ਸਿੰਘ ਨੂੰ ਹਰਾਇਆ। ਪ੍ਰਨੀਤ ਕੌਰ ਨੇ 2009 ਵਿਚ ਚੰਦੂਮਾਜਰਾ ਨੂੰ ਹਰਾ ਕੇ ਹਿਸਾਬ ਬਰਾਬਰ ਕੀਤਾ। ਪ੍ਰਨੀਤ ਕੌਰ ਚਾਰ ਵਾਰ ਇੱਥੋਂ ਜਿੱਤੇ ਹਨ। ਪਟਿਆਲਾ ਹਲਕੇ ਵਿਚੋਂ ਪਹਿਲੀ ਵਾਰ 1989 ਵਿਚ ਆਜ਼ਾਦ ਉਮੀਦਵਾਰ ਅਤਿੰਦਰਪਾਲ ਸਿੰਘ ਨੇ ਚੋਣ ਜਿੱਤੀ। ਸੰਗਰੂਰ ਹਲਕਾ ਹਮੇਸ਼ਾ ਚਰਚਾ ’ਚ ਰਿਹਾ ਹੈ। ਇਸ ਹਲਕੇ ’ਚ ਸਾਲ 2014 ਵਿਚ ਫਿਰ 2019 ਵਿਚ ਭਗਵੰਤ ਮਾਨ ਨੇ ਸਿਆਸਤ ਦੇ ਵੱਡੇ ਚਿਹਰੇ ਸੁਖਦੇਵ ਸਿੰਘ ਢੀਂਡਸਾ, ਸਿਮਰਨਜੀਤ ਸਿੰਘ ਮਾਨ, ਪਰਮਿੰਦਰ ਸਿੰਘ ਢੀਂਡਸਾ, ਵਿਜੈਇੰਦਰ ਸਿੰਗਲਾ ਤੇ ਕੇਵਲ ਢਿੱਲੋਂ ਨੂੰ ਹਰਾਇਆ। ਜ਼ਿਮਨੀ ਚੋਣ ਵਿਚ ਸਿਮਰਨਜੀਤ ਸਿੰਘ ਮਾਨ ਨੇ ਪੁਰਾਣੇ ਹਿਸਾਬ ਬਰਾਬਰ ਕਰ ਲਏ। ਸਾਲ 1996 ਅਤੇ 1998 ਵਿਚ ਸੁਰਜੀਤ ਸਿੰਘ ਬਰਨਾਲਾ ਜੋ ਮੁੱਖ ਮੰਤਰੀ ਵੀ ਰਹੇ, ਨੇ ਸਿਮਰਨਜੀਤ ਮਾਨ ਨੂੰ ਹਰਾਇਆ ਜਦੋਂ ਕਿ ਸਿਮਰਨਜੀਤ ਮਾਨ ਨੇ 1999 ਵਿਚ ਸੁਰਜੀਤ ਬਰਨਾਲਾ ਨੂੰ ਹਰਾ ਦਿੱਤਾ।
ਸੰਗਰੂਰ ਹਲਕੇ ਤੋਂ ਸੀਪੀਆਈ ਦੇ ਤੇਜਾ ਸਿੰਘ ਸੁਤੰਤਰ ਦੀ ਜਿੱਤ ਅੱਜ ਵੀ ਲੋਕ ਚੇਤਿਆਂ ਵਿਚ ਹੈ। ਇੱਥੋਂ 1985 ਵਿਚ ਬਲਵੰਤ ਸਿੰਘ ਰਾਮੂਵਾਲੀਆ ਅਤੇ 2004 ਵਿਚ ਸੁਖਦੇਵ ਸਿੰਘ ਢੀਂਡਸਾ ਵੀ ਚੋਣ ਜਿੱਤੇ ਹਨ। ਬਠਿੰਡਾ ਹਲਕਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ ਹੈ ਜਿੱਥੋਂ ਹਰਸਿਮਰਤ ਕੌਰ ਬਾਦਲ ਨੇ 2009, 2014 ਅਤੇ ਸਾਲ 2019 ਦੀ ਚੋਣ ਵਿਚ ਰਾਜਾ ਵੜਿੰਗ, ਮਨਪ੍ਰੀਤ ਬਾਦਲ ਅਤੇ ਰਣਇੰਦਰ ਸਿੰਘ ਨੂੰ ਹਰਾਇਆ।
ਕਾਮਰੇਡ ਭਾਨ ਸਿੰਘ ਭੌਰਾ ਇੱਥੋਂ ਦੋ ਵਾਰ ਚੋਣ ਜਿੱਤੇ ਹਨ। 1996 ਵਿਚ ਅਕਾਲੀ ਉਮੀਦਵਾਰ ਹਰਿੰਦਰ ਸਿੰਘ ਨਾਰਵੇ ਨੇ ਇਸ ਹਲਕੇ ਤੋਂ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਲੜਕੇ ਸਰਵਜੋਤ ਸਿੰਘ ਨੂੰ ਵੀ ਹਾਰ ਦਿੱਤੀ। ਗੁਰਦਾਸਪੁਰ ਹਲਕੇ ਤੋਂ ਵਿਨੋਦ ਖੰਨਾ ਚਾਰ ਵਾਰ ਜਿੱਤੇ ਅਤੇ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਪੰਜ ਵਾਰ ਚੋਣ ਜਿੱਤੇ। ਵਿਨੋਦ ਖੰਨਾ ਨੇ 2014 ਵਿਚ ਪ੍ਰਤਾਪ ਸਿੰਘ ਬਾਜਵਾ ਨੂੰ ਚਿੱਤ ਕੀਤਾ ਜਦੋਂ ਕਿ 2009 ਵਿਚ ਪ੍ਰਤਾਪ ਬਾਜਵਾ ਨੇ ਵਿਨੋਦ ਖੰਨਾ ਨੂੰ ਮਾਤ ਦਿੱਤੀ। ਅੰਮ੍ਰਿਤਸਰ ਹਲਕੇ ਤੋਂ 2014 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੂੰ ਹਰਾਇਆ ਅਤੇ 2019 ਵਿਚ ਗੁਰਜੀਤ ਔਜਲਾ ਨੇ ਭਾਜਪਾ ਆਗੂ ਹਰਦੀਪ ਪੁਰੀ ਨੂੰ ਹਰਾਇਆ। ਪੰਜ ਵਾਰ ਇੱਥੋਂ ਰਘੂਨੰਦਨ ਲਾਲ ਭਾਟੀਆ ਨੇ ਚੋਣ ਜਿੱਤੀ ਜਦੋਂ ਕਿ ਨਵਜੋਤ ਸਿੱਧੂ ਵੀ ਇੱਥੋਂ ਚੋਣ ਜਿੱਤੇ ਹਨ। ਰੋਪੜ/ਆਨੰਦਪੁਰ ਸਾਹਿਬ ਹਲਕੇ ਤੋਂ ਦੋ ਵਾਰ 1971 ਅਤੇ ਸਾਲ 1980 ਵਿਚ ਬੂਟਾ ਸਿੰਘ ਨੇ ਚੋਣ ਜਿੱਤੀ ਜੋ ਬਾਅਦ ਵਿਚ ਕੇਂਦਰੀ ਗ੍ਰਹਿ ਮੰਤਰੀ ਵੀ ਬਣੇ। 1989 ਵਿਚ ਬਿਮਲ ਕੌਰ ਖ਼ਾਲਸਾ ਨੇ ਚੋਣ ਜਿੱਤੀ। ਪ੍ਰੇਮ ਸਿੰਘ ਚੰਦੂਮਾਜਰਾ ਨੇ 2014 ਵਿਚ ਕਾਂਗਰਸ ਦੀ ਅੰਬਿਕਾ ਸੋਨੀ ਨੂੰ ਹਰਾਇਆ।
ਲੁਧਿਆਣਾ ਹਲਕੇ ਤੋਂ 1977 ਵਿਚ ਜਗਦੇਵ ਸਿੰਘ ਤਲਵੰਡੀ ਚੋਣ ਜਿੱਤੇ। ਦੋ ਵਾਰ ਰਵਨੀਤ ਬਿੱਟੂ ਚੋਣ ਜਿੱਤੇ ਹਨ। ਫ਼ਿਰੋਜ਼ਪੁਰ ਹਲਕੇ ਵਿਚ 2019 ਵਿਚ ਸੁਖਬੀਰ ਬਾਦਲ ਜਿੱਤੇ ਅਤੇ ਦੋ ਵਾਰ ਸ਼ੇਰ ਸਿੰਘ ਘੁਬਾਇਆ ਜਿੱਤੇ ਹਨ। 1989 ਵਿਚ ਆਜ਼ਾਦ ਉਮੀਦਵਾਰ ਧਿਆਨ ਸਿੰਘ ਮੰਡ ਨੇ ਨਾਮੀ ਹਸਤੀਆਂ ਚੌਧਰੀ ਦੇਵੀ ਲਾਲ ਅਤੇ ਜਗਮੀਤ ਸਿੰਘ ਬਰਾੜ ਨੂੰ ਹਰਾਇਆ। ਲੋਕਾਂ ਦਾ ਵੋਟ ਲਹਿਜ਼ਾ ਦੇਖੋ, ਉਸੇ ਧਿਆਨ ਸਿੰਘ ਮੰਡ ਨੂੰ 2014 ਵਿਚ ਸਿਰਫ਼ 3655 ਵੋਟਾਂ ਮਿਲੀਆਂ ਜਦੋਂ ਕਿ ਨੋਟਾ ਨੂੰ 7685 ਵੋਟਾਂ ਪਈਆਂ ਸਨ। ਜੇ ਇਸ ਹਲਕੇ ਤੋਂ 1980 ਵਿਚ ਇੱਥੋਂ ਬਲਰਾਮ ਜਾਖੜ ਜਿੱਤਿਆ ਤਾਂ 2014 ਵਿਚ ਉਨ੍ਹਾਂ ਦਾ ਲੜਕਾ ਸੁਨੀਲ ਜਾਖੜ ਚੋਣ ਹਾਰਿਆ ਵੀ। ਸਮੀਖਿਆ ਤੋਂ ਇਹੋ ਸਮਝ ਪੈਂਦੀ ਹੈ ਕਿ ਪੰਜਾਬ ਕਿਸੇ ਵੀ ਨੇਤਾ ਨੂੰ ਪੱਕੀ ਵਾਰੰਟੀ ਤੇ ਗਾਰੰਟੀ ਨਹੀਂ ਦਿੰਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×